ਅੰਮ੍ਰਿਤਸਰ (ਨੀਰਜ)- ਡੀ. ਸੀ ਦਫ਼ਤਰ ਦੀ ਐੱਚ. ਆਰ. ਸੀ. ਬ੍ਰਾਂਚ ਵਿਚ ਬਹੀਖਾਤੇ ਗਾਇਬ ਹੋਣ, ਰਿਕਾਰਡ ਨਾਲ ਛੇੜਛਾੜ, ਇਕ ਜ਼ਮੀਨ ਦੀ ਦੋ ਵਾਰ ਰਜਿਸਟਰੀ ਹੋਣ ਅਤੇ ਬ੍ਰਾਂਚ ਵੱਲੋਂ ਅਟੈਸਟ ਕੀਤੇ ਦਸਤਾਵੇਜ਼ ਗਲਤ ਪਾਏ ਜਾਣ ਵਰਗੇ ਗੰਭੀਰ ਮਾਮਲੇ ਵਾਰ-ਵਾਰ ਸਾਹਮਣੇ ਆਉਣ ਤੋਂ ਬਾਅਦ ਤਤਕਾਲੀਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵਿਜੀਲੈਂਸ ਵਿਭਾਗ ਨੂੰ ਸੰਬੰਧਤ ਕਰਮਚਾਰੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਦੇ ਸਪੱਸ਼ਟ ਹੁਕਮ ਦਿੱਤੇ ਗਏ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਵਿਜੀਲੈਂਸ ਵਿਭਾਗ ਵੱਲੋਂ ਅਜੇ ਤੱਕ ਕਿਸੇ ਵੀ ਕਰਮਚਾਰੀ ਖ਼ਿਲਾਫ਼ ਐੱਫ. ਆਈ. ਆਰ. ਦਰਜ ਨਹੀਂ ਕੀਤੀ ਗਈ, ਜੋ ਕਈ ਗੰਭੀਰ ਸਵਾਲ ਖੜੇ ਕਰਦੀ ਹੈ।
ਜਦਕਿ ਇਸ ਮਾਮਲੇ ਵਿਚ ਵਿਜੀਲੈਂਸ ਵੱਲੋਂ ਬ੍ਰਾਂਚ ਦੇ ਕਰਮਚਾਰੀਆਂ ਦੇ ਇੱਕ ਨਹੀਂ, ਸਗੋਂ ਦੋ ਵਾਰ ਬਿਆਨ ਦਰਜ ਕੀਤੇ ਜਾ ਚੁੱਕੇ ਹਨ। ਜਾਂਚ ਦੌਰਾਨ ਇਕ ਕਰਮਚਾਰੀ ਨੇ ਅਗਾਂਹ ਜ਼ਮਾਨਤ ਲਈ ਅਰਜ਼ੀ ਵੀ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ। ਇਹ ਮਾਮਲਾ ਉਸ ਸਮੇਂ ਕਾਫੀ ਚਰਚਾ ਵਿਚ ਰਿਹਾ ਸੀ। ਫਿਲਹਾਲ ਸਾਬਕਾ ਐੱਸ. ਐੱਸ. ਪੀ. ਵਿਜੀਲੈਂਸ ਲਖਬੀਰ ਸਿੰਘ ਦੇ ਸਸਪੈਂਡ ਹੋਣ ਤੋਂ ਬਾਅਦ ਨਵੇਂ ਡੀ. ਆਈ. ਜੀ. ਵਧੀਕ ਚਾਰਜ਼ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਦੇ ਸਾਹਮਣੇ ਐੱਚ. ਆਰ. ਸੀ. ਬ੍ਰਾਂਚ ਦੀ ਜਾਂਚ ਦਾ ਮਾਮਲਾ ਉਠਾਇਆ ਜਾਣਾ ਤੈਅ ਮੰਨਿਆ ਜਾ ਰਿਹਾ ਹੈ, ਤਾਂ ਜੋ ਡੀ. ਸੀ. ਦਫ਼ਤਰ ਦੇ ਉਹ ਭ੍ਰਿਸ਼ਟ ਕਰਮਚਾਰੀ ਕਾਬੂ ਕੀਤੇ ਜਾ ਸਕਣ ਜੋ ਲੋਕਾਂ ਦੀ ਜ਼ਮੀਨ-ਜਾਇਦਾਦ ਨਾਲ ਖਿਲਵਾੜ ਕਰ ਰਹੇ ਹਨ ਅਤੇ ਭਾਰੀ ਰਿਸ਼ਵਤਾਂ ਲੈ ਕੇ ਨਾਜਾਇਜ਼ ਜਾਇਦਾਦਾਂ ਬਣਾਉਂਦੇ ਹੋਏ ਲਗਜ਼ਰੀ ਗੱਡੀਆਂ ਵਿਚ ਘੁੰਮ ਰਹੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਐੱਸ. ਐੱਸ. ਪੀ. ਲਖਬੀਰ ਸਿੰਘ ਇਸ ਮਾਮਲੇ ਦੀ ਬਹੁਤ ਗੰਭੀਰਤਾ ਨਾਲ ਜਾਂਚ ਕਰ ਰਹੇ ਸਨ। ਇਸ ਤੋਂ ਪਹਿਲਾਂ ਕਿ ਉਹ ਕਾਨੂੰਨੀ ਕਾਰਵਾਈ ਸ਼ੁਰੂ ਕਰਦੇ ਪਰ ਕੁਦਰਤ ਨੂੰ ਕੁਝ ਹੋਰ ਹੀ ਮੰਜੂਰ ਸੀ।
ਵਿਜੀਲੈਂਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਕ ਸਰਕਾਰੀ ਕਰਮਚਾਰੀ ਦੇ ਨਾਲ-ਨਾਲ ਇਕ ਪਟਵਾਰੀ ਦਾ ਨਾਂ ਵੀ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਪਟਵਾਰੀ ਅੰਮ੍ਰਿਤਸਰ ਦੇ ਸਾਰਿਆਂ ਤੋਂ ਵੱਡੇ ਪਟਵਾਰ ਸਰਕਲਾਂ ਵਿਚੋਂ ਇੱਕ ਵਿਚ ਤਾਇਨਾਤ ਰਹਿ ਚੁੱਕਾ ਹੈ। ਦੋਸ਼ ਹੈ ਕਿ ਉਸ ਦੇ ਕਹਿਣ ’ਤੇ ਕੁਝ ਲੋਕਾਂ ਨੇ ਆਪਣੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਉਸ ਨੂੰ ਦਿੱਤੇ, ਤਾਂ ਜੋ ਇੰਤਕਾਲ ਦਰਜ ਕਰਵਾਏ ਜਾ ਸਕਣ। ਇਸ ਮਾਮਲੇ ਤੋਂ ਇਹ ਸਪੱਸ਼ਟ ਹੋ ਰਿਹਾ ਹੈ ਕਿ ਡੀ. ਸੀ. ਦਫ਼ਤਰ ਦੇ ਕੁਝ ਕਰਮਚਾਰੀ ਅਤੇ ਮਾਲ ਵਿਭਾਗ ਦੇ ਕੁਝ ਪਟਵਾਰੀ ਲੈਂਡ ਮਾਫੀਆ ਨਾਲ ਮਿਲੀਭੁਗਤ ਕਰ ਕੇ ਲੋਕਾਂ ਦੀ ਕੀਮਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕਰਵਾ ਰਹੇ ਹਨ ਅਤੇ ਮੋਟੀ ਕਮਾਈ ਕਰ ਰਹੇ ਹਨ। ਜੇਕਰ ਵਿਜੀਲੈਂਸ ਵਿਭਾਗ ਚਾਹੇ ਤਾਂ ਐੱਫ. ਆਈ. ਆਰ. ਦਰਜ ਕਰ ਕੇ ਪੂਰੇ ਲੈਂਡ ਮਾਫੀਆ ਗਿਰੋਹ ਨੂੰ ਬੇਨਕਾਬ ਕੀਤਾ ਜਾ ਸਕਦਾ ਹੈ।
ਕਮਰਾ ਨੰਬਰ 128 ਤੋਂ ਚੋਰੀ ਬਹੀਖਾਤਾ ਕਿਸ ਨੇ ਸੁੱਟਿਆ, ਅਜੇ ਤੱਕ ਪਤਾ ਨਹੀਂ : ਜ਼ਿਲਾ ਪ੍ਰਬੰਧਕੀ ਦਫ਼ਤਰ ਸਥਿਤ ਐੱਚ. ਆਰ. ਸੀ. ਬ੍ਰਾਂਚ ਦੇ ਕਮਰਾ ਨੰਬਰ 128 ਤੋਂ ਗਾਇਬ ਹੋਇਆ ਬਹੀਖਾਤਾ, ਲਗਭਗ 200 ਮੀਟਰ ਦੂਰ ਸਥਿਤ ਰਿਕਾਰਡ ਰੂਮ ਦੇ ਬਾਹਰ ਕਿਸ ਨੇ ਸੁੱਟਿਆ, ਇਹ ਅਜੇ ਤੱਕ ਰਹੱਸ ਬਣਿਆ ਹੋਇਆ ਹੈ। ਹਾਲਾਂਕਿ ਚਰਚਾ ਹੈ ਕਿ ਜਿਸ ਕਰਮਚਾਰੀ ਦਾ ਨਾਂ ਰਿਕਾਰਡ ਟੈਂਪਰਿੰਗ ਵਿਚ ਸਾਰਿਆਂ ਤੋਂ ਜ਼ਿਆਦਾ ਗੂੰਜ ਆ ਰਿਹਾ ਹੈ, ਉਹੀ ਇਹ ਕਰਤੂਤ ਕਰ ਸਕਦਾ ਹੈ।
