ਸੁਲਤਾਨਪੁਰ ਲੋਧੀ (ਧੀਰ)-ਜ਼ਿਲ੍ਹਾ ਕਪੂਰਥਲਾ ’ਚ ਆਏ ਹੜ੍ਹਾਂ ਕਾਰਨ ਪਾਣੀ ਹੁਣ ਤੇਜ਼ੀ ਨਾਲ ਵਾਪਸ ਆਪਣੇ ਦਰਿਆਈ ਰਸਤੇ ਵੱਲ ਆ ਰਿਹਾ ਹੈ। ਡੋਬੇ ’ਚ ਆਏ ਘਰਾਂ ਅਤੇ ਖੇਤਾਂ ’ਚੋਂ ਪਾਣੀ ਜਿਵੇਂ-ਜਿਵੇਂ ਨਿਕਲ ਰਿਹਾ ਹੈ, ਆਪਣੇ ਪਿੱਛੇ ਬਰਬਾਦੀ ਵਾਲੇ ਅਨੇਕਾਂ ਨਿਸ਼ਾਨ ਛੱਡਦਾ ਰਿਜਾ ਹਾ ਹੈ। ਹਾਲਾਤ ਇਹ ਹਨ ਕਿ ਕਈ ਮਨੁੱਖੀ ਲਾਸ਼ਾਂ ਅਤੇ ਮਰੇ ਹੋਏ ਪਸ਼ੂ ਵੀ ਵਹਿ ਕੇ ਆ ਰਹੇ ਹਨ, ਜੋ ਗੰਧਲੇ ਹੋ ਚੁੱਕੇ ਪਾਣੀ ’ਚ ਲਗਾਤਾਰ ਬਦਬੂ ਫੈਲਾ ਰਹੇ ਹਨ, ਜਿਸ ਕਾਰਨ ਇਥੇ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਰਿਹਾ ਹੈ ਅਤੇ ਅਜਿਹੇ ਬਦਬੂ ਭਰੇ ਮਾਹੌਲ ਵਿਚ ਕਈ ਬੀਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਰਿਹਾ ਹੈ। ਹਰੀਕੇ ਤੋਂ ਕਾਫ਼ੀ ਪਾਣੀ ਵੱਡੀ ਮਾਤਰਾ ਵਿਚ ਰਿਲੀਜ਼ ਕਰਨ ਨਾਲ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀਓ ਰਹੋ ਸਾਵਧਾਨ! ਖ਼ਤਰਾ ਅਜੇ ਟਲਿਆ ਨਹੀਂ, ਡੈਮ ਤੋਂ ਛੱਡਿਆ ਜਾ ਰਿਹਾ ਲਗਾਤਾਰ ਪਾਣੀ

'ਜਗ ਬਾਣੀ' ਵੱਲੋਂ ਲਗਾਤਾਰ ਇਕ ਮਹੀਨੇ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਗਰਾਊਂਡ ਲੈਵਲ ’ਤੇ ਕਵ੍ਰੇਜ਼ ਕੀਤੀ ਜਾ ਰਹੀ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉੱਠਾਇਆ ਜਾ ਰਿਹਾ ਹੈ। ਇਥੋਂ ਤਕ ਕਿ ਹੜ੍ਹ ਆਉਣ ਤੋਂ ਪਹਿਲਾਂ ਪਹਾੜੀ ਖੇਤਰਾਂ ’ਚ ਪੈ ਰਹੇ ਭਾਰੀ ਮੀਂਹ ਨੂੰ ਵੇਖਦੇ ਹੋਏ ਪਹਿਲਾਂ ਹੀ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਸੀ ਕਿ ਬੰਨ੍ਹ ਕਰਨ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣ। ਮੰਡ ਖੇਤਰ ’ਚ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਕਈ ਥਾਵਾਂ ’ਤੇ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਤਹਿਸ-ਨਹਿਸ ਹੋ ਚੁੱਕੀਆਂ ਹਨ। ਡੋਬੇ ਕਾਰਨ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਬਹੁਤੇ ਲੋਕਾਂ ਦੇ ਘਰ ਨੁਕਸਾਨੇ ਗਏ ਹਨ, ਜਿਸ ਦੀ ਭਰਪਾਈ ਹੋਣਾ ਮੁਸ਼ਕਿਲ ਲੱਗ ਰਿਹਾ ਹੈ। ਬੇਸ਼ੱਕ ਕਈ ਦਾਨੀ ਸੱਜਣਾਂ ਤੇ ਸੰਸਥਾਵਾਂ ਨੇ ਔਖੀ ਘੜੀ ਇਨ੍ਹਾਂ ਲੋਕਾਂ ਦੀ ਬਾਂਹ ਫੜ੍ਹੀ ਹੈ ਪਰ ਖਰਾਬੇ ਦੇ ਭਾਰੀ ਨੁਕਸਾਨ ਕਾਰਨ ਮੁੜ ਵਸੇਬਾ ਕਰਨ ’ਚ ਅਜੇ ਕਾਫੀ ਸਮਾਂ ਲੱਗ ਸਕਦਾ ਹੈ। ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੁਣ ਫਿਰ ਸਮਾਂ ਰਹਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜਿਵੇਂ-ਜਿਵੇਂ ਪਾਣੀ ਘੱਟ ਰਿਹਾ ਹੈ, ਨੂੰ ਵੇਖਦੇ ਹੋਏ ਫੈਲਣ ਵਾਲੀਆਂ ਬੀਮਾਰੀਆਂ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਨੌਜਵਾਨ ਨੇ ਚਮਕਾਇਆ ਪੰਜਾਬ ਦਾ ਨਾਂ, ਭਾਰਤੀ ਫ਼ੌਜ 'ਚ ਬਣਿਆ ਲੈਫਟੀਨੈਂਟ
ਅੰਮ੍ਰਿਤਸਰ ਤੇ ਹੋਰ ਕਈ ਜ਼ਿਲਿਆਂ ਵਿਚ ਫੈਲੀ ਬਦਬੂ ਕਾਰਨ ਭਿਆਨਕ ਬੀਮਾਰੀਆਂ ਨੂੰ ਵੇਖਦਿਆਂ ਸਿਹਤ ਵਿਭਾਗ ਚੁੱਪ-ਚਾਪ ਬੈਠਾ ਤਮਾਸ਼ਾ ਵੇਖ ਰਿਹਾ ਹੈ, ਜੋ ਲੱਗਦਾ ਕਿਸੇ ਭਿਆਨਕ ਬੀਮਾਰੀ ਫੈਲਣ ਦਾ ਇੰਤਜ਼ਾਰ ਕਰ ਰਿਹਾ। ਇਸ ਸਬੰਧੀ ਜਦੋਂ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਰਜੀਵ ਪ੍ਰਾਸ਼ਰ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਅੰਮਿਤ ਪੰਚਾਲ ਨਾਲ ਸੰਪਰਕ ਕਰ ਕੇ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਅਧਿਕਾਰੀਆਂ ਵੱਲੋਂ ਫੋਨ ਰਿਸੀਵ ਕਰਨਾ ਜ਼ਰੂਰੀ ਨਹੀਂ ਸਮਝਿਆ। ਹੁਣ ਇੱਥੇ ਵੱਡਾ ਸਵਾਲ ਇਹ ਹੈ ਕਿ ਜੇਕਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਕੋਈ ਘਟਨਾ ਜਾਂ ਕੋਈ ਕਿਸੇ ਬੀਮਾਰੀ ਦੀ ਲਪੇਟ ’ਚ ਆਉਂਦਾ ਹੈ ਤਾਂ ਲੋਕ ਕਿਸ ਨੂੰ ਫੋਨ ਕਰਨ ਜਾਂ ਫਿਰ ਦੱਸਣ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਸਿਹਤ ਵਿਭਾਗ ਦੇ ਜੂਨੀਅਰ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਪਹਿਲੇ ਦਿਨ ਤੋਂ ਹੀ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਪਰ ਸੀਨੀਅਰ ਅਧਿਕਾਰੀ ਆਪਣੇ ਕਮਰਿਆਂ ’ਚ ਬੈਠੇ ਹੋਏ ਹਨ, ਜੋ ਏ. ਸੀ. ਵਾਲੇ ਕਮਰਿਆਂ ’ਚ ਬੈਠ ਕੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਲੱਗੀਆਂ ਇਹ ਪਾਬੰਦੀਆਂ
