ਜਲੰਧਰ/ਚੰਡੀਗੜ੍ਹ,(ਅਸ਼ਵਨੀ, ਧਵਨ)- ਪੰਜਾਬ ਸਰਕਾਰ ਨੇ ਅਨਲਾਕ 3 ਸਬੰਧੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ, ਜਿਨ੍ਹਾਂ ਵਿਚ ਕੇਂਦਰ ਸਰਕਾਰ ਦੀ ਤਰਜ 'ਤੇ ਕਈ ਕੰਮਾਂ ਵਿਚ ਛੋਟ ਦਿੱਤੀ ਗਈ ਹੈ। ਸੂਬੇ ਦੇ ਲੋਕਾਂ ਨੂੰ ਨਵੀਂ ਰਾਹਤ ਦਿੰਦਿਆਂ ਜਿਮ ਅਤੇ ਯੋਗਾ ਸੈਂਟਰਾਂ ਨੂੰ 5 ਅਗਸਤ ਦੇ ਬਾਅਦ ਤੋਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ, ਜਦਕਿ ਰਾਤ ਦਾ ਕਰਫਿਊ ਜਾਰੀ ਰਹੇਗਾ। ਇਸ ਦੇ ਨਾਲ ਹੀ ਸ਼ਾਪਿੰਗ ਮਾਲ ਅਤੇ ਉਨ੍ਹਾਂ ਵਿਚ ਸਥਿਤ ਰੈਸਟੋਰੈਂਟਸ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਸੂਬਾ ਸਰਕਾਰ ਵਲੋਂ ਜਾਰੀ ਨਵੀਂਆਂ ਹਿਦਾਇਤਾਂ ਮੁਤਾਬਕ ਜਿਮ ਅਤੇ ਯੋਗਾ ਸੈਂਟਰਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਪਰ ਇਨ੍ਹਾਂ ਸਥਾਨਾਂ 'ਤੇ ਮਾਸਕ ਅਤੇ ਹੋਰ ਐੱਸ.ਓ.ਪੀ. ਦਾ ਇਸਤੇਮਾਲ ਕਰਨਾ ਹੋਵੇਗਾ। ਇਸੇ ਤਰ੍ਹਾਂ ਸੂਬੇ ਵਿਚ ਧਾਰਮਿਕ ਸਥਾਨਾਂ ਵਿਚ ਵੀ ਇਕ ਸਮੇਂ 20 ਲੋਕਾਂ ਦੀ ਹਾਜ਼ਰੀ ਨੂੰ ਆਗਿਆ ਦਿੱਤੀ ਗਈ ਹੈ। ਸ਼ਾਪਿੰਗ ਮਾਲਸ 50 ਫੀਸਦੀ ਸਮਰੱਥਾ ਨਾਲ ਰਾਤ 8 ਵਜੇ ਤੱਕ ਖੁੱਲ੍ਹਣਗੇ। ਰੈਸਟੋਰੈਂਟਸ ਰਾਤ 10 ਵਜੇ ਤਕ ਖੁੱਲ੍ਹਣਗੇ ਪਰ ਇੱਥੇ ਵੀ ਇਹ ਧਿਆਨ ਰੱਖਣਾ ਹੋਵੇਗਾ ਕਿ 50 ਫੀਸਦੀ ਸਮਰੱਥਾ ਹੀ ਇਸਤੇਮਾਲ ਹੋਵੇਗੀ ਅਤੇ ਲਾਈਸੈਂਸ ਹੋਲਡਰ ਰੈਸਟੋਰੈਂਟਸ ਵਿਚ ਸ਼ਰਾਬ ਪਰੋਸੀ ਜਾ ਸਕੇਗੀ। ਇਸ ਦੇ ਨਾਲ ਹੀ ਪਬਲਿਕ ਪਾਰਕ ਅਤੇ ਸਟੇਡੀਅਮ ਸਵੇਰੇ 5 ਤੋਂ ਸ਼ਾਮ 8 ਵਜੇ ਤਕ ਖੁੱਲ੍ਹਣਗੇ। ਸਟੇਡੀਅਮ ਵਿਚ ਸਿਰਫ ਖਿਡਾਰੀ ਹੀ ਆਪਣਾ ਅਭਿਆਸ ਕਰ ਸਕਣਗੇ, ਜਦਕਿ ਦਰਸ਼ਕਾਂ ਦੇ ਆਉਣ 'ਤੇ ਰੋਕ ਰਹੇਗੀ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਵਿਚ ਇਕ ਜ਼ਿਲੇ ਤੋਂ ਦੂਜੇ ਜ਼ਿਲੇ ਵਿਚ ਜਾਣ ਲਈ ਕਿਸੇ ਪਾਸ ਦੀ ਲੋੜ ਨਹੀਂ ਹੈ ਪਰ ਦੂਜੇ ਸੂਬੇ ਤੋਂ ਆਉਣ ਵਾਲਿਆਂ ਨੂੰ ਕੋਵਾ ਐਪ ਰਾਹੀਂ ਖੁਦ ਹੀ ਈ-ਪਾਸ ਜਨਰੇਟ ਕਰਨਾ ਹੋਵੇਗਾ। ਸੂਬੇ ਵਿਚ ਕਿਤੇ ਵੀ ਆਉਣ-ਜਾਣ ਲਈ ਨਿਜੀ ਵਾਹਨਾਂ ਨੂੰ ਸਵਾਰੀਆਂ ਦੀ ਪੂਰੀ ਸਮਰੱਥਾ ਦੇ ਨਾਲ ਜਾਣ ਦੀ ਆਗਿਆ ਹੈ। ਪ੍ਰਾਈਵੇਟ ਅਤੇ ਸਰਕਾਰੀ ਹਰ ਤਰ੍ਹਾਂ ਦੇ ਦਫ਼ਤਰ ਖੁੱਲ੍ਹਣਗੇ, ਸ਼ਰਾਬ ਬਾਰ ਬੰਦ ਰਹਿਣਗੇ।
