ਜੈਤੋ (ਜਿੰਦਲ)- ਜਿੱਥੇ ਜਵਾਨ ਹੁੰਦੇ ਪੁੱਤਰਾਂ ਨੂੰ ਦੇਖ-ਦੇਖ ਕੇ ਮਾਪੇ ਹੁੱਭਦੇ ਹਨ, ਉੱਥੇ ਇਹ ਗਰੀਬ ਮਾਤਾ-ਪਿਤਾ ਆਪਣੇ ਜਵਾਨ ਪੁੱਤਰ ਨੂੰ ਜੰਜ਼ੀਰਾਂ ਵਿਚ ਬੰਨ੍ਹਣ ਲਈ ਮਜ਼ਬੂਰ ਹਨ। ਰੇਲਵੇ ਲਾਈਨ ਪਾਰ ਹਰਦਿਆਲ ਨੰਬਰ ਜੈਤੋ ਵਿਖੇ ਇਕ 30 ਸਾਲਾ ਨੌਜਵਾਨ ਬ੍ਰਿਜ ਲਾਲ ਪੁੱਤਰ ਸਵ. ਅਮਰ ਚੰਦ ਜੋ ਕਿ ਪੂਰੀ ਤਰ੍ਹਾਂ ਨਾਲ ਦਿਮਾਗੀ ਤੌਰ 'ਤੇ ਬੀਮਾਰ ਹੈ, ਉਸ ਦੇ ਘਰ ਵਾਲਿਆਂ ਨੇ ਲੋਹੇ ਦੇ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਹੈ। ਘਰ ਵਾਲਿਆਂ ਨੂੰ ਸ਼ੱਕ ਹੈ ਕਿ ਜੇਕਰ ਇਸ ਨੂੰ ਖੁੱਲ੍ਹਾ ਛੱਡ ਦਿੱਤਾ ਤਾਂ ਇਹ ਆਤਮ ਹੱਤਿਆ ਕਰ ਸਕਦਾ ਹੈ। ਇਥੋਂ ਤੱਕ ਕਿ ਉਨ੍ਹਾਂ ਦੇ ਘਰ ਵਾਲੇ ਕਈ ਵਾਰ ਉਸ ਨੂੰ ਗੱਡੀ ਦੇ ਥੱਲੇ ਆਉਣ ਤੋਂ ਬਚਾਅ ਕੇ ਲਿਆਏ ਹਨ ਅਤੇ ਹੁਣ ਵੀ ਰੇਲਵੇ ਲਾਈਨਾਂ 'ਤੇ ਜਾ ਕੇ ਬੈਠ ਜਾਂਦਾ ਸੀ। ਬ੍ਰਿਜ ਲਾਲ ਦੀ ਮਾਤਾ ਸ਼੍ਰੀਮਤੀ ਸੁਮਿਤਰਾ ਦੇਵੀ ਅਤੇ ਉਸ ਦੇ ਭਰਾ ਲਖਮੀਰ ਚੰਦ ਨੇ ਦੱਸਿਆ ਕਿ ਹੁਣ ਵੀ ਇਹ ਘਰ ਦਾ ਸਾਰਾ ਸਮਾਨ ਬਾਹਰ ਸੁੱਟ ਆਉਂਦਾ ਹੈ। ਰਸੋਈ 'ਚ ਗੈਸ ਸਿਲੰਡਰ ਖੋਲ੍ਹ ਦਿੰਦਾ ਹੈ, ਜਿਸ ਕਾਰਨ ਉਹ ਬੇਹੱਦ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋ ਗਏ ਹਨ। ਵਿੱਤੀ ਤੌਰ 'ਤੇ ਉਨ੍ਹਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਉਹ ਇਸ ਦਾ ਇਲਾਜ ਕਰਵਾਉਣ ਲਈ ਅਸਮੱਰਥ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਉਸ ਦੀਆਂ ਲੱਤਾਂ ਅਤੇ ਪੈਰਾਂ 'ਤੇ ਕਾਫ਼ੀ ਜ਼ਖ਼ਮ ਹੋ ਚੁੱਕੇ ਹਨ। ਇਥੋਂ ਤੱਕ ਕਿ ਇਨ੍ਹਾਂ ਜ਼ਖ਼ਮਾਂ 'ਚ ਕੀੜੇ ਵੀ ਪੈ ਚੁੱਕੇ ਹਨ ਪਰ ਗਰੀਬ ਪਰਿਵਾਰ ਆਪਣੇ ਬੱਚੇ ਨੂੰ ਇਸ ਹਾਲਤ 'ਚੋਂ ਬਾਹਰ ਕੱਢਣ ਲਈ ਕੁਝ ਨਹੀਂ ਕਰ ਸਕਦਾ। ਉਨ੍ਹਾਂ ਨੇ ਪੰਜਾਬ ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ ਕਿ ਉਹ ਇਸ ਸਬੰਧ ਵਿਚ ਇਸ ਨੌਜਵਾਨ ਅਤੇ ਪਰਿਵਾਰ ਦੀ ਸਹਾਇਤਾ ਕਰਕੇ ਉਨ੍ਹਾਂ ਦੀ ਇਸ ਮੁਸ਼ਕਿਲ ਦਾ ਹੱਲ ਕੀਤਾ ਜਾਵੇ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਇਸ ਨੌਜਵਾਨ ਦਾ ਇਲਾਜ ਕਰਵਾਇਆ ਜਾਵੇ।
ਸਿਆਸੀ ਬਦਲਾਖੋਰੀ: ਸਿੱਧੂ ਤੋਂ ਬਾਅਦ ਸੁਣ ਲਓ ਸੁਖਪਾਲ ਖਹਿਰਾ ਦੀ ਡਿਮਾਂਡ
NEXT STORY