ਅੰਮ੍ਰਿਤਸਰ (ਨੀਰਜ)-ਬੀ. ਐੱਸ. ਐੱਫ., ਪੰਜਾਬ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਮਦਦ ਨਾਲ ਇਸ ਸਾਲ 5 ਅਕਤੂਬਰ ਤੱਕ 155 ਡਰੋਨ ਜ਼ਬਤ ਕੀਤੇ ਜਾ ਚੁੱਕੇ ਹਨ ਜਦਕਿ ਪਿਛਲੇ ਸਾਲ ਅਕਤੂਬਰ 2023 ਦੌਰਾਨ 107 ਡਰੋਨ ਜ਼ਬਤ ਕੀਤੇ ਗਏ ਸਨ। ਹੁਣ ਇੱਥੇ ਇਕ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਹੈਰੋਇਨ ਦੀ ਸਮੱਗਲਿੰਗ ਵਧੀ ਜਾਂ ਘਟੀ ਹੈ। ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੀ ਗੱਲ ਕਰੀਏ ਤਾਂ ਸਿਟੀ ਪੁਲਸ ਅਤੇ ਦਿਹਾਤੀ ਪੁਲਸ ਵੱਲੋਂ ਕਮਰਸ਼ੀਅਲ ਮਾਤਰਾ ’ਚ ਹੈਰੋਇਨ ਬਰਾਮਦ ਕੀਤੀ ਜਾ ਰਹੀ ਹੈ ਅਤੇ ਹਰ ਰੋਜ਼ ਸਮੱਗਲਰ ਵੀ ਫੜੇ ਜਾ ਰਹੇ ਹਨ, ਚਾਹੇ ਉਹ ਸਮੱਗਲਰ ਪੇਂਡੂ ਖੇਤਰ ਦੇ ਹੋਣ ਜਾਂ ਸ਼ਹਿਰੀ ਖੇਤਰ ਦੇ ਸਰਗਰਮ ਸਮੱਗਲਰ ਹੋਣ। ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਬੈਠੇ ਸਮੱਗਲਰਾਂ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਟਰੇਸ ਕੀਤਾ ਜਾ ਰਿਹਾ ਹੈ, ਜਿਸ ਵਿਚ ਕਾਊਂਟਰ ਇੰਟੈਲੀਜੈਂਸ, ਐੱਸ. ਐੱਸ. ਓ. ਸੀ., ਏ. ਜੀ. ਟੀ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਅਹਿਮ ਸਹਿਯੋਗ ਦਿੱਤਾ ਹੈ।
ਪੂਰੇ ਜ਼ਿਲ੍ਹੇ ਦੀ ਤਰ੍ਹਾਂ ਇਸ ਸਮੇਂ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਕੰਡਿਆਲੀ ਤਾਰ ’ਤੇ ਝੋਨੇ ਦੀ ਫ਼ਸਲ ਖੜ੍ਹੀ ਅਤੇ ਪੱਕ ਰਹੀ ਹੈ ਅਤੇ ਇਸ ਦੀ ਕਟਾਈ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਪਰ ਇਹ ਖੜ੍ਹੀ ਫ਼ਸਲ ਹਰ ਸਾਲ ਬੀ. ਐੱਸ. ਐੱਫ. ਲਈ ਵੱਡੀ ਚੁਣੌਤੀ ਬਣ ਜਾਂਦੀ ਹੈ ਕਿਉਂਕਿ ਖੜ੍ਹੀ ਫ਼ਸਲ ਦੀ ਆੜ ਵਿਚ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਓਂ ਸਮੱਗਲਰ ਆਪਣੀਆਂ ਗਤੀਵਿਧੀਆਂ ਨੂੰ ਵਧਾ ਦਿੰਦੇ ਹਨ ਅਤੇ ਡਰੋਨਾਂ ਦੇ ਨਾਲ-ਨਾਲ ਪਾਈਪਾਂ ਅਤੇ ਹੋਰ ਉਪਕਰਣਾਂ ਵਰਗੇ ਰਵਾਇਤੀ ਤਰੀਕਿਆਂ ਰਾਹੀਂ ਹੈਰੋਇਨ ਅਤੇ ਹਥਿਆਰਾਂ ਦੀ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕਰਦੇ ਹਨ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 'ਆਪ' ਆਗੂ ਦਾ ਗੋਲੀਆਂ ਮਾਰ ਕੇ ਕਤਲ
