ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼-ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਇਸ ਮਕਸਦ ਲਈ ਇਹ ਬੇਹੱਦ ਅਹਿਮ ਹੋ ਜਾਂਦਾ ਹੈ ਕਿ ਵਿਭਾਗੀ ਅਧਿਕਾਰੀ ਫੀਲਡ ਵਿੱਚ ਜਾ ਕੇ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਦੂਰ ਕਰਕੇ ਵਿਭਾਗ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਮਿਲ ਸਕੇ। ਇਹ ਵਿਚਾਰ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨੇ ਹਾਜ਼ਰ ਸਮੂਹ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰਾਂ ਅਤੇ ਹੋਰਨਾਂ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਵਿੱਚ ਬੂਟੇ ਲਗਾਉਣ ਲਈ ਵੀ ਉਤਸ਼ਾਹਿਤ ਕੀਤਾ ਤਾਂ ਜੋ ਹਰਿਆਵਲ ਹੇਠਲੇ ਖੇਤਰ ਵਿੱਚ ਵਾਧਾ ਹੋ ਸਕੇ ਅਤੇ ਵਿਭਾਗ ਦੇ ਦਫ਼ਤਰਾਂ ਦੀ ਦਿੱਖ ਹੋਰ ਵੀ ਵਧੀਆ ਬਣ ਸਕੇ। ਇਸ ਮੌਕੇ ਮੰਤਰੀ ਨੇ ਆਟਾ ਦਾਲ ਦੇ ਕਾਰਡਾਂ ਦੀ ਵੈਰੀਫਿਕੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਉੱਤੇ ਵੀ ਜ਼ੋਰ ਦਿੱਤਾ ਤਾਂ ਜੋ ਯੋਗ ਲਾਭਪਾਤਰੀ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿਣ। ਅਧਿਕਾਰੀਆਂ ਨੂੰ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਕੰਮਕਾਜ ਵਿੱਚ ਕੁਤਾਹੀ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹੈਲਥ ਅਪਡੇਟ : ਪੀ. ਜੀ. ਆਈ. ਵਲੋਂ ਕੀਤੀ ਗਈ ਖੋਜ ’ਚ ਸਾਹਮਣੇ ਆਇਆ ਹੈਰਾਨੀਜਨਕ ਤੱਥ
ਇਸ ਮੌਕੇ ਸ੍ਰੀ ਕਟਾਰੂਚੱਕ ਨੂੰ ਇਸ ਗੱਲ ਤੋਂ ਜਾਣੂੰ ਕਰਵਾਇਆ ਗਿਆ ਕਿ ਵਿਭਾਗ ਦੇ ਡੀ.ਐੱਫ਼.ਐੱਸ.ਸੀ. ਲੁਧਿਆਣਾ (ਪੂਰਬੀ) ਅਤੇ ਡੀ.ਐੱਫ.ਐੱਸ.ਸੀ. ਲੁਧਿਆਣਾ (ਪੱਛਮੀ) ਵਿੰਗਾਂ ਨੂੰ 27 ਜਨਵਰੀ ਤੱਕ ਵੱਖਰੇ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਤਾਂ ਜੋ ਕੰਮਕਾਜ ਬਿਨਾਂ ਕਿਸੇ ਰੁਕਾਵਟ ਦੇ ਨਿਰਵਿਘਨ ਚੱਲ ਸਕੇ। ਇਸ ਦੇ ਨਾਲ ਹੀ ਡੀ.ਐੱਫ਼.ਐੱਸ.ਸੀਜ਼ ਨੂੰ ਇਹ ਹਦਾਇਤ ਵੀ ਕੀਤੀ ਗਈ ਕਿ ਮਹੀਨੇ ਵਿੱਚ ਘੱਟੋ ਘੱਟ ਇਕ ਵਾਰ ਐੱਫ.ਆਰ.ਕੇ. ਪਲਾਂਟਾਂ ਦਾ ਦੌਰਾ ਕੀਤਾ ਜਾਇਆ ਕਰੇ। ਕਣਕ ਦੇ ਸਟਾਕ ਅਤੇ ਇਸ ਦੀ ਗੁਣਵੱਤਾ ਬਰਕਰਾਰ ਰੱਖਣ ਸਬੰਧੀ ਵਿਭਾਗ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਇਸ ਮੌਕੇ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ। ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਭੰਡਾਰੀ ਨੇ ਮੰਤਰੀ ਨੂੰ ਯਕੀਨ ਦਵਾਇਆ ਕਿ ਵਿਭਾਗੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਅਤੇ ਵਿਭਾਗ ਦੇ ਕੰਮਕਾਜ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਚਲਾਉਣ ਵਿੱਚ ਪੂਰਨ ਪਾਰਦਰਸ਼ੀ ਕਾਰਜ ਵਿਧੀ ਅਪਣਾਈ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਡਾਇਰੈਕਟਰ ਘਨਸ਼ਿਆਮ ਥੋਰੀ, ਜੁਆਇੰਟ ਡਾਇਰੈਕਟਰ ਡਾ. ਅੰਜੁਮਨ ਭਾਸਕਰ ਅਤੇ ਜੁਆਇੰਟ ਡਾਇਰੈਕਟਰ ਅਜੈਵੀਰ ਸਿੰਘ ਸਰਾਓ ਤੋਂ ਇਲਾਵਾ ਸਮੂਹ ਜ਼ਿਲ੍ਹਿਆਂ ਤੋਂ ਡੀ.ਐਫ.ਐਸ.ਸੀਜ਼ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਉਦਯੋਗਾਂ ਤੇ ਹਾਊਸਿੰਗ ਨਾਲ ਸਬੰਧਤ ਮਸਲਿਆਂ ਦੇ ਨਿਪਟਾਰੇ ਲਈ ‘ਕੋਰ ਗਰੁੱਪ’ ਦਾ ਹੋਵੇਗਾ ਗਠਨ : ਅਮਨ ਅਰੋੜਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਮਲੋਟ 'ਚ ਵੱਡੀ ਵਾਰਦਾਤ, ਦੁਬਈ ਤੋਂ ਪਰਤੇ ਜਵਾਈ ਨੇ ਸਹੁਰੇ ਤੇ ਸਾਲੇ ਦਾ ਕੀਤਾ ਕਿਰਚ ਮਾਰ ਕੇ ਕਤਲ
NEXT STORY