ਬਟਾਲਾ (ਸੈਂਡੀ) : ਜਿੱਥੇ ਇਕ ਪਾਸੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅਕਾਲੀ ਦਲ ਨੇ ਪੂੰਝ ਕੇ ਰੱਖ ਦਿੱਤਾ ਹੈ ਅਤੇ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਜ਼ਬਰੀ ਪਾਰਟੀ 'ਚੋਂ ਕੱਢਦੇ ਹੋਏ ਖੁਦ ਅਸਤੀਫੇ ਦਿਵਾਏ ਸਨ। ਉਥੇ ਦੂਜੇ ਪਾਸੇ ਬੁੱਧਵਾਰ ਨੂੰ ਕਾਂਗਰਸ ਦੇ ਦਿੱਗਜ ਆਗੂਆਂ ਨੇ ਲੰਗਾਹ 'ਤੇ ਹਮਲਾ ਬੋਲਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੱਡੀ ਮੰਗ ਕੀਤੀ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਲੰਗਾਹ ਦੇ ਕੱਟੜ ਵਿਰੋਧੀ ਸੁਖਜਿੰਦਰ ਸਿੰਘ ਰੰਧਾਵਾ, ਹਲਕਾ ਕਾਦੀਆਂ ਦੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਸਾਂਝੇ ਤੌਰ 'ਤੇ ਕਿਹਾ ਕਿ ਸ਼ੋਸ਼ਲ ਮੀਡੀਆ 'ਤੇ ਚੱਲ ਰਹੀ ਅਸ਼ਲੀਲ ਵੀਡੀਓ ਵਿਚ ਜੋ-ਕੁਕਰਮ ਇਕ ਜਥੇਦਾਰ ਹੁੰਦਿਆਂ ਲੰਗਾਹ ਨੇ ਕੀਤਾ ਹੈ, ਉਹ ਕਿਸੇ ਪਹਿਲੂ ਤੋਂ ਵੀ ਮੁਆਫੀ ਦੇ ਯੋਗ ਨਹੀਂ ਹੈ।
ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਐਤਕੀਂ ਮੌਕਾ ਹੈ, ਤੁਸੀਂ ਸਾਰੇ ਧੋਣੇ-ਧੋ ਦਿਓ ਅਤੇ ਲੰਗਾਹ ਵੱਲੋਂ ਕੀਤੀ ਬਜ਼ਰ ਗਲਤੀ ਦੇ ਚੱਲਦੇ ਅਜਿਹੀ ਸਜ਼ਾ ਸੁਣਾਓ ਕਿ ਦੇਸ਼ਾਂ-ਵਿਦੇਸ਼ਾਂ ਵਿਚ ਬੈਠੇ ਲੱਖਾਂ-ਕਰੋੜਾਂ ਲੋਕ ਦੰਦਾਂ ਥੱਲੇ ਜੀਭ ਲੈ ਲੈਣ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਸਿਰ ਮੋਰ ਹਸਤੀ ਹੈ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਡਰ-ਭੈਅ ਦੇ ਲੰਗਾਹ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਕਾਂਗਰਸੀ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਪ੍ਰਭਾਵ ਹੇਠ ਸ੍ਰੀ ਅਕਾਲ ਤਖਤ ਸਾਹਿਬ ਸਖ਼ਤ ਤੋਂ ਸਖ਼ਤ ਕਾਰਵਾਈ ਨਹੀਂ ਕਰਦਾ, ਤਾਂ ਸਮੁੱਚਾ ਪੰਜਾਬ ਅਤੇ ਵਿਦੇਸ਼ਾਂ 'ਚ ਬੈਠਾ ਭਾਈਚਾਰਾ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੂੰ ਵੀ ਲੰਗਾਹ ਵਿਰੁੱਧ ਖੁੱਲ੍ਹ ਕੇ ਬੋਲਦੇ ਹੋਏ ਸਜ਼ਾ 'ਚ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ ਤਾਂ ਜੋ ਸ਼੍ਰੋਮਣੀ ਕਮੇਟੀ ਦੀ ਮਾਣ ਮਰਿਆਦਾ ਅਤੇ ਅਸੂਲ ਬਰਕਰਾਰ ਰਹਿ ਸਕਣ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਪੀੜਤ ਔਰਤ ਵੱਲੋਂ ਅਸ਼ਲੀਲ ਵੀਡੀਓ ਜਾਰੀ ਨਾ ਕੀਤੀ ਜਾਂਦੀ ਤਾਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ ਸਾਰੇ ਅਕਾਲੀਆਂ ਨੇ ਇਸ ਨੂੰ ਕੇਵਲ ਤੇ ਕੇਵਲ ਕਾਂਗਰਸੀਆਂ ਦੀ ਸਾਜ਼ਿਸ਼ ਕਰਾਰ ਦੇਣਾ ਸੀ ਲੇਕਿਨ ਪੀੜਤਾ ਨੇ ਆਪਣੀ ਇੱਜ਼ਤ ਦੀ ਪ੍ਰਵਾਹ ਨਾ ਕਰਦੇ ਹੋਏ, ਜਿਹੜਾ ਦਲੇਰਆਣਾ ਕਦਮ ਚੁੱਕਿਆ ਹੈ, ਉਸ ਨਾਲ ਅਕਾਲੀ ਲੀਡਰਸ਼ਿਪ ਨੂੰ ਸੱਪ ਸੁੰਘ ਗਿਆ ਹੈ ਅਤੇ ਕੋਈ ਵੀ ਲੰਗਾਹ ਦੇ ਹੱਕ ਵਿਚ ਬੋਲਣ ਨੂੰ ਤਿਆਰ ਨਹੀਂ ਹੈ।
ਰੇਲਵੇ ਫਾਟਕ ਨੂੰ ਟੱਕਰ ਮਾਰ ਕੇ ਆਟੋ ਚਾਲਕ ਫਰਾਰ
NEXT STORY