ਅੰਮ੍ਰਿਤਸਰ (ਦੀਪਕ ਸ਼ਰਮਾ) — ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੱਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ, ਜਿਸ 'ਚ ਗਿਆਨੀ ਹਰਪ੍ਰੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਉਹ ਪੰਥਕ ਮਸਲਿਆਂ 'ਤੇ ਵਿਚਾਰਾਂ ਲਈ ਸਾਰਿਆਂ ਦੀ ਰਾਏ ਲੈਣਗੇ ਅਤੇ ਸਭ ਨੂੰ ਨਾਲ ਲੈ ਕੇ ਚੱਲਣਗੇ। ਇਥੇ ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ 'ਚ ਕਾਰਜਕਾਰੀ ਜਥੇਦਾਰ ਦੇ ਤੌਰ 'ਤੇ ਕੰਮ ਕਰਨ ਦੇ ਨਾਲ-ਨਾਲ ਸ੍ਰੀ ਦਮਦਮਾ ਸਾਹਿਬ ਦਾ ਵੀ ਕੰਮ ਦੇਖਣਗੇ।

ਇਸ ਮੌਕੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਮੁੱਦੇ ਨੂੰ ਮੁੜ ਵਿਚਾਰਨ ਬਾਰੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਬੰਧੀ ਉਹ ਫਿਲਹਾਲ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਨੇ ਕਿਹਾ ਕਿ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ 'ਚ ਇਸ ਮੁੱਦੇ 'ਤੇ ਚਰਚਾ ਕੀਤੀ ਜਾਵੇਗੀ। ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਬਾਰੇ ਕਿਹਾ ਕਿ ਵਿਦਵਾਨ ਜਥੇਦਾਰ ਦੇ ਸੇਵਾਵਾਂ ਸ਼ੁਰੂ ਕਰਨ ਨਾਲ ਸਿੱਖ ਕੌਮ ਦਾ ਭਲਾ ਹੋਵੇਗਾ ਅਤੇ ਸਿੱਖ ਕੌਮ ਅੱਗੇ ਵਧੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਮੀਟਿੰਗ ਸੱਦੀ ਜਾਵੇਗੀ, ਜਿਸ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੱਕੇ ਜਥੇਦਾਰ ਬਾਰੇ ਫੈਸਲਾ ਲਿਆ ਜਾਵੇਗਾ।
ਸ੍ਰੀ ਅਕਾਲ ਤਖਤ ਸਾਹਿਬ ਅਤੇ ਅੱਜ ਸਾਰਾ ਵਾਤਾਵਰਣ ਸਿੱਖ ਮਰਿਆਦਾ ਅਤੇ ਪੰਥਕ ਰਿਵਾਇਤਾ ਦੇ ਵਿਚ ਰੰਗਿਆ ਹੋਇਆ ਸੀ। ਅਹੁਦੇ ਦੀ ਸ਼ੁਰੂਆਤ ਤੋਂ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ 'ਚ ਪਹਿਲਾਂ ਕੀਰਤਨ ਦਰਬਾਰ ਦਾ ਸਮਾਗਮ ਹੋਇਆ। ਮੁੱਖ ਵਾਕ ਹੈੱਡ ਗੰ੍ਰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਿਆਨੀ ਗੁਰਮੁੱਖ ਸਿੰਘ ਜੀ ਨੇ ਲਿਆ। ਅਰਦਾਸ ਭਾਈ ਰਾਜਬੀਰ ਸਿੰਘ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕੀਤੀ ਅਤੇ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗਿਆਨ ਜਗਤਾਰ ਸਿੰਘ ਨੇ ਕਾਰਜਕਾਰੀ ਨਵੇਂ ਬਣੇ ਜਥੇਦਾਰ ਨੂੰ ਪਹਿਲੀ ਦਸਤਾਰ ਦੇ ਕੇ ਨਿਵਾਜਿਆ।

