ਮੋਹਾਲੀ (ਨਿਆਮੀਆਂ)-ਪਿਛਲੇ 24 ਦਿਨਾਂ ਤੋਂ ਸੋਹਾਣਾ ਦੀ ਪਾਣੀ ਦੀ ਟੈਂਕੀ 'ਤੇ ਧਰਨਾ ਦੇ ਰਹੇ ਬੇਰੁਜ਼ਗਾਰ ਟੈੱਟ ਪਾਸ ਅਤੇ ਸਬਜੈਕਟ ਪਾਸ ਅਧਿਆਪਕਾਂ ਨੇ ਅੱਜ ਸਿੱਖਿਆ ਸਕੱਤਰ ਨਾਲ ਗੱਲਬਾਤ ਸਫਲ ਨਾ ਹੋਣ 'ਤੇ ਰੋਸ ਵਜੋਂ ਇੰਟਰਨੈਸ਼ਨਲ ਏਅਰਪੋਰਟ ਰੋਡ ਨੂੰ ਜਾਮ ਕਰਕੇ ਸਰਕਾਰ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਜੋ ਬੇਰੁਜ਼ਗਾਰ ਅਧਿਆਪਕ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਨ, ਉਨ੍ਹਾਂ ਨੇ ਪਾਣੀ ਦੀ ਟੈਂਕੀ 'ਤੇ ਹੀ ਸਰਕਾਰ ਦੇ ਪੁਤਲੇ ਨੂੰ ਅੱਗ ਲਾਈ। ਹੇਠਾਂ ਮਰਨ ਵਰਤ 'ਤੇ ਬੈਠੇ ਉਨ੍ਹਾਂ ਦੇ ਹੋਰ ਸਾਥੀ ਤੇ ਅਧਿਆਪਕਾਂ ਨੇ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਪਹਿਲਾਂ ਤੋਂ ਨਿਰਧਾਰਿਤ ਸਮੇਂ ਅਨੁਸਾਰ ਅੱਜ ਇਨ੍ਹਾਂ ਅਧਿਆਪਕਾਂ ਦੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਹੋਈ। ਇਸ ਤੋਂ ਪਹਿਲਾਂ 28 ਜੂਨ ਨੂੰ ਪ੍ਰਸ਼ਾਸਨ ਨੇ ਇਨ੍ਹਾਂ ਅਧਿਆਪਕਾਂ ਦੀ ਸਿੱਖਿਆ ਵਿਭਾਗ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਸੀ ਤੇ ਅੱਜ ਦੀ ਪੈਨਲ ਮੀਟਿੰਗ ਨਿਰਧਾਰਿਤ ਕੀਤੀ ਗਈ ਸੀ। ਮੀਟਿੰਗ 'ਚ ਅਧਿਆਪਕਾਂ ਦੀ ਸਰਕਾਰ ਨੇ ਕੋਈ ਮੰਗ ਨਹੀਂ ਮੰਨੀ, ਜਿਵੇਂ ਹੀ ਧਰਨਾਕਾਰੀਆਂ ਨੂੰ ਸਿੱਖਿਆ ਵਿਭਾਗ ਨਾਲ ਚੱਲ ਰਹੀ ਗੱਲ ਦੇ ਅਸਫਲ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਇੰਟਰਨੈਸ਼ਨਲ ਏਅਰਪੋਰਟ ਰੋਡ 'ਤੇ ਜਾਮ ਲਾ ਦਿੱਤਾ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਉਧਰ ਟੈਂਕੀ 'ਤੇ ਚੜ੍ਹੇ ਅਧਿਆਪਕਾਂ ਅਰਵਿੰਦਰ ਸਿੰਘ, ਸਤਨਾਮ ਸਿੰਘ, ਵਿਜੈ ਕੁਮਾਰ, ਬਰਿੰਦਰ ਕੌਰ ਨਾਭਾ ਤੇ ਪਰਵੀਨ ਰਾਣੀ ਨੇ ਟੈਂਕੀ ਉਪਰ ਹੀ ਸਰਕਾਰ ਦਾ ਪੁਤਲਾ ਬਣਾ ਕੇ ਸਾੜ ਦਿੱਤਾ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਕੋਲ 10 ਲੀਟਰ ਪੈਟਰੋਲ ਹੈ ਤੇ ਜ਼ਹਿਰ ਵੀ ਜੇਕਰ ਉਨ੍ਹਾਂ ਨੂੰ ਰੁਜ਼ਗਾਰ ਨਾ ਦਿੱਤਾ ਗਿਆ ਤਾਂ ਉਹ ਕੋਈ ਵੀ ਸਖਤ ਕਦਮ ਚੁੱਕ ਸਕਦੇ ਹਨ ਪਰ ਨੌਕਰੀ ਲਏ ਬਗੈਰ ਉਹ ਟੈਂਕੀ ਤੋਂ ਹੇਠਾਂ ਨਹੀਂ ਉਤਰਨਗੇ।
ਉਨ੍ਹਾਂ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਚੁੱਕ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੇ ਹਨ ਤੇ ਬਿਨਾਂ ਨੌਕਰੀ ਦੇ ਉਹ ਜਿਊਂਦੇ ਹੇਠਾਂ ਨਹੀਂ ਆਉਣਗੇ।
ਫਿਰੋਜ਼ਪੁਰ ਰੇਲਵੇ ਸਟੇਸ਼ਨ ਉੱਤੇ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)
NEXT STORY