ਜਲੰਧਰ ,(ਸੁਧੀਰ)-ਇਕ ਪਾਸੇ ਕੋਰੋਨਾ ਦੀ ਜੰਗ ’ਤੇ ਕਾਬੂ ਪਾਉਣ ਲਈ ਮਿਸ਼ਨ ਫਤਿਹ ਤਹਿਤ ਕਮਿਸ਼ਨਰੇਟ ਪੁਲਸ ਕੋਵਿਡ 19 ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਲਗਾਤਾਰ ਕਾਰਵਾਈ ਕਰਕੇ ਉਨ੍ਹਾਂ ਦੇ ਚਾਲਾਨ ਕੱਟ ਕੇ ਜ਼ੁਰਮਾਨੇ ਵਸੂਲ ਰਹੀ ਹੈ ਉਥੇ ਹੀ ਕਈ ਥਾਵਾਂ ’ਤੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਬਾਜ਼ਾਰਾਂ ਵਿਚ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਵਾਲਿਆਂ ਦੇ ਵੀ ਚਾਲਾਨ ਕੱਟ ਕੇ ਉਨ੍ਹਾਂ ਕੋਲੋਂ ਮੌਕੇ ’ਤੇ ਹੀ ਜ਼ੁਰਮਾਨਾ ਵਸੂਲਿਆ ਜਾ ਰਿਹਾ ਹੈ। ਦੂਜੇ ਪਾਸੇ ਥਾਣਾ ਨੰਬਰ 2 ਨੇੜੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸ਼ਰੇਆਮ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉੱਡ ਰਹੀਆਂ ਹਨ।
ਜਗਬਾਣੀ ਦੇ ਪ੍ਰੈਸ ਫੋਟੋ ਗ੍ਰਾਫਰ ਨੇ ਥਾਣਾ ਨੰ. 2 ਦਾ ਦੌਰਾ ਕੀਤਾ ਤਾਂ ਦੇਖਿਆ ਕਿ ਥਾਣੇ ਤੋਂ ਕੁਝ ਦੂਰੀ ’ਤੇ ਸ਼ਰਾਬ ਦੇ ਠੇਕੇ ਦੇ ਬਾਹਰ ਇਕੱਠੀ ਹੋਈ ਲੋਕਾਂ ਦੀ ਭੀੜ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਅ ਰਹੀ ਸੀ। ਜਿਸ ਦੇ ਨੇੜੇ ਹੀ ਠੇਕੇ ਕੋਲ ਵਾਟਰ ਕੂਲਰ ਰੱਖਿਆ ਹੋਇਆ ਸੀ। ਸ਼ਰਾਬ ਖਰੀਦਣ ਉਪਰੰਤ ਲੋਕ ਸ਼ਰੇਆਮ ਵਾਟਰ ਕੂਲਰ ਨੇੜੇ ਖੜ੍ਹੇ ਹੋ ਕੇ ਸੜਕ ’ਤੇ ਹੀ ਦਾਰੂ ਪੀ ਰਹੇ ਸਨ। ਥਾਣੇ ਤੋਂ ਕੁਝ ਦੂਰੀ ’ਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਥਾਣਿਆਂ ਦੇ ਬਾਹਰ ਇਹ ਹਾਲ ਹੈ ਤਾਂ ਅੰਦਰੂਨੀ ਹਿੱਸਿਆਂ ਦਾ ਕੀ ਹਾਲ ਹੋਵੇਗਾ। ਹੁਣ ਦੇਖਣਾ ਇਹ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਕਰਨ ਵਾਲਿਆਂ ਨੂੰ ਪੁਲਸ ਨਕੇਲ ਪਾਉਂਦੀ ਹੈ ਜਾਂ ਨਹੀਂ ।
ਫਿਰੋਜ਼ਪੁਰ ਜ਼ਿਲ੍ਹੇ ’ਚ ਕੋਰੋਨਾ ਨਾਲ 2 ਹੋਰ ਮੌਤਾਂ, 15 ਕੇਸ ਆਏ ਪਾਜ਼ੇਟਿਵ
NEXT STORY