ਫ਼ਿਲਹਾਲ ਇਹ ਮੰਨਿਆ ਜਾ ਰਿਹਾ ਹੈ ਕਿ ਵਿਜੀਲੈਂਸ ਵਿਭਾਗ ਵਲੋਂ ਵਰਤੋਂ ਕੀਤੀ ਜਾਣ ਵਾਲੀ ਥਰਡ ਡਿਗਰੀ ਵਿਚ ਇਸ ਦਾ ਵੀ ਪਤਾ ਲੱਗ ਜਾਵੇਗਾ ਕਿ ਕਿਹੜਾ ਚੋਰ ਹੈ ਜੋ ਆਪਣੇ ਹੀ ਦਫਤਰ ਦੇ ਨਾਲ ਗਦਾਰੀ ਕਰ ਰਿਹਾ ਹੈ। ਮੁੜ ‘ਮਲਾਈਦਾਰ’ ਸੀਟਾਂ ’ਤੇ ਤਾਇਨਾਤੀ : ਜਾਣਕਾਰੀ ਅਨੁਸਾਰ ਰਿਕਾਰਡ ਨਾਲ ਛੇੜਛਾੜ ਦੇ ਮਾਮਲੇ ਵਿਚ ਸ਼ੱਕੀ ਕਰਮਚਾਰੀ ਉੱਚ ਅਧਿਕਾਰੀਆਂ ਦੀਆਂ ਅੱਖਾਂ ਵਿਚ ਧੂੜ ਪਾ ਕੇ ਮੁੜ ਮਲਾਈਦਾਰ ਸੀਟਾਂ ’ਤੇ ਤਾਇਨਾਤ ਹੋ ਗਏ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਨਵੇਂ ਨਿਯੁਕਤ ਡੀ. ਸੀ. ਨੂੰ ਇਨ੍ਹਾਂ ਕਰਮਚਾਰੀਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ। ਫ਼ਿਲਹਾਲ ‘ਮਲਾਈਦਾਰ’ ਸੀਟਾਂ ’ਤੇ ਤਾਇਨਾਤੀ ਇਕ ਵਾਰ ਫਿਰ ਤੋਂ ਸਤ੍ਹਾ ਦੇ ਗਲਿਆਰੇ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ।
ਵਕੀਲ ਅਤੇ ਪ੍ਰਾਈਵੇਟ ਕਰਿੰਦਿਆਂ ਦੀ ਵੀ ਚੱਲ ਰਹੀ ਸ਼ਿਕਾਇਤ : ਐੱਚ. ਆਰ. ਸੀ. ਬ੍ਰਾਂਚ ਦੇ ਰਿਕਾਰਡ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਦੋ ਸਾਲ ਪਹਿਲਾਂ ਵੀ ਤਤਕਾਲੀਨ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਕੋਲ ਇਕ ਸ਼ਿਕਾਇਤ ਪਹੁੰਚੀ ਸੀ। ਇਸ ਸ਼ਿਕਾਇਤ ਵਿਚ ਐੱਚ. ਆਰ. ਸੀ. ਬ੍ਰਾਂਚ ਵਿਚ ਪ੍ਰਾਈਵੇਟ ਕਰਿੰਦਿਆਂ ਦੇ ਆਉਣ-ਜਾਣ ਦੇ ਨਾਲ-ਨਾਲ ਇੱਕ ਵਕੀਲ ਅਤੇ ਇਕ ਸਰਕਾਰੀ ਕਰਮਚਾਰੀ ਦਾ ਨਾਮ ਵੀ ਸਾਹਮਣੇ ਆਇਆ ਸੀ। ਉਸ ਸਮੇਂ ਡੀ. ਸੀ ਸੂਦਨ ਵੱਲੋਂ ਐੱਚ. ਆਰ. ਸੀ ਬ੍ਰਾਂਚ ਦੇ ਰਿਕਾਰਡ ਰੂਮ ਦੇ ਬਾਹਰ ਸੀ. ਸੀ. ਟੀ. ਵੀ ਕੈਮਰੇ ਲਗਵਾਏ ਗਏ ਸਨ ਪਰ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਇਨ੍ਹਾਂ ਕੈਮਰਿਆਂ ਦੇ ਕੁਨੈਕਸ਼ਨ ਡਿਸਕਨੈਕਟ ਕਰ ਦਿੱਤੇ ਗਏ।
