ਚੰਡੀਗੜ੍ਹ/ਐੱਸ.ਏ.ਐੱਸ.ਨਗਰ : ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਨੂੰ ਖੇਡਾਂ 'ਚ ਮੋਹਰੀ ਸੂਬਾ ਬਣਾਉਣ ਲਈ ਖੇਡ ਵਿਭਾਗ ਤੇ ਖੇਡ ਐਸੋਸੀਏਸ਼ਨਾਂ ਨੂੰ ਮਿਲ ਕੇ ਚੱਲਣ ਦਾ ਸੱਦਾ ਦਿੱਤਾ। ਇਹ ਗੱਲ ਉਨ੍ਹਾਂ ਸ਼ਨੀਵਾਰ ਇੱਥੇ ਪੰਜਾਬ ਓਲੰਪਿਕ ਭਵਨ ਵਿਖੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਨਿੱਜੀ ਤੌਰ 'ਤੇ ਖੇਡਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਪੰਜਾਬ ਨੂੰ ਮੁੜ ਨੰਬਰ ਇਕ ਸੂਬਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਗੁਜਰਾਤ 'ਚ ਅਗਲੇ ਮਹੀਨੇ ਹੋਣ ਵਾਲੀਆਂ 36ਵੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖੇਡ ਦਲ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਖੇਡ ਮੰਤਰੀ ਨੇ ਸੂਬਾ ਸਰਕਾਰ ਵੱਲੋਂ ਐਸੋਸੀਏਸ਼ਨ ਨੂੰ ਖੇਡ ਦਲ ਲਈ 50 ਲੱਖ ਰੁਪਏ ਦਾ ਚੈੱਕ ਸੌਂਪਿਆ ਤੇ ਹੋਰ ਸਹਾਇਤਾ ਲਈ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਵਿਸ਼ਵਾਸ ਦਿਵਾਇਆ।
ਖ਼ਬਰ ਇਹ ਵੀ : ਹੜ੍ਹ 'ਚ ਰੁੜ੍ਹਿਆ ਪਠਾਨਕੋਟ ਦਾ ਚੱਕੀ ਪੁਲ, ਉਥੇ ਮੂਸੇਵਾਲਾ ਕਤਲ ਕਾਂਡ 'ਚ ਇਕ ਹੋਰ ਗੈਂਗਸਟਰ ਦੀ Entry, ਪੜ੍ਹੋ TOP 10
ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਵੀਂ ਖੇਡ ਨੀਤੀ ਤਿਆਰ ਕਰ ਰਹੀ ਹੈ, ਜਿਸ ਵਿੱਚ ਖਿਡਾਰੀਆਂ ਲਈ ਨਕਦ ਇਨਾਮ, ਨੌਕਰੀ ਦੇਣੀ, ਛੋਟੀ ਉਮਰ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਜਾਵੇਗਾ। ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਦੀ ਵਚਨਬੱਧਤਾ ਤਹਿਤ ਖੇਡ ਵਿਭਾਗ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਜਾ ਰਹੀਆਂ ਹਨ, ਜਿਸ ਦਾ 29 ਅਗਸਤ ਨੂੰ ਮੁੱਖ ਮੰਤਰੀ ਜਲੰਧਰ ਵਿਖੇ ਉਦਘਾਟਨ ਕਰਨਗੇ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ, ਜਿਸ ਤੋਂ ਬਾਅਦ ਸੂਬਾ ਪੱਧਰੀ ਟੂਰਨਾਮੈਂਟ ਦੇ ਜੇਤੂ ਖਿਡਾਰੀਆਂ ਦਾ ਪੂਲ ਬਣ ਜਾਵੇਗਾ, ਜੋ ਅਗਾਂਹ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਮੱਲਾਂ ਮਾਰਨਗੇ। ਇਸ ਟੂਰਨਾਮੈਂਟ ਦਾ ਮਕਸਦ ਪੰਜਾਬ ਵਿੱਚ ਖਿਡਾਰੀਆਂ ਵਿਚਲੀ ਪ੍ਰਤਿਭਾ ਤੇ ਹੁਨਰ ਦੀ ਤਲਾਸ਼ ਕਰਨਾ ਹੈ। ਉਨ੍ਹਾਂ ਪੰਜਾਬ ਓਲੰਪਿਕ ਐਸੋਸੀਏਸ਼ਨ ਅਤੇ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਸੱਦਾ ਪੱਤਰ ਵੀ ਦਿੱਤਾ।
ਇਹ ਵੀ ਪੜ੍ਹੋ : BBMB ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਪੌਂਗ ਡੈਮ ਤੋਂ ਕਿਸੇ ਵੀ ਸਮੇਂ ਛੱਡਿਆ ਜਾ ਸਕਦਾ ਹੈ ਵਾਧੂ ਪਾਣੀ
ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ ਵੱਲੋਂ ਖੇਡ ਮੰਤਰੀ ਮੀਤ ਹੇਅਰ ਨੂੰ ਐਸੋਸੀਏਸ਼ਨ ਦਾ ਪੈਟਰਨ ਬਣਾਉਣ ਦਾ ਐਲਾਨ ਕੀਤਾ ਗਿਆ, ਜਿਸ ਉਪਰੰਤ ਐਸੋਸੀਏਸ਼ਨ ਵੱਲੋਂ ਖੇਡ ਮੰਤਰੀ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾ ਬ੍ਰਹਮ ਮਹਿੰਦਰਾ ਨੇ ਮੀਤ ਹੇਅਰ ਨੂੰ ਪੈਟਰਨ ਬਣਾਉਣ ਲਈ ਮਤਾ ਪਾਇਆ, ਜਿਸ ਨੂੰ ਐਸੋਸੀਏਸ਼ਨ ਦੀ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਪਾਸ ਕੀਤਾ। ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ ਨੇ ਖੇਡ ਮੰਤਰੀ ਮੀਤ ਹੇਅਰ ਵੱਲੋਂ ਖਿਡਾਰੀਆਂ ਨੂੰ ਨਿੱਜੀ ਤੌਰ 'ਤੇ ਹੱਲਾਸ਼ੇਰੀ ਦੇਣ ਅਤੇ ਖੇਡਾਂ ਵਿੱਚ ਦਿਲਚਸਪੀ ਦਿਖਾਉਣ ਦੀ ਸ਼ਲਾਘਾ ਕਰਦਿਆਂ ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਖੇਡ ਵਿਭਾਗ ਤੇ ਐਸੋਸੀਏਸ਼ਨ ਨਾਲ ਮਿਲ ਕੇ ਉਪਰਾਲੇ ਕਰਨ ਦੀ ਗੱਲ ਕੀਤੀ। ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ.ਐੱਸ. ਸਿੱਧੂ ਨੇ ਖੇਡ ਮੰਤਰੀ ਦਾ ਓਲੰਪਿਕ ਭਵਨ ਪਹੁੰਚਣ 'ਤੇ ਧੰਨਵਾਦ ਕਰਦਿਆਂ ਸਵਾਗਤ ਕੀਤਾ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ 'ਚ ਬਣੀ ਸਹਿਮਤੀ, 'ਚੰਡੀਗੜ੍ਹ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਜਾਵੇਗਾ ਰੱਖਿਆ'
ਇਸ ਮੌਕੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ ਮਲੂਕਾ, ਖ਼ਜ਼ਾਨਚੀ ਕਰਮਵੀਰ ਸਿੰਘ ਸਿੱਧੂ, ਕਾਰਜਕਾਰਨੀ ਮੈਂਬਰ ਤੇਜਾ ਸਿੰਘ ਧਾਲੀਵਾਲ, ਅਰਜੁਨ ਐਵਾਰਡੀ ਸੁਰਿੰਦਰ ਸਿੰਘ ਸੋਢੀ, ਕੁਸ਼ਲਦੀਪ ਸਿੰਘ ਕਿੱਲੀ ਢਿੱਲੋਂ, ਕੇ.ਪੀ.ਐੱਸ. ਬਰਾੜ, ਸੰਤੋਸ਼ ਦੱਤਾ, ਪ੍ਰਭਜੋਤ ਸਿੰਘ, ਮਨਿੰਦਰ ਕੌਰ ਵਿਰਕ, ਅਸ਼ੋਕ ਰੌਣੀ, ਆਰ.ਕੇ. ਬਾਲੀ, ਅਰਜੁਨ ਐਵਾਰਡੀ ਜਗਜੀਤ ਸਿੰਘ, ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਰਾਜੇਸ਼ ਧੀਮਾਨ ਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
BBMB ਦੀ ਪੰਜਾਬ ਸਰਕਾਰ ਨੂੰ ਚਿਤਾਵਨੀ, ਪੌਂਗ ਡੈਮ ਤੋਂ ਕਿਸੇ ਵੀ ਸਮੇਂ ਛੱਡਿਆ ਜਾ ਸਕਦਾ ਹੈ ਵਾਧੂ ਪਾਣੀ
NEXT STORY