ਚੰਡੀਗੜ੍ਹ (ਰਮਨਜੀਤ) : ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਦੀ ਮੰਗ ਕਰਦਿਆਂ ਕੋਟਕਪੂਰਾ ਦੇ ਮੁੱਖ ਚੌਂਕ ’ਤੇ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ’ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐਸ. ਟੀ. ਐਫ.) ਨੂੰ ਮਾਮਲਾ ਸੁਲਝਾਉਣ ਲਈ ਕੋਈ ਵੀ ਵਿਧਾਇਕ ਸਹਾਇਤਾ ਦੇਣ ਲਈ ਤਿਆਰ ਨਹੀਂ ਹੈ। ਐੱਸ. ਆਈ. ਟੀ. ਨੇ ਇਸ ਸਬੰਧ ਵਿਚ ਪੰਜਾਬ ਵਿਧਾਨ ਸਭਾ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਮੰਗੀ ਸੀ। ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਏ. ਡੀ. ਜੀ. ਪੀ. ਲਕਸ਼ਮੀਕਾਂਤ ਯਾਦਵ, ਆਈ. ਜੀ. ਰਾਕੇਸ਼ ਅਗਰਵਾਲ ਅਤੇ ਡੀ. ਆਈ. ਜੀ. ਸੁਰਜੀਤ ਸਿੰਘ ’ਤੇ ਆਧਾਰਿਤ ਨਵੀਂ ਐੱਸ. ਆਈ. ਟੀ. ਕੋਟਕਪੂਰਾ ਗੋਲੀਕਾਂਡ ਨਾਲ ਸਬੰਧਿਤ 2 ਐੱਫ਼. ਆਈ. ਆਰਜ਼ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਬਿਜਲੀ ਦਾ ਆਨਲਾਈਨ ਬਿੱਲ ਭਰਨ ਵਾਲੇ ਜ਼ਰਾ ਬਚ ਕੇ!, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਅਜਿਹਾ
14 ਅਕਤੂਬਰ, 2015 ਨੂੰ ਕੋਟਕਪੂਰਾ ਫਾਇਰਿੰਗ ਸਬੰਧੀ ਪੁਲਸ ਥਾਣਾ ਸਿਟੀ ਕੋਟਕਪੂਰਾ ਵਿਚ ਦਰਜ ਐੱਫ਼. ਆਈ. ਆਰ. ਨੰਬਰ 192 ਅਤੇ ਇਸ ਪੁਲਸ ਥਾਣੇ ਵਿਚ 7 ਅਗਸਤ, 2018 ਨੂੰ ਦਰਜ ਹੋਈ ਐੱਫ਼. ਆਈ. ਆਰ. ਨੰਬਰ 129 ਸਬੰਧੀ ਕੀਤੀ ਜਾ ਰਹੀ ਉਕਤ ਜਾਂਚ ਵਿਚ ਐੱਸ. ਆਈ. ਟੀ. ਵਲੋਂ ਨਾ ਸਿਰਫ਼ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਕਈ ਆਗੂਆਂ ਸਗੋਂ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ, ਸਪੈਸ਼ਲ ਡੀ. ਜੀ. ਪੀ. ਆਈ. ਪੀ. ਐੱਸ. ਸਹੋਤਾ ਅਤੇ ਡੀ. ਜੀ. ਪੀ. ਰੋਹਿਤ ਚੌਧਰੀ ਨੂੰ ਵੀ ਜਾਂਚ ਵਿਚ ਸ਼ਾਮਲ ਕੀਤਾ ਜਾ ਚੁੱਕਿਆ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਘਮਾਸਾਨ ਮਚਿਆ ਹੋਇਆ ਹੈ ਅਤੇ ਸੱਤਾਧਾਰੀ ਕਾਂਗਰਸ ਦੇ ਨੇਤਾ ਲਗਾਤਾਰ ਮੁੱਖ ਮੰਤਰੀ ’ਤੇ ਦਬਾਅ ਬਣਾ ਰਹੇ ਹਨ ਕਿ ਇਸ ਮਾਮਲੇ ਵਿਚ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦਾ ਵਾਅਦਾ ਕਰਕੇ ਕਾਂਗਰਸ ਸੱਤਾ ਵਿਚ ਆਈ ਸੀ ਅਤੇ ਹੁਣ ਤਕ ਜਾਂਚ ਜਾਰੀ ਰਹਿਣ ਅਤੇ ਮੁਲਜ਼ਮਾਂ ਦਾ ਖ਼ੁਲਾਸਾ ਨਾ ਹੋਣ ਕਾਰਨ ਕਾਂਗਰਸੀ ਨੇਤਾਵਾਂ ਲਈ ਲੋਕਾਂ ਦਾ ਸਾਹਮਣਾ ਕਰਨਾ ਮੁਸ਼ਕਿਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਧਾਰਕਾਂ ਲਈ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਸਮਾਜਿਕ ਸੁਰੱਖਿਆ ਤਹਿਤ ਵਧਾਈ ਪੈਨਸ਼ਨ ਦੀ ਸ਼ੁਰੂਆਤ
ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਇਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਲਗਾਤਾਰ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾਵਰ ਰਹੇ, ਉਥੇ ਹੀ ਕਈ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਵੀ ਕੈਪਟਨ ਖਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵੱਲੋਂ ਇਸ ਪੂਰੇ ਘਟਨਾਕ੍ਰਮ ਨੂੰ ਧਿਆਨ ਵਿਚ ਰੱਖਦਿਆਂ ਪੰਜਾਬ ਦੇ ਸਾਰੇ ਵਿਧਾਇਕਾਂ ਤੋਂ ਇਸ ਮਾਮਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹਾਸਲ ਕਰਨ ਨੂੰ ਅਹਿਮ ਮੰਨਦਿਆਂ ਤਕਰੀਬਨ ਡੇਢ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਪੱਤਰ ਭੇਜਿਆ ਗਿਆ ਸੀ। ਪੱਤਰ ਵਿਚ ਸਪੀਕਰ ਨੂੰ ਬੇਨਤੀ ਕੀਤੀ ਗਈ ਸੀ ਕਿ ਐੱਸ. ਆਈ. ਟੀ. ਵਲੋਂ ਕੀਤੀ ਜਾ ਰਹੀ ਜਾਂਚ ਬਾਰੇ ਸਾਰੇ ਵਿਧਾਇਕਾਂ ਵਲੋਂ ਸੂਚਨਾ ਸਾਂਝੀ ਕੀਤੀ ਜਾਵੇ ਅਤੇ ਇਹ ਬੇਨਤੀ ਕੀਤੀ ਜਾਵੇ ਕਿ ਜੇਕਰ ਕਿਸੇ ਵੀ ਵਿਧਾਇਕ ਨੂੰ ਇਸ ਸਬੰਧੀ ਕੋਈ ਸੂਚਨਾ, ਸੱਚਾਈ ਜਾਂ ਕੋਈ ਸਬੂਤ ਬਾਰੇ ਜਾਣਕਾਰੀ ਹੈ ਤਾਂ ਉਸ ਨੂੰ ਐੱਸ. ਆਈ. ਟੀ. ਦੇ ਨਾਲ ਸਾਂਝਾ ਕੀਤਾ ਜਾਵੇ। ਜਾਣਕਾਰੀ ਮੁਤਾਬਕ ਐੱਸ. ਆਈ. ਟੀ. ਦੇ ਉਕਤ ਪੱਤਰ ਨੂੰ ਪੰਜਾਬ ਵਿਧਾਨ ਸਭਾ ਸਕੱਤਰੇਤ ਵਲੋਂ ਸਪੀਕਰ ਦੀ ਮਨਜ਼ੂਰੀ ਤੋਂ ਬਾਅਦ ਸਾਰੇ ਵਿਧਾਇਕਾਂ ਨੂੰ ਭੇਜ ਦਿੱਤਾ ਗਿਆ ਸੀ ਪਰ ਤਕਰੀਬਨ ਇਕ ਮਹੀਨਾ ਬੀਤਣ ਦੇ ਬਾਵਜੂਦ ਵੀ ਵਿਧਾਇਕਾਂ ਵਲੋਂ ਐੱਸ. ਆਈ. ਟੀ. ਨਾਲ ਸੰਪਰਕ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਕਾਂਗਰਸੀਆਂ ਦੀ ਸ਼ਹਿ ’ਤੇ ਰੋਸ ਵਿਖਾਵੇ ਕਰਨ ਵਾਲੇ ਸਾਡੇ ਕਾਫ਼ਲੇ ਨੂੰ ਨਹੀਂ ਰੋਕ ਸਕਦੇ : ਸੁਖਬੀਰ ਬਾਦਲ
ਮੈਂ ਦਿੱਤਾ ਹੈ ਜਵਾਬ : ਸੰਧਵਾਂ
ਕੋਟਕਪੂਰਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਪੱਤਰ ਦਾ ਜਵਾਬ ਦਿੱਤਾ ਹੈ। ਸੰਧਵਾਂ ਨੇ ਕਿਹਾ ਕਿ ਉਨ੍ਹਾਂ ਦੇ ਆਪਣੇ ਵਿਧਾਨ ਸਭਾ ਹਲਕੇ ਦਾ ਮਾਮਲਾ ਹੋਣ ਦੇ ਨਾਤੇ ਉਨ੍ਹਾਂ ਕੋਲ ਉਕਤ ਘਟਨਾਕ੍ਰਮ ਨਾਲ ਸਬੰਧਿਤ ਕਾਫ਼ੀ ਜਾਣਕਾਰੀ ਮੌਜੂਦ ਹੈ, ਜਿਸ ਨੂੰ ਉਹ ਐੱਸ. ਆਈ. ਟੀ. ਨਾਲ ਸਾਂਝਾ ਕਰਨਗੇ। ਉਨ੍ਹਾਂ ਕਿਹਾ ਕਿ ਅਜੇ ਐੱਸ. ਆਈ. ਟੀ. ਵਲੋਂ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ ਹੈ ਕਿਉਂਕਿ ਐੱਸ.ਆਈ.ਟੀ. ਦੇ ਪੱਤਰ ਦਾ ਜਵਾਬ ਉਨ੍ਹਾਂ ਨੇ ਹਾਲ ਹੀ ਵਿਚ ਦਿੱਤਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਿਕਟ ਮਿਲਣ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰੋਜੀ ਬਰਕੰਦੀ
NEXT STORY