ਇਸ ਐਤਵਾਰ ਖੁੱਲ੍ਹਣਗੇ ਸ਼ਾਪਿੰਗ ਮਾਲਸ ਅਤੇ ਬਾਜ਼ਾਰ
ਐਤਵਾਰ ਦੀਆਂ ਪਾਬੰਦੀਆਂ ਜਾਰੀ ਰਹਿਣਗੀਆਂ ਪਰ ਰੱਖੜੀ ਦੇ ਮੱਦੇਨਜ਼ਰ ਇਸ ਐਤਵਾਰ 2 ਅਗਸਤ ਨੂੰ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਸ਼ਾਪਿੰਗ ਮਾਲਸ ਅਤੇ ਹੋਰ ਬਾਜ਼ਾਰ ਖੁੱਲੇ ਰਹਿਣਗੇ। ਬਾਕੀ ਦਿਨ ਐਤਵਾਰ ਨੂੰ ਸ਼ਾਪਿੰਗ ਮਾਲ ਬੰਦ ਰਹਿਣਗੇ ਅਤੇ ਗੈਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ।
ਇਨ੍ਹਾਂ ਗਤੀਵਿਧੀਆਂ 'ਤੇ ਰਹੇਗੀ ਪੂਰਨ ਪਾਬੰਦੀ :
-31 ਅਗਸਤ ਤਕ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ, ਹਾਲਾਂਕਿ ਆਨਲਾਈਨ ਤੇ ਡਿਸਟੈਂਸ ਲਰਨਿੰਗ ਜਾਰੀ ਰਹੇਗੀ
-ਇਸੇ ਕੜੀ ਵਿਚ ਸਿਨੇਮਾ ਹਾਲ, ਸਵੀਮਿੰਗ ਪੂਲਸ, ਇੰਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ ਅਤੇ ਇਸੇ ਤਰ੍ਹਾਂ ਦੀਆਂ ਹੋਰ ਥਾਵਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸੂਬੇ ਵਿਚ ਵੱਡੀਆਂ ਰੈਲੀਆਂ, ਕਿਸੇ ਵੀ ਤਰ੍ਹਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਜਾਂ ਖੇਡਾਂ ਨਾਲ ਜੁੜੇ ਅਜਿਹੇ ਆਯੋਜਨਾਂ 'ਤੇ ਰੋਕ ਰਹੇਗੀ, ਜਿਨ੍ਹਾਂ ਵਿਚ ਭੀੜ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਸਪਾ ਅਤੇ ਬਿਊਟੀ ਪਾਰਲਰ ਖੁੱਲ੍ਹਣਗੇ ਸਵੇਰੇ 7 ਤੋਂ ਸ਼ਾਮ 8 ਵਜੇ ਤਕ :
ਨਵੀਆਂ ਹਿਦਾਇਤਾਂ ਮੁਤਾਬਿਕ ਬਾਰਬਰ ਸ਼ਾਪਸ, ਬਿਊਟੀ ਪਾਰਲਰ, ਸਪਾ ਸੈਂਟਰ ਆਦਿ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ।
ਜ਼ਹਿਰੀਲੀ ਤੇ ਨਕਲੀ ਸ਼ਰਾਬ ਮਾਮਲੇ 'ਚ ਪੰਜਾਬ ਪੁਲਸ ਵਲੋਂ 7 ਹੋਰ ਲੋਕ ਗ੍ਰਿਫਤਾਰ
NEXT STORY