ਜਲੰਧਰ (ਖੁਰਾਣਾ)— ਸ਼ਹਿਰ ਵਿਚ ਸਮਾਰਟ ਸਿਟੀ ਪ੍ਰਾਜੈਕਟ ਨੇ ਰਫਤਾਰ ਫੜ ਲਈ ਹੈ ਅਤੇ ਹੁਣ ਇਸ ਪ੍ਰਾਜੈਕਟ ਲਈ ਸ਼ਹਿਰ ਵਿਚ ਸਰਵੇ ਵੀ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਚਾਰੇ ਵਿਧਾਇਕਾਂ ਨੇ ਸਮਾਰਟ ਸਿਟੀ ਕੰਪਨੀ ਦੇ ਸੀ. ਈ. ਓ. ਗਿਰੀਸ਼ ਦਿਆਲਣ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕਰਕੇ ਬੀਤੇ ਦਿਨ ਸਮਾਰਟ ਸਿਟੀ ਪ੍ਰਾਜੈਕਟ ਦੀ ਰੂਪਰੇਖਾ ਫਾਈਨਲ ਕੀਤੀ ਸੀ। ਫਿਲਹਾਲ ਸਮਾਰਟ ਸਿਟੀ ਲਈ ਜੋ ਸਰਵੇਖਣ ਸ਼ੁਰੂ ਹੋਇਆ ਹੈ, ਉਸ ਵਿਚ ਪਬਲਿਕ ਟਰਾਂਸਪੋਰਟ ਸਿਸਟਮ ਅਤੇ ਕਮਾਂਡ ਐਂਡ ਕੰਟਰੋਲ ਸੈਂਟਰ ਨੂੰ ਪਹਿਲ ਦਿੱਤੀ ਗਈ ਹੈ।
ਬੱਸਾਂ ਦੇ ਰੂਟਾਂ ਦਾ ਪਤਾ ਲਗਾਇਆ ਜਾਵੇਗਾ
ਸਮਾਰਟ ਸਿਟੀ ਪ੍ਰਾਜੈਕਟ 'ਚ ਜਿੱਥੇ ਪਬਲਿਕ ਟਰਾਂਸਪੋਰਟ ਸਿਸਟਮ 'ਚ ਸਿਟੀ ਬੱਸਾਂ ਚਲਾਏ ਜਾਣ ਦੀ ਯੋਜਨਾ ਹੈ, ਉਥੇ ਇਸ ਕੰਮ 'ਚ ਨਿੱਜੀ ਕੰਪਨੀਆਂ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ। ਫਿਲਹਾਲ ਇਸ ਕੰਮ ਲਈ ਸੰਭਾਵਿਤ ਬੱਸ ਰੂਟਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਜਿਸ ਲਈ ਵੱਖ-ਵੱਖ ਟੀਮਾਂ ਨੇ ਸ਼ਹਿਰ ਵਿਚ ਵੱਖ-ਵੱਖ ਸੜਕਾਂ 'ਤੇ ਟਰੈਫਿਕ ਦੀ ਸਥਿਤੀ, ਗੱਡੀਆਂ ਦੀ ਗਿਣਤੀ, ਆਟੋਜ਼ ਦੀ ਗਿਣਤੀ ਅਤੇ ਸਵਾਰੀਆਂ ਆਦਿ ਦੇ ਅੰਕੜੇ ਜੁਟਾਉਣੇ ਸ਼ੁਰੂ ਕਰ ਦਿੱਤੇ ਹਨ।
ਪਤਾ ਲੱਗਾ ਹੈ ਕਿ ਸਿਟੀ ਬੱਸ ਸਰਵਿਸ ਲਈ ਸਾਲਾਂ ਪਹਿਲਾਂ ਨਿਗਮ ਨੇ ਜੋ ਰੂਟ ਫਾਈਨਲ ਕੀਤੇ ਸਨ, ਉਨ੍ਹਾਂ ਰੂਟਾਂ ਨੂੰ ਵੀ ਸਰਵੇ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਈ ਹੋਰ ਰੂਟਾਂ 'ਤੇ ਵੀ ਪਬਲਿਕ ਟਰਾਂਸਪੋਰਟ ਸਹੂਲਤ ਮੁਹੱਈਆ ਕਰਵਾਈ ਜਾ ਸਕਦੀ ਹੈ।
ਆਧੁਨਿਕ ਹੋਵੇਗਾ ਕਮਾਂਡ ਸੈਂਟਰ
ਸਮਾਰਟ ਸਿਟੀ ਦੇ ਤਹਿਤ ਬਣਨ ਵਾਲੇ ਕੰਟਰੋਲ ਐਂਡ ਕਮਾਂਡ ਸੈਂਟਰ ਦਾ ਨਿਰੀਖਣ ਕਰਨ ਅਧਿਕਾਰੀਆਂ ਅਤੇ ਵਿਧਾਇਕਾਂ ਦੀ ਇਕ ਟੀਮ ਬੀਤੇ ਦਿਨ ਗੁਜਰਾਤ ਵਿਖੇ ਗਈ ਸੀ ਪਰ ਜਲੰਧਰ ਲਈ ਤਜਵੀਜ਼ ਕਮਾਂਡ ਸੈਂਟਰ ਉਸ ਨਾਲੋਂ ਵੀ ਆਧੁਨਿਕ ਤਕਨੀਕ ਵਾਲਾ ਬਣਾਇਆ ਜਾਵੇਗਾ। ਜਿਸ ਵਿਚ ਬੇਹੱਦ ਹਾਈ ਪਾਵਰ ਵਾਲੇ ਕੈਮਰੇ ਲੱਗੇ ਹੋਣਗੇ। ਇਸ ਕਮਾਂਡ ਸੈਂਟਰ ਨਾਲ ਨਿਗਮ, ਫਾਇਰ ਬ੍ਰਿਗੇਡ ਅਤੇ ਪੁਲਸ ਵੱਲੋਂ ਮੁਹੱਈਆ ਵੱਖ-ਵੱਖ ਸੂਚਨਾਵਾਂ ਨੂੰ ਕਮਾਂਡ ਤੇ ਮਾਨੀਟਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟਰੈਫਿਕ ਤੇ ਹੋਰ ਪ੍ਰਬੰਧਾਂ 'ਤੇ ਵੀ ਪੂਰੀ ਨਜ਼ਰ ਰਹੇਗੀ।
ਬਰਲਟਨ ਪਾਰਕ ਵਿਚ ਬਣ ਸਕਦਾ ਹੈ ਕਨਵਰਟੇਬਲ ਸਟੇਡੀਅਮ
ਗੁਜਰਾਤ ਅਤੇ ਅਹਿਮਦਾਬਾਦ ਸ਼ਹਿਰ ਦੀ ਤਰਜ਼ 'ਤੇ ਬਰਲਟਨ ਪਾਰਕ ਵਿਚ ਵੀ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਕਨਵਰਟੇਬਲ ਸਟੇਡੀਅਮ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਵਿਧਾਇਕਾਂ ਤੇ ਅਧਿਕਾਰੀਆਂ ਦੀ ਟੀਮ ਨੇ ਅਹਿਮਦਾਬਾਦ ਜਾ ਕੇ ਸਟੇਡੀਅਮ ਵੇਖਿਆ ਸੀ। ਉਸ ਸਟੇਡੀਅਮ ਨੂੰ ਬਣਾਉਣ ਵਾਲੀ ਕੰਪਨੀ ਦੇ ਨੁਮਾਇੰਦਿਆਂ 'ਤੇ ਆਧਾਰਿਤ ਇਕ ਟੀਮ ਸੋਮਵਾਰ ਜਲੰਧਰ ਪੁੱਜੀ ਅਤੇ ਸੰਭਾਵਨਾ ਹੈ ਕਿ ਇਹ ਟੀਮ ਅਗਲੇ 2-3 ਦਿਨਾਂ ਵਿਚ ਬਰਲਟਨ ਪਾਰਕ ਇਲਾਕੇ ਦਾ ਦੌਰਾ ਕਰਕੇ ਜਾਣਕਾਰੀ ਇਕੱਠੀ ਕਰਕੇ ਸਟੇਡੀਅਮ ਬਣਾਉਣ ਦੀਆਂ ਸੰਭਾਵਨਾਵਾਂ ਦੀ ਭਾਲ ਕਰੇਗੀ। ਇਸ ਦੇ ਲਈ ਪੋਟਰਨ ਹੱਬ ਤਿਆਰ ਕੀਤਾ ਜਾਵੇਗਾ। ਜਿਸ ਦੇ ਲਈ ਸਮਾਰਟ ਸਿਟੀ ਪ੍ਰਾਜੈਕਟ ਵਿਚੋਂ 550 ਕਰੋੜ ਰੁਪਏ ਦੀ ਵਿਵਸਥਾ ਰੱਖੀ ਗਈ ਹੈ।
ਗੁਰਦੁਆਰੇ ਦੇ ਪਹਿਲੀ ਵਾਰ ਦਰਸ਼ਨ ਕਰ ਕੇ ਲੱਗਾ ਦੁਨੀਆ ਦਾ ਵੱਡਾ ਅਜੂਬਾ ਦੇਖਿਆ
NEXT STORY