ਅੰਮ੍ਰਿਤਸਰ (ਦੀਪਕ/ ਸੁਮਿਤ) - 7 ਨਵੰਬਰ ਸ਼ਾਮ 5 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦੇ ਨਾਂ ਸੰਦੇਸ਼ ਦੇਣਗੇ ਜਦਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਤੇ ਸਿੱਖ ਕੌਮ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਸੰਗਤ ਨਾਲ ਵਿਚਾਰ ਸਾਂਝੇ ਕਰਨਗੀਆਂ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਿਲਜੀਤ ਸਿੰਘ ਬੇਦੀ ਨੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਕੀਤਾ। ਬੰਦੀ ਛੋੜ ਦਿਵਸ ਵਾਲੇ ਦਿਨ ਬੁੱਧਵਾਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਬੰਦੀਛੋੜ ਦਿਵਸ ਨੂੰ ਸਮਰਪਿਤ ਗੁ. ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਆਰੰਭ ਕਰ ਦਿੱਤੇ ਗਏ ਹਨ, ਜੋ 8 ਨਵੰਬਰ ਤੱਕ ਲਗਾਤਾਰ ਚੱਲਣਗੇ।
ਸ. ਬੇਦੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ 7 ਨਵੰਬਰ ਨੂੰ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ਕਵੀਸ਼ਰੀ ਸਮਾਗਮ ਹੋਵੇਗਾ, ਜਿਸ 'ਚ ਭਾਈ ਗੁਰਿੰਦਰਪਾਲ ਸਿੰਘ ਬੈਂਕਾ, ਭਾਈ ਗੁਰਮੁੱਖ ਸਿੰਘ ਐੱਮ. ਏ., ਭਾਈ ਗੁਰਦਿਆਲ ਸਿੰਘ ਢਿੱਲਵਾਂ, ਭਾਈ ਲਖਮੀਰ ਸਿੰਘ ਮਸਤ ਤੇ ਭਾਈ ਸੁਲੱਖਣ ਸਿੰਘ ਰਿਆੜ ਦੇ ਕਵੀਸ਼ਰੀ ਜਥੇ ਗੁਰ-ਇਤਿਹਾਸ ਨਾਲ ਸੰਗਤ ਨੂੰ ਜੋੜਨਗੇ। 7 ਨਵੰਬਰ ਨੂੰ ਰਾਤ 7 ਤੋਂ 1 ਵਜੇ ਤੱਕ ਢਾਡੀ ਸਮਾਗਮ 'ਚ ਭਾਈ ਬਲਦੇਵ ਸਿੰਘ ਐੱਮ. ਏ., ਭਾਈ ਗੁਰਮੇਜ ਸਿੰਘ ਸ਼ਹੂਰਾ, ਭਾਈ ਨਿਰਮਲ ਸਿੰਘ ਨੂਰ, ਭਾਈ ਮੇਜਰ ਸਿੰਘ ਲੋਹੀਆਂ, ਭਾਈ ਸਵਿੰਦਰ ਸਿੰਘ ਭੰਗੂ ਤੇ ਭਾਈ ਖੜਗ ਸਿੰਘ ਪਠਾਨਕੋਟ ਦੇ ਢਾਡੀ ਜਥੇ ਹਾਜ਼ਰੀ ਭਰਨਗੇ। 7 ਨਵੰਬਰ ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਮੋਹਕ ਦੀਪਮਾਲਾ ਹੋਵੇਗੀ ਅਤੇ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਆਤਿਸ਼ਬਾਜ਼ੀ ਚਲਾਈ ਜਾਵੇਗੀ।
ਆਪਸੀ ਸਾਂਝ ਅਤੇ ਪਿਆਰ ਦਾ ਪ੍ਰਤੀਕ ਹੈ ਦੀਵਾਲੀ ਦਾ ਤਿਉਹਾਰ
NEXT STORY