ਪਟਿਆਲਾ (ਰਾਜੇਸ਼, ਪਰਮੀਤ, ਜੋਸਨ) - ਆਲ ਇੰਡੀਆ ਬੈਂਕ ਅਫਸਰ ਕਨਫੈਡਰੇਸ਼ਨ (ਏ. ਆਈ. ਬੀ. ਓ. ਸੀ.) ਜੋ ਦੇਸ਼ ਭਰ ਵਿਚ 3.20 ਲੱਖ ਬੈਂਕ ਅਫਸਰਾਂ ਦੀ ਪ੍ਰਤੀਨਿਧਤਾ ਕਰਦੀ ਹੈ, ਵੱਲੋਂ ਰਾਜ ਭਰ ਵਿਚਲੇ ਜਨਤਕ ਖੇਤਰ ਦੇ ਬੈਂਕਾਂ ਵਾਸਤੇ ਢੁਕਵੀਂ ਮਾਤਰਾ ਵਿਚ ਨਕਦੀ ਦੀ ਮੰਗ ਕੀਤੀ ਗਈ ਹੈ। ਏ. ਆਈ. ਬੀ. ਓ. ਸੀ. ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਨਕਦੀ ਦੀ ਕਮੀ ਦੀ ਸਮੀਖਿਆ ਕੀਤੀ ਗਈ ਤੇ ਇਕ ਮੰਗ-ਪੱਤਰ ਡਿਪਟੀ ਗਵਰਨਰ ਆਰ. ਬੀ. ਆਈ. ਚੰਡੀਗੜ੍ਹ ਦੇ ਨਾਂ ਸੌਂਪ ਕੇ ਜਨਤਕ ਖੇਤਰ ਦੇ ਬੈਂਕਾਂ ਵਿਚ ਢੁਕਵੀਂ ਮਾਤਰਾ ਵਿਚ ਨਕਦੀ ਦੀ ਸਪਲਾਈ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਗਈ।
ਇਥੇ ਸਾਂਝੇ ਬਿਆਨ ਵਿਚ ਕਾਮਰੇਡ ਦੀਪਕ ਸ਼ਰਮਾ, ਡਿਪਟੀ ਜਨਰਲ ਸਕੱਤਰ ਅਤੇ ਕਾਮਰੇਡ ਰਾਜੀਵ ਸਰਹਿੰਦੀ ਸਕੱਤਰ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਸਰਕਾਰੀ ਬੈਂਕਾਂ ਵਿਚ ਹਾਲਾਤ ਇਹ ਰਹੇ ਕਿ ਲੋਕਾਂ ਨੂੰ ਬੈਂਕ ਸ਼ਾਖ਼ਾਵਾਂ ਦੇ ਬਾਹਰ ਲੰਬੀਆਂ ਲਾਈਨਾਂ ਲਾਉਣੀਆਂ ਪਈਆਂ। ਉਨ੍ਹਾਂ ਕਿਹਾ ਕਿ ਹੁਣ ਫਿਰ ਨਕਦੀ ਸਪਲਾਈ ਦੀ ਘਾਟ ਕਾਰਨ ਅਫਸਰਾਂ ਨੂੰ ਲੋਕ-ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਸਵੇਰੇ ਹੀ ਬੈਂਕ ਸ਼ਾਖਾਵਾਂ ਦੇ ਬਾਹਰ ਲਾਈਨਾਂ ਵਿਚ ਲੱਗ ਜਾਂਦੇ ਹਨ।
ਬੈਂਕ ਅਫਸਰ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਮਾਲਵਾ ਖੇਤਰ ਵਿਚ ਹੀ ਸਟੇਟ ਬੈਂਕ ਆਫ ਇੰਡੀਆ ਦੇ 22 ਕਰੰਸੀ ਚੈਸਟ ਵਿਚ 250 ਸ਼ਾਖ਼ਾਵਾਂ ਤੇ 450 ਏ. ਟੀ. ਐੱਮਜ਼ ਵਾਸਤੇ 300 ਕਰੋੜ ਰੁਪਏ ਰੋਜ਼ਾਨਾ ਲੋੜੀਂਦੇ ਹਨ। ਨਕਦੀ ਦੀ ਕਮੀ ਕਾਰਨ ਸਿਰਫ 20 ਤੋਂ 30 ਕਰੋੜ ਰੁਪਏ ਦੀ ਪੂਰਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਵਿਚ ਕਿਸਾਨਾਂ ਵੱਲੋਂ ਬੈਂਕਾਂ ਤੋਂ ਨਕਦੀ ਦੀ ਮੰਗ ਕੀਤੀ ਜਾ ਰਹੀ ਹੈ। ਨਕਦੀ ਦੀ ਘਾਟ ਕਾਰਨ ਬੈਂਕ ਸਟਾਫ ਨੂੰ ਆਮ ਲੋਕਾਂ ਤੋਂ ਖਤਰਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਏ. ਆਈ. ਬੀ. ਓ. ਸੀ. ਜੋ ਕਿ ਪ੍ਰਮੁੱਖ ਸੰਗਠਨ ਹੈ, ਵੱਲੋਂ ਨਕਦੀ ਦੀ ਘਾਟ ਨਾਲ ਜੂਝਣ ਵਾਸਤੇ ਆਰ. ਬੀ. ਆਈ. ਨੂੰ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਢੁਕਵੀਂ ਮਾਤਰਾ 'ਚ ਨਕਦੀ ਸਪਲਾਈ ਨਾ ਹੋਈ ਤਾਂ ਫਿਰ ਅਸੀਂ ਰੋਸ ਮੁਜ਼ਾਹਰੇ ਕਰਨ ਤੋਂ ਪਿੱਛੇ ਨਹੀਂ ਹਟਾਂਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਜਗਜੀਤ ਸਿੰਘ, ਕਾਮਰੇਡ ਸੰਜੇ ਸ਼ਰਮਾ ਮੀਤ ਪ੍ਰਧਾਨ, ਕਾਮਰੇਡ ਕੇ. ਕੇ. ਤ੍ਰਿਖਾ ਸਕੱਤਰ, ਕਾਮਰੇਡ ਟੀ. ਐੱਮ. ਸੱਗੂ, ਕਾਮਰੇਡ ਗੁਰਮੁਖ ਸਿੰਘ, ਅਜੈ ਜੈਪੁਰੀਆ, ਵਿਪਨ ਬੇਰੀ, ਹਰਵਿੰਦਰ ਸਿੰਘ ਤੇ ਹਰਿੰਦਰ ਗੁਪਤਾ ਵੀ ਹਾਜ਼ਰ ਸਨ।
ਲੜਕੀ ਤੋਂ ਪਰਸ ਖੋਹ ਕੇ ਫਰਾਰ ਹੋਣ ਵਾਲਾ ਗ੍ਰਿਫਤਾਰ
NEXT STORY