ਚੰਡੀਗੜ੍ਹ (ਸੁਸ਼ੀਲ) : ਸੈਕਟਰ 26 ਸਥਿਤ ਡਿਓਰਾ ਕਲੱਬ ਦੇ ਪਾਰਟਨਰ ਤੋਂ 50 ਹਜ਼ਾਰ ਦੀ ਵਸੂਲੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ’ਚ ਚੰਡੀਗੜ੍ਹ ਪੁਲਸ ਦੇ ਸੇਵਾਮੁਕਤ ਏ.ਐੱਸ.ਆਈ. ਦੇ ਬੇਟੇ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਅਰਜੁਨ ਠਾਕੁਰ ਵਾਸੀ ਸੈਕਟਰ-49 ਵਜੋਂ ਹੋਈ ਹੈ। ਮੁਲਜ਼ਮ ਸ਼ਿਕਾਇਤਕਰਤਾ ਦੇ ਕਲੱਬ ਦਾ ਹਿੱਸਾ ਜ਼ਬਰਦਸਤੀ ਆਪਣੇ ਨਾਂ ’ਤੇ ਕਰਵਾਉਣਾ ਚਾਹੁੰਦਾ ਸੀ।
ਸੈਕਟਰ-26 ਥਾਣਾ ਪੁਲਸ ਨੇ ਪਟਿਆਲਾ ਵਾਸੀ ਨਿਖਿਲ ਚੌਧਰੀ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਪੁਲਸ ਨੇ ਪੁੱਛਗਿੱਛ ਲਈ ਤਿੰਨ ਦਿਨ ਦਾ ਰਿਮਾਂਡ ਮੰਗਿਆ ਪਰ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ।
ਨਿਖਿਲ ਚੌਧਰੀ ਨੇ ਸ਼ਿਕਾਇਤ ’ਚ ਦੱਸਿਆ ਕਿ ਡਿਓਰਾ ਕਲੱਬ ’ਚ ਉਸ ਦੀ 25 ਫ਼ੀਸਦੀ ਹਿੱਸੇਦਾਰੀ ਸੀ। ਇਹ ਕਲੱਬ ਪ੍ਰੈਸਟੀਨ ਹਾਸਪਿਟੈਲਿਟੀ ਕੰਪਨੀ ਅਧੀਨ ਹੈ। ਕੁਝ ਸਮਾਂ ਪਹਿਲਾਂ 10 ਫ਼ੀਸਦੀ ਸ਼ੇਅਰ ਪਟਿਆਲਾ ਵਾਸੀ ਟੇਕਚੰਦ ਸਿੰਗਲਾ ਨੂੰ ਵੇਚ ਦਿੱਤੇ ਸਨ। ਡੀਲ ਤਹਿਤ ਉਹ ਕਲੱਬ ਚਲਾਉਣ ’ਚ ਕੋਈ ਦਖ਼ਲ ਨਹੀਂ ਦੇ ਸਕਦੇ ਸਨ। ਬਾਅਦ ’ਚ ਕੁਝ ਅਣਬਣ ਹੋ ਗਈ ਜਿਸ ਦਾ ਲਾਹਾ ਲੈਣ ਲਈ ਦੂਜਾ ਪਾਰਟਨਰ ਅਰਜੁਨ ਠਾਕੁਰ ਆ ਗਿਆ।
ਦੋਸ਼ ਹੈ ਕਿ ਅਰਜੁਨ ਨੇ ਨਿਖਿਲ ਚੌਧਰੀ ਤੇ ਟੇਕ ਚੰਦ ਵਿਚਾਲੇ ਹੋਏ ਝਗੜੇ ਦਾ ਫ਼ਾਇਦਾ ਉਠਾਉਂਦਿਆਂ ਸ਼ਿਕਾਇਤਕਰਤਾ ਦਾ ਹਿੱਸਾ ਆਪਣੇ ਨਾਂ ’ਤੇ ਕਰਵਾਉਣ ਲਈ ਕਹਿਣ ਲੱਗਾ ਤੇ ਠੱਗੀ ਲਈ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਸ ਨੇ ਕਿਹਾ ਕਿ ਡਿਓਰਾ ਕਲੱਬ ’ਚ ਹਿੱਸੇਦਾਰ ਹੋਣ ਤੇ ਹੋਰ ਪਰਿਵਾਰਕ ਕਾਰੋਬਾਰ ਕਾਰਨ ਰੋਜ਼ਾਨਾ ਦੀਆਂ ਲੋੜਾਂ ਲਈ ਹਰ ਮਹੀਨੇ 50 ਹਜ਼ਾਰ ਰੁਪਏ ਦੇਣੇ ਹੋਣਗੇ। ਅਰਜੁਨ ਬਾਰ-ਬਾਰ ਹਿੱਸੇ ਦੇ ਬਾਕੀ ਸ਼ੇਅਰ ਆਪਣੇ ਨਾਂ ’ਤੇ ਟ੍ਰਾਂਸਫਰ ਕਰਨ ਦਾ ਦਬਾਅ ਪਾ ਰਿਹਾ ਸੀ। ਇਸ ਤੋਂ ਪਹਿਲਾਂ ਵੀ ਫਿਰੌਤੀ ਲਈ ਧਮਕੀ ਦੇ ਚੁੱਕਾ ਸੀ। ਜਦੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਹੋਰ ਡਰਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਕਲੱਬ ਜਾਣਾ ਬੰਦ ਕਰ ਦਿੱਤਾ। ਕੁਝ ਸਮਾਂ ਪਹਿਲਾਂ ਮੁਲਜ਼ਮ ਕਲੱਬ ਦੇ ਬਾਹਰ ਮਿਲਿਆ ਤੇ ਧਮਕੀ ਦੇ ਕੇ ਹਰ ਮਹੀਨੇ 50 ਹਜ਼ਾਰ ਰੁਪਏ ਮੰਗੇ।
ਇਹ ਵੀ ਪੜ੍ਹੋ- ਨਸ਼ਾ ਛੁਡਾਊ ਕੇਂਦਰ ਰਹਿ ਕੇ ਵੀ ਨਾ ਸੁਧਰਿਆ ਮਾਪਿਆਂ ਦਾ ਇਕਲੌਤਾ ਪੁੱਤ, ਆਉਂਦੇ ਹੀ ਲਾ ਲਿਆ 'ਮੌਤ ਦਾ ਟੀਕਾ'
ਕਈ ਵਾਰ ਕੀਤੀ ਧੱਕਾ-ਮੁੱਕੀ, ਸੰਪਤ ਨਹਿਰਾ ਨਾਲ ਖ਼ਾਸ ਪਛਾਣ
ਪੀੜਤ ਅਨੁਸਾਰ ਅਮਿਤ ਗੁਪਤਾ, ਰਤਨ ਲੁਬਾਣਾ ਤੇ ਵਿਸ਼ਾਲ ਗੋਇਲ ਵੀ ਕਲੱਬ ਦੇ ਮਾਲਕ ਹਨ। ਰਤਨ ਲੁਬਾਣਾ ਉਸ ਦਾ ਦੋਸਤ ਹੈ। ਮੁਲਜ਼ਮ ਨੇ ਉਸ ਨਾਲ ਕਈ ਵਾਰ ਧੱਕਾ-ਮੁੱਕੀ ਕੀਤੀ। ਸੂਤਰਾਂ ਮੁਤਾਬਕ ਅਰਜੁਨ ਪਰਦੇ ਪਿੱਛੇ ਕਲੱਬ ਦਾ ਸੰਚਾਲਕ ਸੀ। ਕਾਗਜ਼ਾਂ ’ਚ ਉਹ ਮਾਲਕ ਨਹੀਂ ਹੈ। ਮੁਲਜ਼ਮ ਦੀ ਲਾਰੈਂਸ ਗੈਂਗ ਦੇ ਮੈਂਬਰ ਸੰਪਤ ਨਹਿਰਾ ਨਾਲ ਦੋਸਤੀ ਹੈ, ਕਿਉਂਕਿ ਗੈਂਗਸਟਰ ਤੇ ਅਰਜੁਨ ਦੇ ਪਰਿਵਾਰਕ ਮੈਂਬਰ ਪੁਲਸ ਲਾਈਨ ’ਚ ਰਹਿੰਦੇ ਹਨ। ਸੈਕਟਰ 26 ਤੇ 7 ’ਚ ਕਲੱਬ ਅਤੇ ਰੈਸਟੋਰੈਂਟ ਮਾਲਕਾਂ ’ਤੇ ਲਾਰੈਂਸ ਬਿਸ਼ਨੋਈ ਗਿਰੋਹ ਦੀ ਛਤਰ-ਛਾਇਆ ਹੈ। ਸੂਤਰਾਂ ਦੀ ਮੰਨੀਏ ਤਾਂ ਹਰ ਕਲੱਬ ਅਤੇ ਰੈਸਟੋਰੈਂਟ ਮਾਲਕ ਲਾਰੈਂਸ ਬਿਸ਼ਨੋਈ ਗੈਂਗ ਤੱਕ ਫਿਰੌਤੀ ਪਹੁੰਚਾਉਂਦੇ ਹਨ। ਪੈਸੇ ਨਾ ਦੇਣ ’ਤੇ ਬਿਸ਼ਨੋਈ ਗੈਂਗ ਦੇ ਮੈਂਬਰ ਮਾਲਕਾਂ ਨੂੰ ਧਮਕੀ ਦਿੰਦੇ ਹਨ ਤੇ ਗੋਲੀ ਚਲਵਾਉਂਦੇ ਹਨ। ਚੰਡੀਗੜ੍ਹ ਦੇ ਕਈ ਕਲੱਬ ਮਾਲਕਾਂ ਨੂੰ ਫਿਰੌਤੀ ਸਬੰਧੀ ਧਮਕੀ ਭਰੇ ਫੋਨ ਆ ਚੁੱਕੇ ਹਨ।