ਇਸ ਮਾਮਲੇ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤੀ ਕਿਸਾਨਾਂ ਵਾਂਗ ਪਾਕਿਸਤਾਨੀ ਖੇਤਰ ਦੇ ਕਿਸਾਨ ਵੀ ਝੋਨੇ ਦੀ ਫ਼ਸਲ ਉਗਾਉਂਦੇ ਹਨ ਅਤੇ ਪਰਾਲੀ ਨੂੰ ਅੱਗ ਲਗਾਉਣ ਦਾ ਕੰਮ ਵੀ ਦੋਵੇਂ ਪਾਸੇ ਨਾਲੋ-ਨਾਲ ਚੱਲਦਾ ਹੈ, ਹਾਲਾਂਕਿ ਇਸ ਵਾਰ ਪ੍ਰਸ਼ਾਸਨ ਬਹੁਤ ਚੌਕਸ ਹੈ ਅਤੇ ਅੱਗ ਲਗਾਉਣ ਤੋਂ ਰੋਕਣ ਲਈ ਯਤਨਸ਼ੀਲ ਹੈ । ਇਸ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ। ਨਵ-ਨਿਯੁਕਤ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਖੁਦ ਮੌਕੇ ’ਤੇ ਜਾ ਕੇ ਬਲੈਕ ਜ਼ੋਨ ਦੇ ਪਿੰਡਾਂ ਵਿਚ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਇਸ ਸਥਿਤੀ ਵਿਚ ਮੁੱਖ ਮੁੱਦਾ ਸਮੱਗਲਿੰਗ ਨੂੰ ਰੋਕਣ ਦਾ ਹੈ ਜੋ ਕਿ ਲੰਬੇ ਸਮੇਂ ਤੋਂ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।
ਖੜ੍ਹੇ ਹੋ ਕੇ ਜਾਂ ਬੈਠ ਕੇ ਫੈਂਸਿੰਗ ਦੇ ਕੋਲ ਪਹੁੰਚ ਜਾਂਦੇ ਹਨ ਸਮੱਗਲਰ
ਜਦੋਂ ਝੋਨੇ ਦੀ ਫਸਲ ਪੱਕ ਜਾਂਦੀ ਹੈ ਤਾਂ ਉਸ ਸਮੇਂ ਇਹ ਇੰਨੀ ਉੱਚੀ ਹੁੰਦੀ ਹੈ ਕਿ ਕੋਈ ਵੀ ਵਿਅਕਤੀ ਖੜ੍ਹ ਕੇ ਜਾਂ ਬੈਠ ਕੇ ਆਸਾਨੀ ਨਾਲ ਇਸ ਦੀ ਆੜ ਲੈ ਸਕਦਾ ਹੈ ਅਤੇ ਇਸ ਦੀ ਆੜ ਲੈ ਕੇ ਸਮੱਗਲਰ ਕੰਡਿਆਲੀ ਤਾਰ ਦੇ ਬਿਲਕੁਲ ਨੇੜੇ ਪਹੁੰਚ ਜਾਂਦੇ ਹਨ ਅਤੇ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ਦੇ ਯਤਨ ਕਰਦੇ ਹਨ। ਡਰੋਨ ਦੀ ਵਰਤੋਂ ਤੋਂ ਪਹਿਲਾਂ ਕਣਕ ਅਤੇ ਝੋਨੇ ਦੀਆਂ ਖੜ੍ਹੀਆਂ ਫਸਲਾਂ ਦੌਰਾਨ ਸਭ ਤੋਂ ਜ਼ਿਆਦਾ ਸਮੱਗਲਿੰਗ ਦੀਆਂ ਗਤੀਵਿਧੀਆਂ ਹੁੰਦੀਆਂ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 3 ਨੌਜਵਾਨਾਂ ਦੀ ਮੌਤ
ਵੱਡੇ ਡਰੋਨਾਂ ਦੇ ਬਜਾਏ ਵਰਤੋਂ ਕੀਤੇ ਜਾ ਰਹੇ ਹਨ ਛੋਟੇ ਡਰੋਨ
ਪਾਕਿਸਤਾਨੀ ਸਮੱਗਲਰਾਂ ਵੱਲੋਂ ਇਸ ਤੋਂ ਪਹਿਲਾਂ ਵੱਡੇ ਡਰੋਨ ਜੋ 7 ਤੋਂ 8 ਫੁੱਟ ਚੌੜੇ ਅਤੇ 22 ਤੋਂ 25 ਕਿਲੋ ਭਾਰ ਚੁੱਕਣ ਦੀ ਸਮਰੱਥਾ ਵਾਲੇ ਵਰਤੋਂ ਕੀਤੇ ਜਾ ਰਹੇ ਸਨ। ਪਰ ਇਨ੍ਹਾਂ ਦੀ ਆਵਾਜ਼ ਕਾਰਨ ਵੱਡੇ-ਵੱਡੇ ਡਰੋਨ ਆਸਾਨੀ ਨਾਲ ਫੜੇ ਜਾਂਦੇ ਸਨ ਅਤੇ ਬੀ. ਐੱਸ. ਐੱਫ. ਵੱਲੋਂ ਚਲਾਈ ਗੋਲੀ ਦਾ ਨਿਸ਼ਾਨਾ ਬਣ ਜਾਂਦੇ ਸਨ ਪਰ ਹੁਣ ਸਮੱਗਲਰਾਂ ਨੇ ਰਣਨੀਤੀ ਬਦਲ ਲਈ ਹੈ ਅਤੇ ਬਹੁਤ ਛੋਟੇ ਆਕਾਰ ਦੇ ਡਰੋਨ ਉਡਾ ਰਹੇ ਹਨ ਜੋ ਅੱਧਾ ਕਿਲੋ ਜਾਂ ਇੱਕ ਕਿਲੋ ਭਾਰ ਚੁੱਕ ਸਕਦੇ ਹਨ। ਇੱਕ ਵਾਰ ਵਿੱਚ 20 ਤੋਂ 25 ਕਿੱਲੋ ਦੀਆਂ ਖੇਪਾਂ ਆਰਡਰ ਕਰਨ ਦੀ ਬਜਾਏ ਅੱਧੇ ਕਿੱਲੋ ਵਿੱਚ ਅੱਠ ਤੋਂ ਦਸ ਵਾਰ ਖੇਪ ਮੰਗਵਾਈਆਂ ਜਾ ਰਹੀਆਂ ਹਨ।
