ਬਠਿੰਡਾ(ਅਾਜ਼ਾਦ)-ਅੱਜ 26 ਜੂਨ ਅੰਤਰਰਾਸ਼ਟਰੀ ਨਸ਼ਾ ਰੋਕੂ ਦਿਵਸ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਿਚ ਸਰਕਾਰੀ ਅਤੇ ਗੈਰ-ਸਰਕਾਰੀ ਜਥੇਬੰਦੀਆਂ ਵੱਲੋਂ ਨਸ਼ਿਅਾਂ ’ਤੇ ਰੋਕ ਲਾਉਣ ਦੇ ਉਦੇਸ਼ ਨਾਲ ਕਈ ਪ੍ਰੋਗਰਾਮਾਂ ਦਾ ਆਯੌਜਨ ਕੀਤਾ ਜਾਵੇਗਾ। ਏਨਾਂ ਹੀ ਨਹੀਂ ਇਸ ਪ੍ਰੋਗਰਾਮ ਵਿਚ ਲੋਕ ਨਸ਼ੇ ਦੀ ਰੋਕਥਾਮ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਤੋਬਾ ਵੀ ਕਰਨਗੇ। ਕੁਝ ਇਸ ਤਰ੍ਹਾਂ ਪ੍ਰੋਗਰਾਮ ਵਿਚ ਪੁਲਸ ਪ੍ਰਸ਼ਾਸਨ ਵੱਲੋਂ ਕਈ ਲਿਖੇ-ਲਿਖਾਏ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ ਕਿ ਵਧਦੇ ਨਸ਼ੇ ਦੇ ਪ੍ਰਚਲਨ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਤਰ੍ਹਾਂ ਦੇ ਪ੍ਰੋਗਰਾਮ ਅਤੇ ਨਿਰਦੇਸ਼ ਨਾਲ ਲੱਗੇਗਾ ਕਿ ਕੱਲ ਤੋਂ ਨਸ਼ਾ ਮੁਕਤ ਸ਼ਹਿਰ ਹੋ ਜਾਵੇਗਾ ਪਰ ਅਜਿਹਾ ਕੁਝ ਨਹੀਂ ਹੋਵੇਗਾ ਬਲਕਿ ਕੱਲ ਤੋਂ ਨਸ਼ੇ ਦੇ ਕਾਰੋਬਾਰ ਹੋਰ ਦਿਨਾਂ ਦੀ ਤਰ੍ਹਾਂ ਚਲਦੇ ਰਹਿਣਗੇ। ਆਏ ਦਿਨ ਪੁਲਸ ਵੱਲੋਂ ਨਸ਼ੇ ਵਾਲੇ ਪਦਾਰਥਾਂ ਨੂੰ ਜਬਤ ਕਰਨਾ ਅਤੇ ਸਮੱਗਲਰਾਂ ਦੀ ਗ੍ਰਿਫ਼ਤਾਰੀ ਦੀ ਘਟਨਾ ਆਮ ਹੋ ਗਈ ਹੈ। ਪੁਲਸ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ਹਿਰ ਵਿਚ ਨਸ਼ਾ ਤਸਕਰ ਗਿਰੋਹ ਦੇ ਜਾਲ ਇੰਨ੍ਹੇ ਮਜ਼ਬੂਤ ਹਨ ਕਿ ਆਏ ਦਿਨ ਨਸ਼ਾ ਸਮੱਗਲਰ ਦੀ ਗ੍ਰਿਫਤਾਰੀ ਅਤੇ ਪੁਲਸ ਨੂੰ ਛਾਪੇਮਾਰੀ ਦੇ ਬਾਵਜੂਦ ਵੀ ਇਨ੍ਹਾਂ ਦਾ ਨੈੱਟਵਰਕ ਖਤਮ ਹੋਣ ਦੇ ਨਾਂ ਨਹੀਂ ਲੈ ਰਿਹਾ ਹੈ। ਹਾਲਾਂਕਿ ਪੁਲਸ ਇਹ ਦਾਅਵਾ ਕਰਦੀ ਹੈ ਕਿ ਨਸ਼ਾ ਸਮੱਗਲਿੰਗ ’ਤੇ ਜਲਦ ਹੀ ਕਾਬੂ ਪਾ ਲਵੇਗੀ। ਪਰ ਇਸ ਗਿਰੋਹ ਦੀਅਾਂ ਸਰਗਰਮੀਅਾਂ ਨੂੰ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਮੱਗਲਰ ਪੁਲਸ ਦੇ ਗਲੇ ਦੀ ਹੱਡੀ ਬਣੇ ਹੋਏ ਹਨ। ਕਿਤੇ ਅਜਿਹਾ ਤਾਂ ਨਹੀਂ ਕਿ ਸਮੱਗਲਰ ਪੁਲਸ ਪ੍ਰਸ਼ਾਸਨ ਨਾਲ ਮਿਲ ਕੇ ਇਹ ਸਾਰਾ ਖੇਡ ਖੇਡਿਆ ਜਾ ਰਿਹਾ ਹੋਵੇ ਤੇ ਦਿਖਾਵੇ ਲਈ ਇਕ-ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਆਪਣੀ ਸਰਗਰਮੀ ਦਾ ਸਬੂਤ ਸਭ ਦੇ ਸਾਹਮਣੇ ਪੇਸ਼ ਕਰਦੇ ਹੋਣ। ਅੱਜ ਨਸ਼ੇ ਦਾ ਕਾਰੋਬਾਰ ਕਰੋੜਾਂ ਦੇ ਆਂਕੜੇ ਤੋਂ ਵੀ ਉਪਰ ਚਲਿਆ ਗਿਆ ਹੈ ਅਤੇ ਇਨ੍ਹਾਂ ਦਾ ਨੈੱਟਵਰਕ ਦੇਸ਼ ਵਿਦੇਸ਼ ਨਾਲ ਜੁੜਿਆ ਹੋਇਆ ਹੈ। ਇਸਦਾ ਖੁਲਾਸਾ ਪਿਛਲੇ ਸਾਲ ਤਦ ਹੋਇਆ ਜਦ ਇਕ ਨਾਈਜੀਰੀਆ ਮੂਲ ਦੇ ਵਿਅਕਤੀ ਨੂੰ ਐੱਨ.ਆਈ. ਨੇ ਬਠਿੰਡਾ ਵਿਚ ਗ੍ਰਿਫਤਾਰ ਕੀਤਾ, ਏਨਾ ਵੱਡਾ ਕਾਰੋਬਾਰ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਬਗੈਰ ਕਿਵੇਂ ਸੰਭਵ ਹੈ। ਨਸ਼ੇ ਸਬੰਧੀ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ ਕਿ ਇਸਦੇ ਪਿਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਪਾਕਿਸਤਾਨ ਤੋਂ ਲੈ ਕੇ ਅਫਰੀਕਾ ਦੇ ਨਾਈਜੀਰੀਆ ਤਕ ਨਸ਼ੇ ਦਾ ਕਾਰੋਬਾਰ ਹੁੰਦਾ ਹੈ ਜਦਕਿ ਇਸਦੀ ਵਿਕਰੀ ਦਾ ਸਭ ਤੋਂ ਵੱਡਾ ਕੇਂਦਰ ਸਾਡਾ ਦੇਸ਼ ਹੈ। ਜਨ ਸੰਖਿਆ ਦੇ ਲਿਹਾਜ਼ ਨਾਲ ਹਰ ਸਾਲ ਦੇਸ਼ ਵਿਚ 2 ਲੱਖ ਕਰੋੜ ਰੁਪਏ ਦਾ ਨਸ਼ਾ ਵਿਕ ਜਾਂਦਾ ਹੈ, ਜਿਸ ਨਾਲ ਦੇਸ਼ ਦੀ ਆਰਥਿਕ ਸਥਿਤੀ ਵੀ ਕਮਜ਼ੋਰ ਹੁੰਦੀ ਹੈ।
