ਸੁਲਤਾਨਪੁਰ ਲੋਧੀ, (ਧੀਰ)- ਕੜਾਕੇ ਦੀ ਠੰਡ ਤੋਂ ਬਚਣ ਲਈ ਅੰਗੀਠੀ ਤੇ ਰੂਮ ਹੀਟਰ ਦੀ ਵਰਤੋਂ ਆਮ ਜਿਹੀ ਗੱਲ ਹੈ ਪਰ ਸਾਵਧਾਨ ਇਹ ਦੋਵੇਂ ਢੰਗ ਤੁਹਾਡੀ ਮੌਤ ਦਾ ਕਾਰਨ ਵੀ ਬਣ ਸਕਦੇ ਹਨ। ਮਜ਼ਦੂਰਾਂ ਦੇ ਘਰ 'ਚ ਅੰਗੀਠੀ ਤੇ ਉੱਚ ਵਰਗ ਦੇ ਘਰਾਂ 'ਚ ਹੀਟਰ ਦੀ ਵਰਤੋਂ ਹੁੰਦੀ ਹੈ। ਤੁਹਾਡੀ ਚੰਗੀ ਸਿਹਤ ਲਈ ਦੱਸ ਦਈਏ ਕਿ ਦੋਵੇਂ ਹੀ ਹਾਲਾਤ ਸਰੀਰ 'ਤੇ ਹਾਨੀਕਾਰਕ ਤੇ ਜਾਨਲੇਵਾ ਅਸਰ ਕਰਦੇ ਹਨ।
ਬੀਤੇ ਦਿਨੀਂ ਮੋੜ ਮੁੰਡੀ ਦੇ ਪਿੰਡ 'ਚ ਵਾਪਰੀ ਅਜਿਹੀ ਘਟਨਾ ਨੇ ਫਿਰ ਤੋਂ ਇਸ ਦੀ ਵਰਤੋਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੰਦ ਕਮਰੇ 'ਚ ਜਿਥੇ ਅੰਗੀਠੀ ਜਲਾਉਣਾ ਸਿੱਧਾ ਦਿਲ ਦੀ ਬੀਮਾਰੀ ਨੂੰ ਸੱਦਾ ਦਿੰਦਾ ਹੈ। ਸਾਹ ਰਾਹੀਂ ਕਾਰਬਨ ਖੂਨ 'ਚ ਪਹੁੰਚ ਕੇ ਆਕਸੀਜਨ ਨੂੰ ਮਾਰਨ ਦਾ ਕੰਮ ਕਰਦੀ ਹੈ ਤੇ ਦਿਲ ਤਕ ਜਾਣ ਵਾਲੀਆਂ ਨਾੜੀਆਂ 'ਚ ਆਕਸੀਜਨ ਘੱਟ ਹੋਣ ਨਾਲ ਹਾਰਟ ਅਟੈਕ ਦੀ ਸਥਿਤੀ ਬਣ ਸਕਦੀ ਹੈ। ਉਥੇ ਰੂਮ ਹੀਟਰ ਵੀ ਸਿਹਤ ਲਈ ਖਤਰੇ ਦੀ ਘੰਟੀ ਸਾਬਿਤ ਹੋ ਸਕਦਾ ਹੈ। ਰੂਮ ਹੀਟਰ ਨੂੰ ਜੇਕਰ ਸਾਵਧਾਨੀ ਨਾਲ ਨਾ ਵਰਤਿਆ ਜਾਵੇ ਤਾਂ ਇਹ ਮੌਤ ਨੂੰ ਸੱਦਾ ਦੇ ਸਕਦਾ ਹੈ ਕਿਉਂਕਿ ਇਸ ਨਾਲ ਵੀ ਹਾਨੀਕਾਰਕ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ, ਇਸ ਲਈ ਬਚਾਅ 'ਚ ਹੀ ਬਚਾਅ ਹੈ। ਬੰਦ ਕਮਰੇ 'ਚ ਕਦੇ ਵੀ ਅੰਗੀਠੀ ਜਾਂ ਰੂਮ ਹੀਟਰ ਲਾ ਕੇ ਨਹੀਂ ਸੌਣਾ ਚਾਹੀਦਾ।
ਕਿਉਂ ਨਹੀਂ ਕਰਨੀ ਚਾਹੀਦੀ ਬੰਦ ਕਮਰੇ 'ਚ ਹੀਟਰ ਤੇ ਅੰਗੀਠੀ ਦੀ ਵਰਤੋਂ : ਅਸਲ 'ਚ ਅੰਗੀਠੀ 'ਚ ਵਰਤੇ ਜਾਣ ਵਾਲੇ ਕੋਲੇ ਜਾਂ ਲਕੜੀ ਦੇ ਜਲਣ ਨਾਲ ਕਾਰਬਨ ਮੋਨੋਆਕਸਾਈਡ ਤੋਂ ਬਿਨਾਂ ਕਈ ਹੋਰ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਜਾਨਲੇਵਾ ਸਾਬਿਤ ਹੁੰਦੀਆਂ ਹਨ। ਇਹ ਗੈਸ ਨਾ ਸਿਰਫ ਸਰੀਰ 'ਚ ਆਕਸੀਜਨ ਦੀ ਮਾਤਰਾ ਨੂੰ ਘੱਟ ਕਰ ਦਿੰਦੀ ਹੈ, ਬਲਕਿ ਫੇਫੜਿਆਂ 'ਚ ਪਹੁੰਚ ਕੇ ਉਸਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਨਾਲ ਖੂਨ 'ਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਅੰਗੀਠੀ ਹੀ ਨਹੀਂ ਇਸ ਤਰ੍ਹਾਂ ਦਾ ਖਤਰਾ ਅੱਗ ਤੋਂ ਵੀ ਹੋ ਸਕਦਾ ਹੈ। ਆਮ ਤੌਰ 'ਤੇ ਵੇਖਣ 'ਚ ਆਉਂਦਾ ਹੈ ਕਿ ਠੰਡ ਤੋਂ ਬਚਣ ਲਈ ਲੋਕ ਘਰ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਬੰਦ ਕਰ ਲੈਂਦੇ ਹਨ ਤੇ ਰੂਮ ਹੀਟਰ ਜਾਂ ਅੰਗੀਠੀ ਜਲਾ ਲੈਂਦੇ ਹਨ ਤੇ ਸੌਂਦੇ ਸਮੇਂ ਇਨ੍ਹਾਂ 'ਚੋਂ ਨਿਕਲਣ ਵਾਲੀਆਂ ਖਤਰਨਾਕ ਗੈਸਾਂ ਸਾਡੇ ਸਰੀਰ 'ਚ ਕਦੋਂ ਪ੍ਰਵੇਸ਼ ਕਰ ਜਾਂਦੀਆਂ ਹਨ, ਪਤਾ ਹੀ ਨਹੀਂ ਲੱਗਦਾ ਤੇ ਆਕਸੀਜਨ ਦੀ ਸਹੀ ਮਾਤਰਾ ਸਰੀਰ ਨੂੰ ਨਾ ਮਿਲਣ ਕਾਰਨ ਬੰਦ ਕਮਰੇ 'ਚ ਸੌ ਰਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਕੀ ਹੈ ਕਾਰਬਨ ਮੋਨੋਆਕਸਾਈਡ : ਇਹ ਇਕ ਰੰਗਹੀਣ ਤੇ ਗੰਧਹੀਣ ਗੈਸ ਹੈ, ਜੋ ਕਿ ਕਾਰਬਨ ਡਾਈਆਕਸਾਈਡ ਤੋਂ ਵੀ ਜ਼ਿਆਦਾ ਖਤਰਨਾਕ ਹੈ। ਹਵਾ ਦੇ ਨਾਲ ਸਰੀਰ 'ਚ ਪੁੱਜਣ 'ਤੇ ਇਹ ਗੈਸ ਜ਼ਹਿਰੀਲੀ ਹੋ ਜਾਂਦੀ ਹੈ ਤੇ ਵਿਅਕਤੀ ਨੂੰ ਗੰਭੀਰ ਰੂਪ 'ਚ ਬੀਮਾਰ ਕਰ ਸਕਦੀ ਹੈ। ਦੇਰ ਤਕ ਇਸ ਦੇ ਸੰਪਰਕ 'ਚ ਰਹਿਣ ਨਾਲ ਦਮ ਘੁੱਟ ਸਕਦਾ ਹੈ ਤੇ ਮੌਤ ਵੀ ਹੋ ਸਕਦੀ ਹੈ। ਕਾਰਬਨ ਮੋਨੋਆਕਸਾਈਡ ਸਰੀਰ ਨੂੰ ਆਕਸੀਜਨ ਪਹੁੰਚਾਉਣ ਵਾਲੇ ਰੈੱਡ ਬਲੱਡ ਸੇਲਜ਼ 'ਤੇ ਅਸਰ ਪਾਉਂਦੀ ਹੈ, ਜਿਸ ਨਾਲ ਸਰੀਰ ਦਾ ਪੂਰਾ ਆਕਸੀਜਨ ਟਾਂਸਪੋਰਟ ਸਿਸਟਮ ਪ੍ਰਭਾਵਤ ਹੋ ਜਾਂਦਾ ਹੈ ਤੇ ਆਕਸੀਜਨ ਨਾ ਮਿਲਣ ਕਾਰਨ ਸਰੀਰ ਦੇ ਸੈੱਲ ਮਰਨ ਲੱਗਦੇ ਹਨ।
