ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਟੀਮ ਨੇ ਅੱਜ ਕਮਿਸ਼ਨਰ ਡਾ. ਬਸੰਤ ਗਰਗ ਅਤੇ ਐੱਸ. ਟੀ. ਪੀ. ਪਰਮਪਾਲ ਸਿੰਘ ਦੇ ਨਿਰਦੇਸ਼ਾਂ 'ਤੇ ਸ਼ਹਿਰ ਦੇ ਪੁਰਾਣੇ ਅਤੇ ਪ੍ਰਸਿੱਧ ਹੋਟਲਾਂ ਵਿਚੋਂ ਇਕ ਹੋਟਲ ਸਕਾਈਲਾਰਕ 'ਤੇ ਕਾਰਵਾਈ ਕੀਤੀ। ਜਿਸ ਦੇ ਤਹਿਤ ਨਿਗਮ ਦੀਆਂ ਡਿੱਚ ਮਸ਼ੀਨਾਂ ਨੇ ਹੋਟਲ ਸਕਾਈਲਾਰਕ ਵਲੋਂ ਸਰਕਾਰੀ ਸੜਕ ਅਤੇ ਪਾਰਕ 'ਤੇ ਕੀਤੇ ਗਏ ਕਬਜ਼ੇ ਨੂੰ ਤੋੜ ਦਿੱਤਾ।
ਇਹ ਕਾਰਵਾਈ ਏ. ਟੀ. ਪੀ. ਲਖਬੀਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਜਿਸ ਦੌਰਾਨ ਨਿਗਮ ਪੁਲਸ ਦੇ ਇਲਾਵਾ ਕਮਿਸ਼ਨਰੇਟ ਪੁਲਸ ਵੀ ਨਿਗਮ ਟੀਮ ਦੇ ਨਾਲ ਸੀ ਪਰ ਮੌਕੇ 'ਤੇ ਕੋਈ ਵਿਰੋਧ ਨਹੀਂ ਹੋਇਆ। ਹੋਟਲ ਕੰਪਲੈਕਸ ਪਹੁੰਚਦੇ ਹੀ ਨਿਗਮ ਟੀਮ ਨੇ ਕਬਜ਼ਿਆਂ 'ਤੇ ਨਿਸ਼ਾਨ ਲਗਾਉਂਦੇ ਹੋਏ ਹੋਟਲ ਸਕਾਈਲਾਰਕ ਦੇ ਪਿੱਛੇ ਪੈਂਦੀ 20 ਫੁੱਟ ਸੜਕ ਨੂੰ ਖਾਲੀ ਕਰਵਾਉਣ ਲਈ ਦੋਵਾਂ ਸਾਈਡਾਂ 'ਤੇ ਲੱਗੇ ਗੇਟਾਂ ਨੂੰ ਤੋੜ ਦਿੱਤਾ। ਜਿਵੇਂ ਹੀ ਡਿੱਚ ਮਸ਼ੀਨਾਂ ਬਾਕੀ ਦੇ ਕਬਜ਼ਿਆਂ ਨੂੰ ਹਟਾਉਣ ਲੱਗੀਆਂ, ਹੋਟਲ ਪ੍ਰਬੰਧਨ ਨੇ ਨਿਗਮ ਟੀਮ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਜਾਵੇ ਉਹ ਆਪਣੇ ਕਬਜ਼ੇ ਖੁਦ ਹੀ ਲੈਣਗੇ। ਐੱਸ. ਟੀ. ਪੀ. ਪਰਮਪਾਲ ਤੇ ਹੋਰਨਾਂ ਨੇ ਲਿਖਤ ਵਿਚ ਲੈਣ ਤੋਂ ਬਾਅਦ ਹੋਟਲ ਪ੍ਰਬੰਧਨ ਨੂੰ ਖੁਦ ਕਬਜ਼ੇ ਹਟਾਉਣ ਲਈ ਤਿੰਨ ਦਿਨ ਦਾ ਸਮਾਂ ਦੇ ਦਿੱਤਾ।
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ਸਕਾਈਲਾਰਕ ਦੇ ਠੀਕ ਪਿੱਛੇ 20 ਫੁੱਟ ਦੀ ਸਰਕਾਰੀ ਗਲੀ ਹੈ, ਜੋ ਇਕ ਸਾਈਡ ਤੋਂ ਪਟੇਲ ਹਸਪਤਾਲ ਦੇ ਸਾਹਮਣੇ ਵਾਲੀ ਰੋਡ ਅਤੇ ਦੂਸਰੀ ਸਾਈਡ 'ਤੇ ਇਨਕਮ ਟੈਕਸ ਆਫਿਸ ਦੇ ਸਾਹਮਣੇ ਖੁੱਲ੍ਹਦੀ ਹੈ। ਇਸ ਤੋਂ ਇਲਾਵਾ ਹੋਟਲ ਸਕਾਈਲਾਰਕ ਨੇ ਸਵ. ਗੋਪਾਲ ਸਿੰਘ ਕੌਮੀ ਦੇ ਬੁੱਤ ਦੇ ਨੇੜੇ ਜੋ ਪਾਰਕਿੰਗ ਬਣਾਈ ਹੋਈ ਹੈ ਉਹ ਦਰਅਸਲ ਨਿਗਮ ਦਾ ਪਾਰਕ ਹੈ ਜਿਸ ਨੂੰ ਵੀ ਖਾਲੀ ਕਰਵਾਇਆ ਜਾਵੇਗਾ।
ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਹੋਟਲ ਸਕਾਈਲਾਰਕ ਨੂੰ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਪਰ ਹੋਟਲ ਮੈਨੇਜਮੈਂਟ ਨੇ ਅਦਾਲਤ ਦੀ ਸ਼ਰਨ ਲੈ ਲਈ। ਲੋਕਲ ਕੋਰਟ ਅਤੇ ਸੈਸ਼ਨ ਕੋਰਟ ਵਿਚ ਕੇਸ ਹਾਰਨ ਤੋਂ ਬਾਅਦ ਹੋਟਲ ਵਾਲੇ ਰਵੀਜ਼ਨ ਪਟੀਸ਼ਨ ਲਈ ਹਾਈਕੋਰਟ ਚਲੇ ਗਏ ਜਿੱਥੇ ਵੀ ਕੇਸ ਨੂੰ ਖਾਰਿਜ ਕਰ ਦਿੱਤਾ ਗਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ 29 ਮਈ ਨੂੰ ਆਏ ਅਦਾਲਤੀ ਫੈਸਲੇ ਦੇ ਬਾਅਦ ਕਾਰਵਾਈ ਲਈ ਸਥਾਨਕ ਪ੍ਰਸ਼ਾਸਨ ਤੋਂ ਪੁਲਸ ਦੀ ਮਦਦ ਮੰਗੀ ਗਈ ਸੀ ਜਿਸ ਦੇ ਆਧਾਰ 'ਤੇ ਅੱਜ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਤਿੰਨ ਦਿਨ ਦੇ ਅੰਦਰ ਹੋਟਲ ਮੈਨੇਜਮੈਂਟ ਨੇ ਕਬਜ਼ੇ ਖਾਲੀ ਨਹੀਂ ਕੀਤੇ ਤਾਂ ਦੁਬਾਰਾ ਕਾਰਵਾਈ ਕੀਤੀ ਜਾਵੇਗੀ।
ਜੀ. ਐੱਨ. ਡੀ. ਐੱਚ. ਮੁਫਤ ’ਚ ਵੰਡ ਰਿਹੈ ਭਿਆਨਕ ਬੀਮਾਰੀਆਂ
NEXT STORY