ਅੰਮ੍ਰਿਤਸਰ (ਰਮਨ, ਨਿਰਵੈਲ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਉਦਯੋਗਪਤੀ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਖਾੜੀ ਦੇਸ਼ਾਂ ਦੀਆਂ ਜੇਲਾਂ 'ਚ ਮੌਤ ਦੀ ਸਜ਼ਾ ਨਾਲ ਜੂਝ ਰਿਹੇ ਪੰਜਾਬੀ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਅੱਜ ਉਸ ਵੇਲੇ ਇਕ ਹੋਰ ਪੰਨਾ ਜੁੜ ਗਿਆ ਜਦੋਂ ਉਨ੍ਹਾਂ ਵੱਲੋਂ 9 ਸਾਲ ਲਗਾਤਾਰ ਕੀਤੀ ਸਿਰਤੋੜ ਮਿਹਨਤ ਦੀ ਬਦੌਲਤ ਇਕ ਹੋਰ ਜਿੰਦੜੀ ਆਪਣੇ ਮਾਪਿਆਂ ਤੱਕ ਪੁੱਜੀ। ਸੰਦੀਪ ਸਿੰਘ ਪੁੱਤਰ ਸਵ. ਅਜੀਤ ਸਿੰਘ ਵਾਸੀ ਖਾਨਗੁਰਾ ਜ਼ਿਲਾ ਕਪੂਰਥਲਾ ਨੂੰ ਹਵਾਈ ਅੱਡੇ ਤੋਂ ਮਾਪਿਆਂ ਸਮੇਤ ਲੈਣ ਪੁੱਜੇ ਸਰਬੱਤ ਦਾ ਭਲਾ ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਸਿੰਘ ਮਈ 2006 ਵਿਚ ਮਜਦੂਰੀ ਕਰਨ ਦੁਬਈ ਗਿਆ ਸੀ ਪਰ ਅਚਾਨਕ 29 ਨਵੰਬਰ 2007 ਨੂੰ ਮਨਦੀਪ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਸਿੰਘਪੁਰਾ, ਜ਼ਿਲਾ ਹੁਸ਼ਿਆਰਪੁਰ ਦੇ ਦੁਬਈ 'ਚ ਹੋਏ ਕਤਲ ਦਾ ਇਲਜ਼ਾਮ ਸੰਦੀਪ ਸਿਰ ਲੱਗ ਗਿਆ । ਉਨ੍ਹਾਂ ਦੱਸਿਆ ਕਿ ਜਦੋਂ ਇਸ ਕੇਸ ਲਈ ਡਾ.ਓਬਰਾਏ ਨਾਲ ਸੰਦੀਪ ਦੇ ਪਰਿਵਾਰਕ ਮੈਂਬਰਾਂ ਨੇ ਸੰਪਰਕ ਕਰਕੇ ਆਪਣੇ ਪੁੱਤ ਦੇ ਬੇਗੁਨਾਹ ਹੋਣ ਦੀ ਗੁਹਾਰ ਲਾਈ ਤਾਂ 2010 'ਚ ਇਹ ਕੇਸ ਆਪਣੇ ਹੱਥ 'ਚ ਲੈ ਕੇ ਇਸ ਦੀ ਪੂਰੀ ਘੋਖ ਕਰਨ ਉਪਰੰਤ ਸੰਦੀਪ ਦੀ ਜਾਨ ਬਚਾਉਣ ਲਈ ਡਾ.ਓਬਰਾਏ ਨੂੰ 9 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜਨੀ ਪਈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਨੂੰ ਹੇਠਲੀ ਅਦਾਲਤ ਨੇ ਫ਼ਾਂਸੀ ਦੀ ਸਜ਼ਾ ਸੁਣਾਈ ਸੀ, ਜਿਸ 'ਤੇ ਡਾ.ਓਬਰਾਏ ਵੱਲੋਂ ਪੈਰਵਾਈ ਕਰਨ 'ਤੇ ਹਾਈ ਕੋਰਟ ਨੇ ਇਸ ਸਜ਼ਾ ਨੂੰ ਫ਼ਾਂਸੀ ਤੋਂ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਪਰ ਬਦਕਿਸਮਤੀ ਨੇ ਫ਼ਿਰ ਵੀ ਸੰਦੀਪ ਦਾ ਖਹਿੜਾ ਨਾ ਛੱਡਿਆ ਤੇ ਉਥੋਂ ਦੀ ਸੁਪਰੀਮ ਕੋਰਟ ਨੇ ਫ਼ਾਂਸੀ ਦੀ ਸਜ਼ਾ ਨੂੰ ਮੁੜ ਬਹਾਲ ਕਰ ਦਿੱਤਾ।ਉਨਾਂ ਇਹ ਵੀ ਦੱਸਿਆ ਕਿ ਡਾ.ਓਬਰਾਏ ਬਲੱਡ ਮਨੀ ਦੇ ਕੇ ਹੁਣ ਤੱਕ ਸੰਦੀਪ ਸਮੇਤ 94 ਨੌਜਵਾਨਾਂ ਦੀਆਂ ਕੀਮਤੀ ਜਾਨਾਂ ਬਚਾ ਚੁੱਕੇ ਹਨ।
ਹਵਾਈ ਅੱਡੇ ਤੇ ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਸੰਦੀਪ ਨੇ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਜੇਕਰ ਡਾ. ਓਬਰਾਏ ਉਸ ਦੀ ਬਾਂਹ ਨਾ ਫ਼ੜਦੇ ਤਾਂ ਉਹ ਕਦੋਂ ਦਾ ਨਜਾਇਜ਼ ਫ਼ਾਂਸੀ 'ਤੇ ਚੜ੍ਹ ਗਿਆ ਹੁੰਦਾ। ਇਸ ਮੌਕੇ ਮੌਜੂਦ ਸੰਦੀਪ ਦੇ ਭਰਾ ਹਰਜਿੰਦਰ ਸਿੰਘ, ਜਸਬੀਰ ਸਿੰਘ ਤੇ ਭੈਣ ਹਰਜਿੰਦਰ ਕੌਰ, ਭਾਣਜਾ ਗੁਰਪਿੰਦਰ ਸਿੰਘ, ਦਲਵਿੰਦਰ ਸਿੰਘ, ਭਾਬੀ ਸੋਨੀਆ ਆਦਿ ਨੇ ਵੀ ਡਾ.ਐੱਸ.ਪੀ. ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਰੱਬ ਰੂਪੀ ਇਨਸਾਨ ਦੀ ਬਦੌਲਤ ਹੀ ਆਪਣੇ ਜਿਊਂਦੇ ਭਰਾ ਦਾ ਮੂੰਹ ਵੇਖ ਸਕੇ ਹਨ।
ਆਪਣੀਆਂ ਮੰਗਾਂ ਨੂੰ ਲੈ ਕੇ ਟਰਾਂਸਪੋਰਟਰਾਂ ਦੀ ਹੜਤਾਲ 5ਵੇਂ ਦਿਨ ਵੀ ਜਾਰੀ
NEXT STORY