ਕੀ ਕਹਿੰਦੇ ਹਨ ਮਾਹਿਰ ਡਾਕਟਰ : ਪ੍ਰਸਿੱਧ ਗੋਲਡ ਮੈਡਲਿਸਟ ਡਾ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਰੂਮ ਹੀਟਰ ਤੇ ਬਲੋਅਰ ਦੀ ਵਰਤੋਂ ਸਿਹਤ ਪੱਖੋਂ ਬੇਹੱਦ ਖਤਰਨਾਕ ਸਾਬਤ ਹੋ ਸਕਦੀ ਹੈ। ਸਰਦੀ ਤੋਂ ਬਚਾਓ ਲਈ ਇਸ ਦੀ ਵਰਤੋਂ ਸਿਹਤ 'ਤੇ ਬੁਰਾ ਅਸਰ ਪਾਉਂਦੀ ਹੈ। ਕਮਰਾ ਬੰਦ ਕਰਕੇ ਰੋਜ਼ ਅੰਗੀਠੀ ਜਾਂ ਹੀਟਰ ਚਲਾਉਣ ਨਾਲ ਸੀਨੇ 'ਚ ਦਰਦ ਦੇ ਲੱਛਣ ਦਿਖਾਈ ਦਿੰਦੇ ਹਨ, ਜੋ ਖਤਰਨਾਕ ਹੁੰਦੇ ਹਨ। ਅਜਿਹੇ 'ਚ ਜੇਕਰ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਇਸ ਦਾ ਹੱਲ ਇਹ ਹੈ ਕਿ ਕਮਰੇ 'ਚ ਅੰਗੀਠੀ ਬਿਲਕੁਲ ਨਾ ਚਲਾਓ ਤੇ ਜੇਕਰ ਹੀਟਰ ਜਾਂ ਬਲੋਅਰ ਚਲਾ ਰਹੇ ਹੋ ਤਾਂ ਲਗਾਤਾਰ ਨਾ ਚਲਾਓ ਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਕਮਰਾ ਖੋਲ੍ਹ ਦਿਓ। ਜੇਕਰ ਸੀਨੇ 'ਚ ਦਰਦ, ਜੀਅ ਘਬਰਾਉਣਾ, ਸਿਰ ਦਰਦ ਜਾਂ ਸਾਹ ਲੈਣ 'ਚ ਦਿੱਕਤ ਹੈ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਲਗਾਤਾਰ ਹੀਟਰ ਤੇ ਅੰਗੀਠੀ ਦੇ ਸੰਪਰਕ ਨਾਲ ਸਰੀਰ 'ਤੇ ਪੈਣ ਵਾਲੇ ਬੁਰੇ ਪ੍ਰਭਾਵ : ਲਗਾਤਾਰ ਸਿਰ ਦਰਦ ਦੀ ਸ਼ਿਕਾਇਤ, ਸਾਹ ਲੈਣ 'ਚ ਦਿੱਕਤ, ਗੱਲ ਗੱਲ 'ਤੇ ਘਬਰਾਹਟ, ਢਿੱਡ 'ਚ ਤਕਲੀਫ ਤੇ ਉਲਟੀ, ਬਲੱਡ ਪੱ੍ਰੈਸ਼ਰ ਦਾ ਘਟਣਾ।
ਰੂਮ ਹੀਟਰ ਤੇ ਅੰਗੀਠੀ ਤੋਂ ਪੈਣ ਵਾਲੇ ਬੁਰੇ ਪ੍ਰਭਾਵ ਤੋਂ ਬਚਾਅ : ਬੰਦ ਕਮਰੇ 'ਚ ਅੰਗੀਠੀ ਜਾਂ ਰੂਮ ਹੀਟਰ ਦਾ ਪ੍ਰਯੋਗ ਕਦੇ ਵੀ ਨਾ ਕਰੋ, ਘਰ ਦੀਆਂ ਖਿੜਕੀਆਂ ਜਾਂ ਦਰਵਾਜ਼ੇ ਨੂੰ ਖੋਲ੍ਹ ਕੇ ਰੂਮ ਹੀਟਰ ਚਲਾਓ, ਰੂਮ ਹੀਟਰ ਦੇ ਲਈ ਕਮਰੇ 'ਚ ਹੀ ਸਹੀ ਵੈਂਟੀਲੇਸ਼ਨ ਦਾ ਪ੍ਰਯੋਗ ਕਰੋ।
ਘਰ 'ਚੋਂ ਗਹਿਣੇ ਚੋਰੀ
NEXT STORY