ਸਾਦਿਕ (ਪਰਮਜੀਤ) - ਸਾਦਿਕ ਵਿਖੇ ਸਮੂਹ ਬਿਜਲੀ ਕਰਮਚਾਰੀਆਂ ਵੱਲੋਂ ਬਠਿੰਡਾ ਥਰਮਲ ਬੰਦ ਕਰਨ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਚੱਲ ਰਹੇ ਸਰਕਾਰੀ ਥਰਮਲ ਪਲਾਂਟ ਬਠਿੰਡਾ ਦੇ ਚਾਰ ਯੂਨਿਟਾਂ ਅਤੇ ਰੋਪੜ ਥਰਮਲ ਪਲਾਂਟ ਦੇ ਦੋ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਦੇ ਫੈਸਲੇ ਦਾ ਮੁਲਾਜ਼ਮ ਅਤੇ ਲੋਕ ਵਿਰੋਧੀ ਫੈਸਲੇ ਦੇ ਖਿਲਾਫ ਲੋਕਾਂ ਨੂੰ ਆ ਰਹੇ ਨਵੇਂ ਸਾਲ ਦਾ ਤੋਹਫਾ ਦਿੱਤਾ । ਇਸ ਲੋਕ ਵਿਰੋਧੀ ਫੈਸਲੇ ਖਿਲਾਫ ਜੁਆਇੰਟ ਫੋਰਮ ਪੰਜਾਬ ਵੱਲੋਂ ਸਾਰੇ ਪੰਜਾਬ ਅੰਦਰ ਸਬ ਡਵੀਜ਼ਨ ਪੱਧਰ ਦੀਆਂ ਰੋਸ ਰੈਲੀਆਂ ਕਰਨ ਦੇ ਐਲਾਨ ਤਹਿਤ ਸਬ ਡਵੀਜ਼ਨ ਸਾਦਿਕ ਵਿਖੇ ਸਮੂਹ ਬਿਜਲੀ ਕਾਮਿਆਂ ਵੱਲੋਂ ਗੇਟ ਰੈਲੀ ਕਰਕੇ ਮਾਰੂ ਫੈਸਲੇ ਖਿਲਾਫ ਨਾਅਰੇਬਾਜ਼ੀ ਕੀਤੀ । ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਪ੍ਰਧਾਨ, ਗੁਰਬਿੰਦਰ ਸਿੰਘ ਸਕੱਤਰ, ਬਲਵਿੰਦਰ ਰਾਮ ਸ਼ਰਮਾ ਤੋਂ ਇਲਾਵਾ ਜੋਨ ਪ੍ਰਧਾਨ ਪ੍ਰੀਤਮ ਸਿੰਘ ਪਿੰਡੀ ਨੇ ਪੰਜਾਬ ਸਰਕਾਰ ਵੱਲੋਂ ਆਪਣੇ ਚਹੇਤਿਆਂ ਦੇ ਲਗਾਏ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਖਰੀਦਣ ਦੇ ਕੀਤੇ ਫੈਸਲੇ ਤਹਿਤ ਸਰਕਾਰੀ ਥਰਮਲਾਂ ਨੂੰ ਮੁਕੰਮਲ ਤੌਰ 'ਤੇ ਬੰਦ ਕਰਨ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੇ ਪਿਛਲੇ ਸਮੇਂ ਨਵੀਨਕਰਨ ਤੇ 725 ਕਰੋੜ ਰੁਪਏ ਲਗਾ ਕੇ ਇਸ ਦੀ ਚੱਲਣ ਦੀ ਮਿਆਦ 2029 ਤੱਕ ਕੀਤੀ ਗਈ ਸੀ, ਜਿਸ ਨਾਲ ਇਨਾਂ ਥਰਮਲਾਂ ਵਿਚ ਕੰਮ ਕਰਦੇ ਕੱਚੇ ਤੇ ਪੱਕੇ ਮੁਲਾਜ਼ਮਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ ਜੋ ਬਹੁਤ ਮੰਦਭਾਗਾ ਹੈ। ਜਿਸ ਕਾਰਨ ਸਮੁੱਚੇ ਕਾਮਿਆਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਥਰਮਲਾਂ ਨੂੰ ਬੰਦ ਕਰਨ ਦਾ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਨਸ਼ੀਲੀਆਂ ਗੋਲੀਆਂ ਤੇ ਸਮੈਕ ਸਣੇ 2 ਗ੍ਰਿਫ਼ਤਾਰ
NEXT STORY