ਸਪੋਰਟਸ ਡੈਸਕ ਟੀ-20 ਵਿਸ਼ਵ ਕੱਪ 2026 ਵਿੱਚ 15 ਫਰਵਰੀ ਨੂੰ ਕੋਲੰਬੋ ਵਿਖੇ ਹੋਣ ਵਾਲੇ ਭਾਰਤ ਅਤੇ ਪਾਕਿਸਤਾਨ ਦੇ ਮਹਾਂ-ਮੁਕਾਬਲੇ ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਹਾਈ-ਵੋਲਟੇਜ ਮੈਚ ਦਾ ਅਸਰ ਸਿੱਧਾ ਹਵਾਈ ਸਫਰ ਅਤੇ ਹੋਟਲਾਂ ਦੇ ਕਿਰਾਏ 'ਤੇ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਅਤੇ ਮੁੰਬਈ ਤੋਂ ਕੋਲੰਬੋ ਜਾਣ ਵਾਲੀਆਂ ਫਲਾਈਟਾਂ ਦਾ ਕਿਰਾਇਆ 5 ਗੁਣਾ ਤੱਕ ਵਧ ਗਿਆ ਹੈ।
ਲੱਖਾਂ ਵਿੱਚ ਪਹੁੰਚਿਆ ਹਵਾਈ ਕਿਰਾਇਆ
ਮੇਕਮਾਈਟ੍ਰਿਪ ਦੀ ਵੈੱਬਸਾਈਟ ਅਨੁਸਾਰ, ਜੇਕਰ ਕੋਈ ਪ੍ਰਸ਼ੰਸਕ 14 ਜਾਂ 15 ਫਰਵਰੀ ਨੂੰ ਦਿੱਲੀ ਜਾਂ ਮੁੰਬਈ ਤੋਂ ਕੋਲੰਬੋ ਜਾਣਾ ਚਾਹੁੰਦਾ ਹੈ, ਤਾਂ ਉਸ ਨੂੰ ਇਕ ਪਾਸੇ ਦੇ ਸਫਰ ਲਈ 1.45 ਲੱਖ ਰੁਪਏ ਤੱਕ ਖਰਚਣੇ ਪੈ ਸਕਦੇ ਹਨ। ਆਮ ਦਿਨਾਂ ਵਿੱਚ ਸਿੱਧੀ ਫਲਾਈਟ ਦਾ ਕਿਰਾਇਆ 30 ਹਜ਼ਾਰ ਰੁਪਏ ਦੇ ਕਰੀਬ ਹੁੰਦਾ ਹੈ। ਦਿੱਲੀ ਤੋਂ 14 ਫਰਵਰੀ ਨੂੰ ਏਅਰ ਇੰਡੀਆ ਦੀ ਫਲਾਈਟ ਦਾ ਕਿਰਾਇਆ 90 ਹਜ਼ਾਰ ਤੋਂ 1.09 ਲੱਖ ਰੁਪਏ ਦੇ ਵਿਚਕਾਰ ਹੈ, ਜਦਕਿ ਸ਼੍ਰੀਲੰਕਨ ਏਅਰਲਾਈਨਜ਼ ਦਾ ਕਿਰਾਇਆ 1.45 ਲੱਖ ਰੁਪਏ ਤੱਕ ਦਿਖਾਈ ਦੇ ਰਿਹਾ ਹੈ। ਮੁੰਬਈ ਤੋਂ ਕੋਲੰਬੋ ਜਾਣ ਲਈ 3 ਘੰਟੇ ਲੱਗਦੇ ਹਨ ਅਤੇ ਉੱਥੇ ਵੀ ਏਅਰ ਇੰਡੀਆ ਦਾ ਕਿਰਾਇਆ 90 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਹੈ।
ਹੋਟਲਾਂ ਦੀ ਬੁਕਿੰਗ ਨੇ ਵੀ ਤੋੜੇ ਰਿਕਾਰਡ
ਸਿਰਫ਼ ਫਲਾਈਟਾਂ ਹੀ ਨਹੀਂ, ਸਗੋਂ ਕੋਲੰਬੋ ਦੇ ਹੋਟਲਾਂ ਦੇ ਰੇਟ ਵੀ ਅਸਮਾਨ ਨੂੰ ਹੱਥ ਲਾ ਰਹੇ ਹਨ। 14 ਅਤੇ 15 ਫਰਵਰੀ ਨੂੰ 3-ਸਟਾਰ ਤੋਂ 5-ਸਟਾਰ ਹੋਟਲਾਂ ਵਿੱਚ ਦੋ ਵਿਅਕਤੀਆਂ ਲਈ ਇੱਕ ਰਾਤ ਦਾ ਕਿਰਾਇਆ 1.14 ਲੱਖ ਰੁਪਏ ਤੱਕ ਪਹੁੰਚ ਗਿਆ ਹੈ, ਜੋ ਆਮ ਤੌਰ 'ਤੇ 40 ਹਜ਼ਾਰ ਰੁਪਏ ਹੁੰਦਾ ਹੈ। ਹਾਲਾਂਕਿ, ਬਜਟ ਯਾਤਰੀਆਂ ਲਈ ਛੋਟੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ 2 ਤੋਂ 3 ਹਜ਼ਾਰ ਰੁਪਏ ਵਿੱਚ ਵੀ ਕਮਰੇ ਉਪਲਬਧ ਹਨ।
ਸ਼੍ਰੀਲੰਕਾ ਦੇ ਸੈਰ-ਸਪਾਟਾ ਉਦਯੋਗ ਲਈ ਉਮੀਦ ਦੀ ਕਿਰਨ
ਇਹ ਮੈਚ ਸ਼੍ਰੀਲੰਕਾ ਦੀ ਆਰਥਿਕਤਾ ਲਈ ਵੀ ਸੰਜੀਵਨੀ ਸਾਬਤ ਹੋ ਸਕਦਾ ਹੈ। ਰਿਪੋਰਟਾਂ ਅਨੁਸਾਰ, ਜਨਵਰੀ 2026 ਵਿੱਚ ਸ਼੍ਰੀਲੰਕਾ ਦੇ ਸੈਰ-ਸਪਾਟਾ ਖੇਤਰ ਦੀ ਕਮਾਈ ਵਿੱਚ ਪਿਛਲੇ ਸਾਲ ਦੇ ਮੁਕਾਬਲੇ 5.6% ਦੀ ਗਿਰਾਵਟ ਆਈ ਹੈ. ਸ਼੍ਰੀਲੰਕਾ ਦੇ ਕੇਂਦਰੀ ਬੈਂਕ ਨੂੰ ਉਮੀਦ ਹੈ ਕਿ ਭਾਰਤ-ਪਾਕਿਸਤਾਨ ਮੈਚ ਕਾਰਨ ਸੈਲਾਨੀਆਂ ਦੀ ਭਾਰੀ ਆਮਦ ਹੋਵੇਗੀ, ਜਿਸ ਨਾਲ ਡਿੱਗ ਰਹੇ ਸੈਰ-ਸਪਾਟਾ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ।
ਭਾਰਤ ਖਿਲਾਫ ਅਸੀਂ ਅਲਗ ਮਾਨਸਿਕਤਾ ਨਾਲ ਖੇਡਾਂਗੇ : ਫਰਹਾਨ
NEXT STORY