ਬ੍ਰਾਂਚ ਦੇ ਰਿਕਾਰਡ ਨੂੰ ਸਕੈਨ ਕਰ ਕੇ ਜ਼ਿਲਾ ਪ੍ਰਬੰਧਕੀ ਦਫ਼ਤਰ ’ਚ ਸ਼ਿਫਟ : ਡੀ. ਸੀ. ਦਫ਼ਤਰ ਦੇ ਇਕ ਸਾਬਕਾ ਕਰਮਚਾਰੀ ਨੇ ਦੱਸਿਆ ਕਿ ਐੱਚ. ਆਰ. ਸੀ. ਬ੍ਰਾਂਚ ਵਿਚ ਰੱਖੇ ਸੈਂਕੜਿਆਂ ਸਾਲ ਪੁਰਾਣੇ ਜ਼ਮੀਨੀ ਰਿਕਾਰਡ ਦੀ ਸੁਰੱਖਿਆ ਉਸੇ ਸਮੇਂ ਸੰਭਵ ਹੈ, ਜਦੋਂ ਪਹਿਲਾਂ ਕਿਸੇ ਮਾਹਿਰ ਉਰਦੂ ਜਾਣਕਾਰ ਦੀ ਮਦਦ ਨਾਲ ਸਾਰੇ ਰਿਕਾਰਡ ਨੂੰ ਢੰਗ ਨਾਲ ਤਰਤੀਬ ਵਿਚ ਲਿਆਂਦਾ ਜਾਵੇ ਅਤੇ ਫਿਰ ਉਨ੍ਹਾਂ ਨੂੰ ਸਕੈਨ ਕਰ ਕੇ ਜ਼ਿਲਾ ਪ੍ਰਬੰਧਕੀ ਦਫ਼ਤਰ ਵਿਚ ਡੀ. ਸੀ ਦਫ਼ਤਰ ਦੇ ਨਾਲ ਲੱਗਦੇ ਕਿਸੇ ਕਮਰੇ ਵਿਚ, ਸੀ. ਸੀ. ਟੀ. ਵੀ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਜਾਵੇ। ਇਸ ਨਾਲ ਭਵਿੱਖ ਵਿਚ ਕੋਈ ਵੀ ਵਿਅਕਤੀ ਲੋਕਾਂ ਦੀ ਜ਼ਮੀਨ ਦੇ ਰਿਕਾਰਡ ਨਾਲ ਖਿਲਵਾੜ ਨਹੀਂ ਕਰ ਸਕੇਗਾ।
ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਜ਼ਿਲ੍ਹੇ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਰਿਕਾਰਡ ਨਾਲ ਛੇੜਛਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਜੋ ਸਰਕਾਰ ਤੋਂ ਤਨਖ਼ਾਹ ਤਾਂ ਲੈਂਦੇ ਹਨ ਪਰ ਆਪਣੇ ਹੀ ਵਿਭਾਗ ਨਾਲ ਗੱਦਾਰੀ ਕਰਦੇ ਹੋਏ ਲੈਂਡ ਮਾਫ਼ੀਆ ਨਾਲ ਮਿਲੀਭੁਗਤ ਕਰ ਰਹੇ ਹਨ। ਡੀ. ਸੀ. ਨੇ ਸਪੱਸ਼ਟ ਕੀਤਾ ਕਿ ਜੋ ਵੀ ਕਰਮਚਾਰੀ ਗਲਤ ਕੰਮ ਕਰੇਗਾ, ਉਸ ਖ਼ਿਲਾਫ਼ ਸਖ਼ਤ ਐਕਸ਼ਨ ਲਿਆ ਜਾਣਾ ਤੈਅ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਐੱਸ. ਐੱਸ. ਪੀ ਨਾਲ ਮਿਲ ਕੇ ਇਸ ਕੇਸ ਦੀ ਸਮੀਖਿਆ ਕੀਤੀ ਜਾਵੇਗੀ।
ਉਦੀਪੁਰ ’ਚ 15 ਦਿਨਾਂ ਤੋਂ ਘਰੇਲੂ ਗੈਸ ਸਿਲੰਡਰ ਨਾ ਮਿਲਣ ਕਾਰਨ ਖਪਤਕਾਰ ਪ੍ਰੇਸ਼ਾਨ
NEXT STORY