ਫਸਲਾਂ ਦੇ ਨੁਕਸਾਨ ਦੀ ਭਰਪਾਈ 20 ਹਜ਼ਾਰ ਮੁਆਵਜ਼ੇ ਨਾਲ ਨਹੀਂ ਹੋਣੀ : ਅਮਰ ਸਿੰਘ ਮੰਡ
ਕਿਸਾਨ ਅਮਰ ਸਿੰਘ ਮੰਡ ਤੇ ਡਾਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਝੋਨੇ ਦੀਆਂ ਫਸਲਾਂ ਪੂਰੀ ਤਰ੍ਹਾਂ ਗਲ ਸੜ ਗਈਆਂ ਹਨ, ਜੋ ਫਸਲਾਂ ਹੁਣ ਉਨ੍ਹਾਂ ਨੇ ਵੱਢਣੀਆਂ ਸਨ। ਗਲਣ ਕਾਰਨ ਉਨ੍ਹਾਂ ਨੂੰ ਜ਼ਮੀਨਾਂ ’ਚ ਹੁਣ ਵਾਹੁਣਾ ਪੈਣਾ ਹੈ, ਜਿਨ੍ਹਾਂ ਦੀ ਭਰਪਾਈ ਸਰਕਾਰ ਵੱਲੋਂ ਸਿਰਫ 20 ਹਜ਼ਾਰ ਮੁਆਵਜ਼ੇ ਵਜੋਂ ਦੇਣ ਨਾਲ ਨਹੀਂ ਹੋਣੀ। ਉਨ੍ਹਾਂ ਦੱਸਿਆ ਕਿਸਾਨ ਫਸਲ ਦਾ ਵਾਢੀ ਤੋਂ ਪਹਿਲਾਂ ਕਈ ਉਮੀਦਾਂ ਲਾ ਕੇ ਬੈਠਦਾ ਹੈ, ਉਹ ਉਮੀਦਾਂ ਤਾਂ ਟੁੱਟ ਗਈਆਂ ਤੇ ਦੂਜੇ ਪਾਸੇ ਘਰ ਨੁਕਸਾਨੇ ਗਏ। ਕਈਆਂ ਘਰਾਂ ਦੀਆਂ ਛੱਤਾਂ ਡਿੱਗ ਗਈਆਂ, ਕਈਆਂ ਵਿਚ ਤਰੇੜਾਂ ਪੈ ਗਈਆਂ ਤੇ ਕਈ ਘਰ ਤਾਂ ਹੜ੍ਹ ਦੇ ਪਾਣੀ ਵਿਚ ਰੁੜ੍ਹ ਵੀ ਗਏ।
ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰਨਾ ਵੱਡੀ ਮੁਸੀਬਤ ਬਣਿਆ
ਕਿਸਾਨ ਆਗੂ ਜਤਿੰਦਰ ਸਿੰਘ ਮਹੀਵਾਲ ਨੇ ਦੱਸਿਆ ਕਿ ਖੇਤਾਂ ’ਚ ਰੇਤ ਮਿੱਟੀ ਦੇ ਟਿੱਬੇ ਬਣ ਚੁੱਕੇ ਹਨ, ਜਿਸ ਕਰ ਕੇ ਅਗਲੇ 4-5 ਮਹੀਨਿਆਂ ਤੱਕ ਕੋਈ ਫਸਲ ਹੋਣ ਦੀ ਉਮੀਦ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰਨਾ ਵੱਡੀ ਮੁਸੀਬਤ ਬਣਿਆ ਹੋਇਆ ਹੈ ਜਿਸ ਕਾਰਨ ਹਾਲਾਤ ਬਦ ਤੋਂ ਬਦਤਰ ਬਣ ਰਹੇ ਹਨ। ਇਸ ਮੌਕੇ ਜਤਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਨਰਿੰਦਰ ਸਿੰਘ, ਹਰਦੀਪ ਸਿੰਘ ਆਦਿ ਹਾਜ਼ਰ ਸਨ ।
ਇਹ ਵੀ ਪੜ੍ਹੋ: ਪੰਜਾਬ 'ਚ ਹੋਏ ਗ੍ਰਨੇਡ ਧਮਾਕੇ ਦੇ ਮਾਮਲੇ 'ਚ ਨਵਾਂ ਮੋੜ! ਇਨ੍ਹਾਂ ਗੈਂਗਸਟਰਾਂ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੀ. ਬੀ. ਦੇ ਮਰੀਜ਼ਾਂ ਨੂੰ ਮਿਲੀ ਰਾਹਤ, ਹੁਣ ਮੁਫ਼ਤ ਮਿਲੇਗੀ ਇਹ ਮਦਦ
NEXT STORY