ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਮਾਹਲਾ ਕਲਾਂ ਵਿਖੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਗਈ ਪੁਲਸ ਪਾਰਟੀ ’ਤੇ ਹਥਿਆਰਬੰਦ ਤਸਕਰਾਂ ਵੱਲੋਂ ਹਮਲਾ ਕਰ ਕੇ ਸ਼ਰਾਬ ਦੇ ਭਰੇ ਡਰੰਮ ਨੂੰ ਡੋਲ੍ਹਣ ਦੇ ਇਲਾਵਾ ਮੁਲਾਜ਼ਮਾਂ ਨਾਲ ਧੱਕਾ-ਮੁੱਕੀ ਕੀਤੇ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧ 'ਚ ਬਾਘਾ ਪੁਰਾਣਾ ਪੁਲਸ ਵਲੋਂ ਆਬਕਾਰੀ ਮਹਿਕਮੇ ਦੇ ਇੰਸਪੈਕਟਰ ਬਲਕਰਨ ਸਿੰਘ ਦੀ ਸ਼ਿਕਾਇਤ 'ਤੇ ਲਖਵੀਰ ਸਿੰਘ ਉਰਫ ਲੱਖੀ, ਦੀਪਾ ਘਾਲੀ, ਗੁਰਵਿੰਦਰ ਸਿੰਘ, ਹੈਪੀ ਸਿੰਘ ਸਾਰੇ ਵਾਸੀ ਪਿੰਡ ਮਾਹਲਾ ਕਲਾਂ ਅਤੇ 10-12 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਆਬਕਾਰੀ ਮਹਿਕਮੇ ਦੇ ਬਲਕਰਨ ਸਿੰਘ ਨੇ ਕਿਹਾ ਕਿ ਉਹ ਜਦੋਂ ਪੁਲਸ ਮੁਲਾਜ਼ਮਾਂ ਨਾਲ ਵੱਖ-ਵੱਖ ਗੱਡੀਆਂ ’ਤੇ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਜਾ ਰਹੇ ਸੀ ਤਾਂ ਗੁਪਤ ਸੂਚਨਾ ਮਿਲੀ ਕਿ ਲਖਵੀਰ ਸਿੰਘ ਉਰਫ ਲੱਖੀ ਨੇ ਮਾਹਲਾ ਕਲਾਂ ਵਿਖੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ, ਜਿੱਥੇ ਉਹ ਮੋਟਰ ਦੇ ਬਣੇ ਕਮਰੇ 'ਚ ਸ਼ਰਾਬ ਕੱਢਣ ਦੀ ਤਿਆਰੀ ਕਰ ਰਿਹਾ ਹੈ, ਜਿਸ ’ਤੇ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਉਥੋਂ ਪਲਾਸਟਿਕ ਦੇ ਡਰੰਮ 'ਚ ਪਈ 200 ਲੀਟਰ ਲਾਹਣ ਅਤੇ ਸ਼ਰਾਬ ਦੀ ਭੱਠੀ ਦਾ ਸਮਾਨ ਬਰਾਮਦ ਕਰ ਲਿਆ।
ਇਸ ਦੌਰਾਨ ਤਸਕਰ ਲਖਵੀਰ ਸਿੰਘ ਆਪਣੇ ਹੋਰਨਾਂ ਸਾਥੀਆਂ ਸਮੇਤ ਦੋ ਜੀਪਾਂ ਅਤੇ 6-7 ਮੋਟਰਸਾਈਕਲਾਂ ’ਤੇ ਆ ਧਮਕਿਆਂ, ਜਿਨ੍ਹਾਂ ਨੇ ਪੁਲਸ ਮੁਲਾਜ਼ਮਾਂ ਨਾਲ ਗਾਲੀ-ਗਲੋਚ ਕੀਤਾ। ਜਦੋਂ ਪੁਲਸ ਮੁਲਾਜ਼ਮ ਪਲਾਸਟਿਕ ਦਾ ਡਰੰਮ ਅਤੇ ਭੱਠੀ ਦਾ ਸਮਾਨ ਗੱਡੀ 'ਚ ਰੱਖ ਕੇ ਸੀਲ ਕਰਨ ਲੱਗੇ ਤਾਂ ਉਹ ਪੁਲਸ ਨੂੰ ਧੱਕੇ ਮਾਰ ਕੇ ਗੱਡੀ 'ਤੇ ਚੜ੍ਹ ਗਏ ਅਤੇ ਡਰੰਮ 'ਚ ਪਈ ਲਾਹਣ ਡੋਲ੍ਹ ਦਿੱਤੀ ਅਤੇ 20 ਲੀਟਰ ਦੇ ਕਰੀਬ ਲਾਹਣ ਰਹਿ ਗਈ। ਜਾਂਚ ਅਧਿਕਾਰੀ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਪਰ ਦੋਸ਼ੀ ਪੁਲਸ ਦੇ ਕਾਬੂ ਨਹੀਂ ਆ ਸਕੇ, ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੋਸ਼ੀਆਂ ਨੇ ਸਰਕਾਰੀ ਡਿਊਟੀ 'ਚ ਵਿਘਨ ਪਾਇਆ ਹੈ।
ਭਾਖੜਾ ਨਹਿਰ 'ਚ ਤੈਰਦੀਆਂ ਮਿਲੀਆਂ 2 ਲਾਸ਼ਾਂ, ਹਾਲਤ ਦੇਖ ਪੁਲਸ ਵੀ ਰਹਿ ਗਈ ਹੈਰਾਨ
NEXT STORY