ਰੂਪਨਗਰ, (ਵਿਜੇ)- ਸਥਾਨਕ ਹੋਲੀ ਫੈਮਿਲੀ ਸਕੂਲ ਦੇ ਨੇੜੇ ਹੁਸੈਨਪੁਰ ਸਥਿਤ ਇਕ ਘਰ 'ਚੋਂ ਚੋਰਾਂ ਨੇ ਕੀਮਤੀ ਗਹਿਣੇ ਅਤੇ ਹੋਰ ਚੀਜ਼ਾਂ 'ਤੇ ਹੱਥ ਸਾਫ ਕਰ ਦਿੱਤਾ, ਜਦੋਂਕਿ ਘਰ ਦੇ ਪਰਿਵਾਰਕ ਮੈਂਬਰ ਕਿਸੇ ਸਮਾਰੋਹ 'ਚ ਗਏ ਹੋਏ ਸਨ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਚੋਰੀ ਦੀ ਘਟਨਾ ਦਾ ਜਾਇਜ਼ਾ ਲਿਆ ਅਤੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਕਤ ਘਟਨਾ ਬਾਰੇ ਹੋਲੀ ਫੈਮਿਲੀ ਸਕੂਲ ਦੇ ਨੇੜੇ ਹੁਸੈਨਪੁਰ ਨਿਵਾਸੀ ਅਸ਼ੋਕ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਕਿਸੇ ਵਿਆਹ ਪ੍ਰੋਗਰਾਮ 'ਚ ਗਿਆ ਹੋਇਆ ਸੀ ਅਤੇ ਪਿੱਛਿਓਂ ਗੁਆਂਢੀਆਂ ਨੂੰ ਦੇਖ-ਰੇਖ ਲਈ ਕਹਿ ਗਏ ਸੀ। ਜਦੋਂ ਉਨ੍ਹਾਂ ਅੱਜ ਘਰ ਪਹੁੰਚ ਕੇ ਦੇਖਿਆ ਤਾਂ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਘਰ ਤੋਂ ਸੋਨੇ ਦੇ ਕੀਮਤੀ ਗਹਿਣੇ ਜਿਨ੍ਹਾਂ 'ਚ ਵਾਲੀਆਂ, ਕਾਂਟੇ, ਚਾਂਦੀ ਦੀ ਚੇਨ, ਬ੍ਰੈਸਲੇਟ, ਬੱਚਿਆਂ ਦੇ ਚਾਂਦੀ ਦੇ ਕੜੇ ਅਤੇ ਘਰ 'ਚ ਰੱਖਿਆ ਬਿਊਟੀ ਪਾਰਲਰ ਦਾ ਸਾਮਾਨ ਚੋਰੀ ਕਰ ਲਿਆ ਗਿਆ। ਇਸ ਦੇ ਇਲਾਵਾ ਚੋਰ ਮੰਦਰ 'ਚ ਰੱਖੇ ਕਰੀਬ 1000 ਰੁਪਏ ਵੀ ਚੋਰੀ ਕਰ ਕੇ ਲੈ ਗਏ। ਅਸ਼ੋਕ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਦਾ ਪਤਾ ਉਨ੍ਹਾਂ ਨੂੰ ਗੁਆਂਢੀਆਂ ਰਾਹੀਂ ਲੱਗਾ। ਮੌਕੇ 'ਤੇ ਸਿਟੀ ਪੁਲਸ ਨੇ ਪਹੁੰਚ ਕੇ ਘਟਨਾ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ। ਜਦੋਂ ਕਿ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਸੀ। ਚੋਰੀ ਦੀ ਉਕਤ ਘਟਨਾ 'ਚ ਕਰੀਬ ਇਕ ਲੱਖ ਰੁਪਏ ਦਾ ਨੁਕਸਾਨ ਦੱਸਿਆ ਗਿਆ। ਦੂਜੇ ਪਾਸੇ ਬੀਤੇ 2-3 ਦਿਨਾਂ 'ਚ ਇਹ ਚੋਰੀ ਦੀ 6ਵੀਂ ਵਾਰਦਾਤ ਹੈ, ਜਿਸ ਸਬੰਧੀ ਪੁਲਸ ਦੀ ਕਾਰਵਾਈ ਤੋਂ ਲੋਕ ਪ੍ਰੇਸ਼ਾਨ ਹਨ।
2 ਮੋਟਰਸਾਈਕਲਾਂ ਦੀ ਟੱਕਰ 'ਚ ਪਤੀ-ਪਤਨੀ ਜ਼ਖਮੀ
NEXT STORY