ਰਾਜਨੀਤੀ ’ਤੇ ਭਾਰੀ ਨਸ਼ੇ ਦਾ ਕਾਰੋਬਾਰ
ਇਸ ਸਮੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ। ਜਿਸਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਨਸ਼ੇ ਦੇ ਨੈੱਟਵਰਕ ਨੂੰ ਖ਼ਤਮ ਕਰ ਕੇ ਰੱਖ ਦੇਣਗੇ ਪਰ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਨੇ ਅਜਿਹਾ ਕੋਈ ਕਾਰਗਰ ਕਦਮ ਨਹੀਂ ਚੁੱਕਿਆ, ਜਿਸ ਨਾਲ ਨਸ਼ੇ ਦੇ ਕਾਰੋਬਾਰ ’ਤੇ ਰੋਕ ਲਾਈ ਜਾ ਸਕੇ। ਇਸ ਵਕਤ ਨਸ਼ੇ ਦਾ ਕਾਰੋਬਾਰ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ। ਜਿਸ ਤਰ੍ਹਾ ਪਹਿਲਾਂ ਅਕਾਲੀ-ਭਾਜਪਾ ਦੀ ਸਰਕਾਰ ਦੇ ਵਕਤ ਚਲਦਾ ਸੀ। ਆਮ ਆਦਮੀ ਪਾਰਟੀ ਨੇ ਨਸ਼ੇ ਦੇ ਮਾਮਲਿਆਂ ਨੂੰ ਬਹੁਤ ਹੀ ਪੁਰਜ਼ੋਰ ਤਰੀਕੇ ਨਾਲ ਚੁੱਕਿਆ ਸੀ ਪਰ ਚੋਣਾਂ ਖਤਮ ਹੁੰਦੇ ਹੀ ਪਾਰਟੀ ਇਸ ਮੁੱਦੇ ਨੂੰ ਭੁੱਲ ਚੁੱਕੀ ਹੈ। ਪੰਜਾਬ ਵਿਚ ਚੋਣਾਂ ਹੋਏ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋਣ ਦੇ ਬਾਵਜੂਦ ਇਕ ਵਾਰ ਵੀ ਆਮ ਆਦਮੀ ਪਾਰਟੀ ਵੱਲੋਂ ਨਸ਼ੇ ਦੇ ਕਾਰੋਬਾਰ ’ਤੇ ਕੋਈ ਬਿਆਨ ਨਹੀਂ ਆਇਆ। ਗੌਰਤਲਬ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵਿਰੋਧੀ ਦੀ ਭੂਮਿਕਾ ਵਿਚ ਹੈ। ਫਿਰ ਵੀ ਮੌਨ ਧਾਰਨ ਕਰ ਰੱਖਿਆ ਹੈ। ਉਥੇ ਆਮ ਆਦਮੀ ਪਾਰਟੀ ਪ੍ਰਧਾਨ ਅਰਵਿੰਦਰ ਕੇਜਰੀਵਾਲ ਤਾਂ ਆਪਣੇ ਬਿਆਨ ਤੋਂ ਹੀ ਮੁਕਰ ਗਏ ਕਿ ਜੋ ਇਲਜ਼ਾਮ ਮਜੀਠੀਆ ’ਤੇ ਲਾਏ ਸਨ। ਉਹ ਗਲਤ ਸਨ।
ਨਸ਼ੇ ਨੇ ਨੌਜਵਾਨਾਂ ਨੂੰ ਕੀਤਾ ਬਰਬਾਦ