ਕਰਤਾਰਪੁਰ ਦੇ ਲਾਂਘੇ ਨੂੰ ਖੋਲ੍ਹਣ ਸਬੰਧੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਐੱਸ. ਜੀ. ਪੀ. ਸੀ. ਵੱਲੋਂ ਇਕ ਵਫਦ ਪਾਕਿਸਤਾਨ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿਆਸਤ ਤੋਂ ਉਪਰ ਉੱਠ ਕੇ ਸਾਰੇ ਇਸ ਲਈ ਯਤਨਸ਼ੀਲ ਹਨ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ, ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਸ. ਅਵਤਾਰ ਸਿੰਘ ਹਿੱਤ, ੯੬ ਕਰੋੜੀ ਨਿਹੰਗ ਜਥੇਬੰਦੀ ਦੇ ਮੁਖੀ ਜਥੇਦਾਰ ਬਲਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸ. ਹਰਨਾਮ ਸਿੰਘ ਖਾਲਸਾ, ਅਖੰਡ ਕੀਰਤਨੀ ਜਥੇ ਦੇ ਮੁਖੀ ਗਿਆਨੀ ਸੁਖਚੈਨ ਸਿੰਘ ਅਤੇ ਪ੍ਰਮੁੱਖ ਗੁਰਦੁਆਰਿਆਂ ਦੇ ਗ੍ਰੰਥੀ ਅਤੇ ਮੁੱਖੀਆਂ ਤੋਂ ਇਲਾਵਾ ਸੰਤ ਸਮਾਜ ਦੇ ਮੁਖੀਆਂ ਨੇ ਕਾਰਜਕਾਰੀ ਜਥੇਦਾਰ ਨੂੰ ਦਸਤਾਰਾਂ ਭੇਟ ਕਰਕੇ ਜੈਕਾਰਿਆਂ ਦੀ ਗੂੰਜ 'ਚ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਦਾ ਕਾਰਜਭਾਰ ਸੰਭਾਲਣ ਲਈ ਸਨਮਾਨਤ ਕੀਤਾ।
ਉਕਤ ਅਹੁਦਾ ਸੰਭਾਲਣ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੂ•ਪੰਥਕ ਹਸਤੀਆਂ ਦੇ ਨਾਲ ਮੱਥਾ ਟੇਕਣ ਗਏ। ਬਾਅਦ ਦੇ 'ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਥ ਦੇ ਹਿੱਤਾ ਲਈ ਜੋ ਵੀ ਕੋਈ ਫੈਸਲਾ ਕੀਤਾ ਜਾਵੇਗਾ ਉਸ ਬਾਰੇ ਸਾਰੇ ਤਖਤਾਂ ਦੇ ਜਥੇਦਾਰ, ਸਿੱਖ ਬੁੱਧੀਜੀਵੀ, ਸਾਰੀਆਂ ਸੰਪਰਦਾਵਾਂ, ਸੰਤ ਸਮਾਜ, ਨਿਰਮਲੇ ਅਤੇ ਪ੍ਰਮੁੱਖ ਧਾਰਮਿਕ ਜਥੇਬੰਦੀਆਂ ਨੂੰ ਇੱਕਠਾ ਕਰਕੇ ਅਤੇ ਉਨ੍ਹਾਂ ਨਾਲ ਵਿਚਾਰ ਕਰਕੇ ਹੀ ਕੋਈ ਫੈਸਲਾ ਲਿਆ ਜਾਵੇਗਾ। ਕਿਸੇ ਵੀ ਦਬਾਅ ਥਲੇ ਕੋਈ ਵੀ ਫੈਸਲਾ ਨਹੀਂ ਕੀਤਾ ਜਾਵੇਗਾ।
ਕਾਰਜਕਾਰੀ ਜਥੇਦਾਰ ਨੇ ਦੱਸਿਆ ਕਿ ਸਿੱਖ ਪੰਥ ਦੀ ਚੜ•ਦੀ ਕਲਾ ਲਈ ਸਾਰਿਆਂ ਨੂੰ ਇੱਕੋ ਪਲੇਟ ਫਾਰਮ 'ਤੇ ਇੱਕਠਾ ਕਰਕੇ ਪੰਥ ਦੇ ਹਿੱਤ ਲਈ ਹਰ ਇਕ ਫੈਸਲਾ ਲੈਣਗੇ। ਉਨ੍ਹਾਂ ਨੇ ਸਿੱਖ ਕੌਮ ਨੂੰ ਆਪਣੇ ਪਹਿਲੇ ਸੰਦੇਸ਼ ਦੇ 'ਚ ਇਹ ਅਪੀਲ ਕੀਤੀ ਕਿ ਗੁਰੂ ਨਾਲ ਜੁੜਣ ਲਈ ਹਰ ਸਿੱਖ ਆਪਣੇ ਮੋਬਾਇਲ ਨੂੰ ਬੰਦ ਕਰਕੇ ਰੋਜਾਨਾਂ ਸਵੇਰੇ ਸ਼ਾਮ ਮਰਯਾਦ ਦੇ ਮੁਤਾਬਕ ਮੂਲ ਮੰਤਰ ਦਾ ਪਾਠ ਕਰਨ ਤਾਂ ਕਿ ਸਿੱਖ ਪੰਥ ਚੜ੍ਹਦੀ ਕਲਾ 'ਚ ਰਹੇ। ਜਦ ਇਕ ਪੱਤਰਕਾਰ ਨੇ ਬਰਗਾੜੀ ਧਰਨੇ ਤੇ ਬੈਠੇ ਸਿੱਖ ਲੀਡਰਾਂ ਬਾਰੇ ਇਕ ਸਵਾਲ ਪੁੱਛਿਆ ਤਾਂ ਉਸ ਦੇ ਜਵਾਬ ਨੂੰ ਅਣਸੁਣਿਆ ਕਰਦੇ ਹੋਏ ਕਾਰਜਕਾਰੀ ਜਥੇਦਾਰ ਨੇ ਸਪਸ਼ਟ ਕੀਤਾ ਕਿ ਮੇਰਾ ਮਕਸਦ ਹਰ ਸਿੱਖ ਧਾਰਮਿਕ ਜਥੇਬੰਦੀਆਂ, ਸੰਪਰਦਾਵਾਂ ਅਤੇ ਸੰਤ ਸਮਾਜ, ਪੰਥ ਹਿਤੈਸ਼ੀ, ਬੁੱਧੀ ਜੀਵੀਆਂ ਦੇ ਸਹਿਯੋਗ ਨਾਲ ਮੈਂ ਆਪਣੀ ਡਿਊਟੀ ਵਾਹਿਗੁਰੂ ਦੇ ਅਸ਼ੀਰਵਾਦ ਦੇ ਨਾਲ ਨਿਭਾਵਾਂਗਾ। ਇਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਦੇ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਅਹੁਦੇ ਨੂੰ ਪ੍ਰਵਾਨਗੀ ਸੰਗਤ ਵੱਲੋਂ ਦਿੱਤੀ ਗਈ।
ਪਾਰਟੀ ਦੇ ਕਹਿਣ ’ਤੇ ਅਸਤੀਫਾ ਦੇਣ ਦੇ ਵਾਅਦੇ ਤੋਂ ਮੁੱਕਰੇ ਸੁਖਬੀਰ : ਸਿੱਧੂ
NEXT STORY