ਪਹਿਲਾਂ ਵੀ ਦਰਜ ਹਨ ਮਾਮਲੇ
ਅਰਜੁਨ ਠਾਕੁਰ ਦੇ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹਨ। ਉਸ ਨੂੰ ਪੰਜਾਬ ਪੁਲਸ ਨੇ 2023 ’ਚ ਜਬਰੀ ਵਸੂਲੀ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਮੁਤਾਬਕ ਅਰਜੁਨ ਤੇ ਉਸ ਦੇ ਦੋ ਸਾਥੀਆਂ ਨੇ ਫਿਰੌਤੀ ਲਈ ਆਨਲਾਈਨ ਪਲੇਟਫਾਰਮ ਦੀ ਵਰਤੋਂ ਕੀਤੀ ਸੀ। ਪੀੜਤਾਂ ਨੂੰ ਇਨਾਮ ਜਿੱਤਣ ਦਾ ਝਾਂਸਾ ਦੇ ਕੇ ਪਹਿਲਾਂ ਉਨ੍ਹਾਂ ਨੂੰ ਪੈਸੇ ਗਵਾਉਣ ਲਈ ਮਜਬੂਰ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਉਧਾਰ ਦਿੱਤਾ ਜਾਂਦਾ। ਜਦੋਂ ਪੈਸੇ ਵਾਪਸ ਕਰਨ ’ਚ ਅਸਮਰੱਥਤਾ ਪ੍ਰਗਟਾਈ ਜਾਂਦੀ ਤਾਂ ਗਿਰੋਹ ਦੇ ਮੈਂਬਰ ਧਮਕੀ ਭਰੇ ਫੋਨ ਕਰਕੇ ਉਨ੍ਹਾਂ ਨੂੰ ਡਰਾਉਂਦੇ ਸਨ।
ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਅਰਜੁਨ 2018 ’ਚ ਚੰਡੀਗੜ੍ਹ ਦੇ ਸੈਕਟਰ-26 ਸਥਿਤ ਨਾਈਟ ਕਲੱਬ ’ਚ ਹੋਈ ਗੋਲੀਬਾਰੀ ਵਿਚ ਵੀ ਸ਼ਾਮਲ ਸੀ। ਇਹ ਘਟਨਾ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਦੇ ਸਾਬਕਾ ਕਰੀਬੀ ਸਹਿਦੇਵ ਸਲਾਰੀਆ ਦੀ ਜਨਮਦਿਨ ਪਾਰਟੀ ਦੌਰਾਨ ਹੋਈ ਸੀ। ਗੋਲੀਬਾਰੀ ’ਚ ਜੈਦੀਪ ਸਿੰਘ ਨਾਂ ਦਾ ਵਿਅਕਤੀ ਜ਼ਖ਼ਮੀ ਹੋ ਗਿਆ ਸੀ।
ਇਹ ਵੀ ਪੜ੍ਹੋ- ਘਰ ਛੱਡ ਪ੍ਰੇਮੀ ਨਾਲ ਫਰਾਰ ਹੋ ਗਈ ਮਾਂ, ਪੁੱਤ ਨੇ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਮਾਂ ਦਾ ਆਸ਼ਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਈ-ਕਈ ਘੰਟੇ ਦੇਰੀ ਨਾਲ ਪੁੱਜ ਰਹੀਆਂ ਟ੍ਰੇਨਾਂ, ਇੰਨੀ ਲੰਬੀ ਉਡੀਕ ਯਾਤਰੀਆਂ ਲਈ ਬਣੀ ਪ੍ਰੇਸ਼ਾਨੀ ਦਾ ਸਬੱਬ
NEXT STORY