ਬਠਿੰਡਾ ਵਿਚ ਫੈਲੇ ਨਸ਼ੇ ਦੇ ਨੈੱਟਵਰਕ ਨੇ ਸਭ ਤੋਂ ਜ਼ਿਆਦਾ ਨੁਕਸਾਨ ਨੌਜਵਾਨਾਂ ਨੂੰ ਪਹੁੰਚਾਇਆ ਹੈ। ਘੱਟ ਉਮਰ ਵਿਚ ਨਸ਼ੇ ਦੀ ਲਤ ਲੱਗ ਜਾਣ ਨਾਲ ਨੌਜਵਾਨ ਅਪਰਾਧੀ ਪ੍ਰਵਿਰਤੀ ਦੇ ਹੋ ਜਾਂਦੇ ਹਨ। ਕੈਰੀਅਰ ਨੂੰ ਸੰਵਾਰਨ ਦੀ ਉਮਰ ਵਿਚ ਹੀ ਜੇਲ ਚਲੇ ਜਾਂਦੇ ਹਨ ਅਤੇ ਹੋਰ ਅਪਰਾਧਾਂ ਵਿਚ ਵੀ ਸ਼ਾਮਲ ਹੋ ਜਾਂਦੇ ਹਨ। ਇਸਦੀ ਸਬੰਧੀ 2015 ਵਿਚ ਇਕ ਸਰਵੇ ਕਰਵਾਇਆ ਸੀ, ਜਿਸ ਵਿਚ 22 ਜ਼ਿਲਿਆਂ ਦੇ 3628 ਨਸ਼ੇ ਨਾਲ ਪ੍ਰਭਾਵਿਤ ਵਿਅਕਤੀਅਾਂ ਨੂੰ ਸਰਵੇ ਵਿਚ ਸ਼ਾਮਿਲ ਕੀਤਾ ਗਿਆ ਸੀ, ਜਿਸ ਵਿਚ 76 ਫੀਸਦੀ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੈ, ਜਿਸ ਵਿਚ 99 ਫੀਸਦੀ ਵਿਅਕਤੀਅਾਂ ਵਿਚੋਂ 54 ਫੀਸਦੀ ਕੁਆਰੇ ਹਨ। ਕੁਲ ਪ੍ਰਤੀਸ਼ਤ ਦਾ 27 ਫੀਸਦੀ ਅਲ੍ਹੜ ਨੌਜਵਾਨ ਨਸ਼ੇ ਦੀ ਲਪੇਟ ਵਿਚ ਹੈ।
ਨਸ਼ੇ ਕਾਰਨ ਘਰੇਲੂ ਹਿੰਸਾ ਵਿਚ
ਨਸ਼ਿਅਾਂ ਨੇ ਪਰਿਵਾਰਾਂ ਦੇ ਤਾਣੇ-ਬਾਣੇ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ, ਨਸ਼ੇ ਦੀ ਮਾਰ ਸਭ ਤੋਂ ਜ਼ਿਆਦਾ ਮਹਿਲਾ ਬਜ਼ੁਰਗ ਅਤੇ ਬੱਚਿਆਂ ਨੂੰ ਚੁੱਕਾਉਣੀ ਪੈ ਰਹੀ ਹੈ ਇਸਦੀ ਵਜ੍ਹਾ ਨਾਲ ਤਲਾਕ ਦੇ ਮਾਮਲਿਆਂ ਵਿਚ ਵੀ ਵਾਧਾ ਹੋ ਰਿਹਾ ਹੈ ਕਿਉਂਕਿ ਨਸ਼ੇ ਦਾ ਸ਼ਿਕਾਰ ਨੌਜਵਾਨ ਕੰਮ ਕਰਨ ਦੇ ਲਾਈਕ ਨਹੀਂ ਰਹਿ ਜਾਂਦਾ ਅਤੇ ਰੋਜ਼ ਨਸ਼ਾ ਕਰਨ ਦਾ ਆਦੀ ਹੋ ਜਾਂਦਾ ਹੈ। ਹੌਲੀ-ਹੌਲੀ ਪੈਸਾ ਖਤਮ ਹੋ ਜਾਂਦਾ ਹੈ ਤਾਂ ਉਹ ਆਪਣੇ ਘਰ ਦਾ ਸਾਮਾਨ ਵੇਚ ਕੇ ਨਸ਼ਾ ਕਰਨ ਲੱਗਦਾ ਹੈ, ਉਹ ਵੀ ਖਤਮ ਹੋ ਜਾਂਦਾ ਹੈ ਤਦ ਉਹ ਜ਼ਮੀਨ-ਜਾਇਦਾਦ ਵੇਚ ਕੇ ਨਸ਼ਾ ਕਰਨ ਲੱਗਦਾ ਹੈ ਪਰਿਵਾਰ ਦੇ ਮੈਂਬਰਾਂ ਦੇ ਵਿਰੋਧ ਕਰਨ ’ਤੇ ਮਾਰ-ਕੁੱਟ ’ਤੇ ਉਤਾਰੂ ਹੋ ਜਾਂਦਾ ਹੈ। ਇਸ ਤਰ੍ਹਾਂ ਇਕ ਨਸ਼ਾ ਕਰਨ ਵਾਲੇ ਦਾ ਪੂਰਾ ਪਰਿਵਾਰ ਹੀ ਤਬਾਹ ਹੋ ਜਾਂਦਾ ਹੈ।