ਪਾਕਿਸਤਾਨੀ ਖੇਤਰ ਦੇ ਬਿਲਕੁੱਲ ਨੇੜੇ ਤੋਂ ਡਰੋਨ ਉਡਾ ਰਹੇ ਸਮੱਗਲਰ
ਪਾਕਿਸਤਾਨੀ ਰੇਂਜਰਸ ਸਮੱਗਲਰਾਂ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਕਰਦੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਮੱਗਲਰ ਪਾਕਿਸਤਾਨੀ ਖੇਤਰ ਵਿਚ ਕੰਡਿਆਲੀ ਤਾਰ ਦੇ ਬਿਲਕੁਲ ਨੇੜੇ ਅਾੜ ਲੈ ਕੇ ਡਰੋਨ ਉਡਾਉਂਦੇ ਹਨ। ਇਸ ਨਾਲ ਡਿਲੀਵਰੀ ਆਸਾਨ ਹੋ ਜਾਂਦੀ ਹੈ ਅਤੇ ਲੋਕੇਸ਼ਨ ਵੀ ਆਸਾਨੀ ਨਾਲ ਪਤਾ ਲੱਗ ਜਾਂਦੀ ਹੈ।
ਇਹ ਵੀ ਪੜ੍ਹੋ- ਕੱਪੜਾ ਵਪਾਰੀ ਦੇ ਮੁੰਡੇ ਨੇ ਆਪਣੇ ਆਪ ਨੂੰ ਮਾਰੀ ਗੋਲੀ
ਵਿਲੇਜ ਡਿਫੈਂਸ ਕਮੇਟੀਆਂ ਵੀ ਅਲਰਟ
ਬੀ. ਐੱਸ. ਐੱਫ. ਦੇ ਨਾਲ-ਨਾਲ ਸਰਹੱਦੀ ਪਿੰਡਾਂ ਵਿਚ ਤਾਇਨਾਤ ਵਿਲੇਜ ਪੁਲਸ ਅਧਿਕਾਰੀ ਅਤੇ ਵਿਲੇਜ ਡਿਫੈਂਸ ਕਮੇਟੀਆਂ ਵੀ ਚੌਕਸ ਹਨ, ਪਿਛਲੇ ਇਕ ਹਫ਼ਤੇ ਦੌਰਾਨ ਬੀ. ਐੱਸ. ਐੱਫ. ਨਾਲ ਸਾਂਝੇ ਆਪ੍ਰੇਸ਼ਨ ਵਿਚ ਅੱਧੀ ਦਰਜਨ ਡਰੋਨ ਫੜੇ ਗਏ ਹਨ ਅਤੇ ਹੈਰੋਇਨ ਦੀ ਇਕ ਛੋਟੀ ਖੇਪ ਵੀ ਫੜੀ ਗਈ ਹੈ। ਇਕ ਮਾਮਲੇ ਵਿਚ ਤਾਂ ਡਲਿਵਰੀ ਲੈਣ ਆਏ ਇਕ ਇਕ ਭਾਰਤੀ ਸਮੱਗਲਰ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਜਾ ਚੁੱਕਾ ਹੈ।
ਨਹੀਂ ਟੁੱਟ ਰਹੀ ਸਮੱਗਲਰਾਂ ਦੀ ਚੇਨ
ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ, ਸਮੱਗਲਰਾਂ ਦੀ ਚੇਨ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਸੱਤਾ ਵਿਚ ਆਉਣ ਤੋਂ ਬਾਅਦ ਹਰ ਸਿਆਸੀ ਪਾਰਟੀ ਦੀ ਸਰਕਾਰ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ਦੇ ਦਾਅਵੇ ਕਰਦੀ ਹੈ ਪਰ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਮੌਜੂਦਾ ਸਰਕਾਰ ਵੱਲੋਂ ਨਸ਼ਿਆਂ ਦੀ ਸਮੱਗਲਿੰਗ ਨੂੰ ਰੋਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੱਸਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਚਾਇਤੀ ਚੋਣਾਂ ਦੌਰਾਨ ਬਣੇ ਮਾਹੌਲ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ
NEXT STORY