ਅੰਮ੍ਰਿਤਸਰ (ਜਸ਼ਨ) - ਮਾਣਯੋਗ ਜੱਜ ਅਰੁਣ ਸ਼ੋਰੀ ਦੀ ਅਦਾਲਤ ਨੇ ਇਕ ਅਹਿਮ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਅਮਰਦੀਪ ਸਿੰਘ ਢਿੱਲੋਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਮਤਰੇਈ ਮਾਂ ਮਹਿੰਦਰ ਕੌਰ, ਮਜੀਠਾ ਰੋਡ ਸਥਿਤ ਪਾਵਰ ਕਾਲੋਨੀ ਕੋਲ ਮੌਜੂਦ 1017 ਵਰਗ ਗਜ਼ ਦੀ ਜਾਇਦਾਦ ਨੂੰ ਨਾ ਤਾਂ ਵੇਚ ਸਕੇਗੀ ਅਤੇ ਨਾ ਹੀ ਕਿਸੇ ਹੋਰ ਦੇ ਨਾਮ ਤਬਦੀਲ ਕਰ ਸਕੇਗੀ।
ਅਦਾਲਤ ਨੇ ਸ਼ਿਕਾਇਤਕਰਤਾ ਦੇ ਸੀਨੀਅਰ ਵਕੀਲ ਵਰੁਣ ਕੁਮਾਰ ਮਹਿਤਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਕਤ ਜਾਇਦਾਦ ’ਤੇ ਸਟੇਟਸ-ਕੋ ਲਗਾ ਦਿੱਤਾ ਹੈ।
ਐਡਵੋਕੇਟ ਮਹਿਤਾ ਨੇ ਦੱਸਿਆ ਕਿ ਮਜੀਠਾ ਰੋਡ ਦੇ ਰਹਿਣ ਵਾਲੇ ਅਤੇ ਮੌਜੂਦਾ ਸਮੇਂ ਕੈਨੇਡਾ ਵਿਚ ਵਸੇ ਅਮਰਦੀਪ ਸਿੰਘ ਢਿੱਲੋਂ ਦਾ ਵਿਦੇਸ਼ ਵਿਚ ਕਾਰੋਬਾਰ ਹੈ। ਉਹ ਕਰੀਬ 30-35 ਸਾਲ ਪਹਿਲਾਂ ਵਿਦੇਸ਼ ਚਲੇ ਗਏ ਸਨ ਅਤੇ ਉਨ੍ਹਾਂ ਦੀ ਮਾਂ ਦਾ ਕਾਫੀ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੇ ਪਿਤਾ ਗੁਰਮੇਲ ਸਿੰਘ ਦੀ 5 ਅਕਤੂਬਰ 2021 ਨੂੰ ਅਚਾਨਕ ਮੌਤ ਹੋ ਗਈ।
ਕੁਝ ਮਹੀਨੇ ਪਹਿਲਾਂ ਅਮਰਦੀਪ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਮਤਰੇਈ ਮਾਂ ਮਹਿੰਦਰ ਕੌਰ ਇਸ ਮਹਿੰਗੀ ਜਾਇਦਾਦ ਨੂੰ ਭੂ-ਮਾਫ਼ੀਆ ਨਾਲ ਮਿਲ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਐੱਨ.ਆਰ.ਆਈ. ਥਾਣੇ ਵਿਚ ਵੀ ਸ਼ਿਕਾਇਤ ਦਰਜ ਕਰਵਾਈ ਹੈ, ਤਾਂ ਜੋ ਮਹਿੰਦਰ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕੇ ਅਤੇ ਕਿਸੇ ਵੀ ਗ਼ੈਰ-ਕਾਨੂੰਨੀ ਕਾਰਵਾਈ ਨੂੰ ਰੋਕਿਆ ਜਾ ਸਕੇ।
ਇਸ ਤੋਂ ਬਾਅਦ ਐਡਵੋਕੇਟ ਵਰੁਣ ਮਹਿਤਾ ਨੇ ਸਾਰੇ ਸਬੂਤਾਂ ਅਤੇ ਦਸਤਾਵੇਜ਼ਾਂ ਸਮੇਤ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ। ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਉਕਤ ਜਾਇਦਾਦ ’ਤੇ ਸਟੇਟਸ-ਕੋ ਜਾਰੀ ਕਰ ਦਿੱਤਾ ਹੈ, ਜਿਸ ਕਾਰਨ ਹੁਣ ਮਹਿੰਦਰ ਕੌਰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਇਹ ਜਾਇਦਾਦ ਨਹੀਂ ਵੇਚ ਸਕੇਗੀ।
ਮਨਰੇਗਾ ਸ਼ਿਕਾਇਤਕਰਤਾ ਤੇ ਪੰਚਾਇਤ ਵੱਲੋਂ ਏਡੀਸੀ ਫ਼ਾਜ਼ਿਲਕਾ ’ਤੇ ਬਦਸਲੂਕੀ ਦੇ ਦੋਸ਼
NEXT STORY