ਰੁਕਣ ਦਾ ਨਾਂ ਨਹੀਂ ਲੈ ਰਹੀ ਹਰਿਆਣਾ ਮਾਰਕਾ ਸ਼ਰਾਬ
ਪੰਜਾਬ ਵਿਚ ਸ਼ਰਾਬ ਦੇ ਰੇਟ ਆਸਮਾਨ ਛੂਹਣ ਲੱਗੇ ਹਨ ਜੋ ਆਮ ਗਰੀਬ ਦੀ ਪਹੁੰਚ ਤੋਂ ਬਾਹਰ ਹਨ। ਨਸ਼ੇ ਦੀ ਪੂਰਤੀ ਕਰਨ ਲਈ ਸਸਤਾ ਨਸ਼ਾ ਤਸਕਰੀ ਨੂੰ ਅੰਜਾਮ ਦੇ ਰਿਹਾ ਹੈ। ਰੋਜ਼ਾਨਾ ਅਜਿਹੇ ਕਈ ਮਾਮਲੇ ਪੁਲਸ ਦੀ ਗ੍ਰਿਫਤ ਵਿਚ ਆਏ ਜਿਨ੍ਹਾਂ ਵਿਚ ਸ਼ਰਾਬ ਹਰਿਆਣਾ ਤੋਂ ਤਸਕਰ ਕਰ ਕੇ ਲਿਆਂਦੀ ਜਾ ਰਹੀ ਹੈ। ਪੰਜਾਬ ਦੇ ਡੀ. ਜੀ. ਪੀ. ਨੇ ਗੁਆਂਢੀ ਰਾਜਾਂ ਰਾਜਸਥਾਨ ਅਤੇ ਹਰਿਆਣਾ ਦੇ ਡੀ. ਜੀ. ਪੀ. ਨਾਲ ਤਾਲਮੇਲ ਕਰਕੇ ਨਸ਼ੇ ਅਤੇ ਸ਼ਰਾਬ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕੋਈ ਸਫਲਤਾ ਹੱਥ ਨਹੀਂ ਲੱਗੀ। ਹਰਿਆਣਾ ਵਿਚ ਸ਼ਰਾਬ ਸਸਤੀ ਹੋਣ ਕਾਰਨ ਧੜੱਲੇ ਨਾਲ ਇਸਦੀ ਵਿਕਰੀ ਪੰਜਾਬ ਵਿਚ ਹੋ ਰਹੀ ਹੈ, ਜਿਸ ਨਾਲ ਪੰਜਾਬ ਦੇ ਠੇਕੇਦਾਰਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਸ਼ਰਾਬ ਦੇ ਮਾਮਲੇ ਵਿਚ ਗੁਆਂਢੀ ਰਾਜਾਂ ਨਾਲ ਜ਼ਿਲੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਇਸ ਤਰ੍ਹਾਂ ਗੁਆਂਢੀ ਰਾਜ ਹਰਿਆਣਾ ਤੋਂ ਬਠਿੰਡਾ ਵਿਚ ਨਸ਼ੇ ਦੀ ਸਪਲਾਈ ਜਿਆਦਾ ਮਾਤਰਾ ਵਿਚ ਹੁੰਦੀ ਹੈ ਕਿਉਂਕਿ ਹਰਿਆਣਾ ਵਿਚ ਘੱਟ ਰੇਟ ’ਤੇ ਸ਼ਰਾਬ ਅਾਸਾਨੀ ਨਾਲ ਮਿਲ ਜਾਂਦੀ ਹੈ ਅਤੇ ਉਥੋਂ ਲਿਆ ਕੇ ਦੁੱਗਣੇ ਰੇਟ ’ਤੇ ਵੇਚਦੇ ਹਨ। ਇਸ ਕਾਰਨ ਸ਼ਹਿਰ ਵਿਚ ਨਸ਼ੇ ’ਤੇ ਕੰਟਰੋਲ ਕਰਨਾ ਮੁਸ਼ਕਲ ਹੋ ਗਿਆ ਹੈ। ਆਏ ਦਿਨ ਹਰਿਆਣਾ ’ਚ ਤਿਆਰ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਜਾਂਦੀਆਂ ਹਨ ਪਰ ਕਾਨੂੰਨ ਵਿਚ ਮਿਲੀ ਰਾਹਤ ਕਾਰਨ ਤੁਰੰਤ ਜ਼ਮਾਨਤ ’ਤੇ ਛੁੱਟ ਕੇ ਤਸਕਰ ਇਸ ਧੰਦੇ ਵਿਚ ਫਿਰ ਲੱਗ ਜਾਂਦੇ ਹਨ।
ਹਾਥੀ ਦੇ ਦੰਦ ਸਾਬਿਤ ਹੋਏ ਨਸ਼ਾ ਮੁਕਤੀ ਕੇਂਦਰ
ਅੰਤਰਰਾਸ਼ਟਰੀ ਨਸ਼ਾ ਰੋਕੂ ਕਾਨੂੰਨ ਵਿਚ ਨਸ਼ਾਮੁਕਤੀ ਕੇਂਦਰਾਂ ਦੀ ਅਹਿਮ ਭੂਮਿਕਾ ’ਤੇ ਜ਼ੋਰ ਦਿੱਤਾ ਗਿਆ ਹੈ ਪਰ ਨਸ਼ਾ ਮੁਕਤੀ ਕੇਂਦਰ ਵਿਚ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਆਉਣ ਦੀ ਤਦਾਦ ਬਹੁਤ ਹੀ ਘਟ ਹੁੰਦੀ ਹੈ ਕਿਉਂਕਿ ਇਥੇ ਨਸ਼ਾ ਛੁਡਾਉਣ ਦੇ ਨਾਂ ’ਤੇ ਸਿਰਫ਼ ਖਾਨਾਪੂਰਤੀ ਹੋ ਰਹੀ ਹੈ। ਅਜਿਹਾ ਉਥੇ ਜਾਣ ਵਾਲੇ ਵਿਅਕਤੀਆਂ ਦੇ ਅਨੁਭਵ ਦੱਸਦੇ ਹਨ। ਜ਼ਿਆਦਾਤਰ ਨਸ਼ਾ ਮੁਕਤ ਕੇਂਦਰਾਂ ’ਤੇ ਲੋੜੀਦੀਆਂ ਸੁਵਿਧਾਵਾਂ ਦੀ ਘਾਟ ਹੈ, ਇਸ ਕਾਰਨ ਉਥੇ ਭਰਤੀ ਹੋਏ ਰੋਗੀ ਦਾ ਸਹੀ ਤਰੀਕੇ ਨਾਲ ਇਲਾਜ ਨਹੀਂ ਹੁੰਦਾ ਅਤੇ ਤੰਗ ਆ ਕੇ ਉਹ ਕੇਂਦਰ ਤੋਂ ਚਲਾ ਜਾਂਦਾ ਹੈ। ਦੇਖਿਆ ਜਾਵੇ ਤਾਂ ਹਰ ਸ਼ਹਿਰ ਵਿਚ ਨਿੱਜੀ ਨਸ਼ਾ ਮੁਕਤੀ ਕੇਂਦਰ ਖੁੱਲ੍ਹੇ ਹੋਏ ਹਨ ਜਿਨਾਂ ਦਾ ਕੰਮ ਸਿਰਫ ਨਸ਼ਾ ਛੱਡਣ ਵਾਲੇ ਰੋਗੀ ਤੋਂ ਪੈਸੇ ਲੈਣ ਤਕ ਹੈ। ਇਲਾਜ ਦੇ ਨਾਂ ’ਤੇ ਉਹ ਕੇਵਲ ਨੀਂਦ ਦੀ ਹੀ ਦਵਾਈ ਦਿੰਦੇ ਹਨ, ਦਵਾਈ ਦਾ ਅਸਰ ਹੋਣ ਤੋਂ ਬਾਅਦ ਰੋਗੀ ਨੂੰ ਨਸ਼ੇ ਦੀ ਤਲਬ ਲੱਗਦੀ ਹੈ ਅਤੇ ਉਹ ਕੇਂਦਰ ਵਿਚੋਂ ਬਾਹਰ ਨਿਕਲਦੇ ਹੀ ਠੇਕੇ ਵੱਲ ਦੌੜਦਾ ਹੈ।
15 ਹਜ਼ਾਰ ਦੀ ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਕਾਬੂ
NEXT STORY