ਅੰਮ੍ਰਿਤਸਰ (ਜ. ਬ.) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 3 ਮਈ 2022 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਪਾਸ ਕੀਤੇ ਗੁਰਮਤੇ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਪੁਰਾਤਨ ਸ਼ੈਲੀ ਅਨੁਸਾਰ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਦੇ ਐਲਾਨ ਮਗਰੋਂ ਰਾਗੀ ਜਥਿਆਂ ਵਿਚ ਨਿਰਾਸ਼ਾ ਤੇ ਡਰ ਪਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ‘ਜਗ ਬਾਣੀ’ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।
ਕੁਝ ਸਵਾਲਾਂ ਦੇ ਜਵਾਬ ਦਿੰਦਿਆਂ ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਜਦੋਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆਪਣੀਆਂ ਮੰਗਾਂ ਰੱਖਣੀਆਂ ਸਨ ਤਾਂ ਠੀਕ ਇਕ ਦਿਨ ਪਹਿਲਾਂ ਹੀ ਹਰਮੋਨੀਅਮ ਬੰਦ ਦਾ ਐਲਾਨ ਕਰ ਕੇ ਤੰਤੀ ਸਾਜ਼ਾਂ ਬਾਰੇ ਗੁਰਮਤਾ ਪਾਸ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਰਾਗੀ ਸਿੰਘਾਂ ਦੀਆਂ ਮੰਗਾਂ ਵੱਲ ਤਾਂ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਇਕ ਹੋਰ ਨਵਾਂ ਮਸਲਾ ਖੜ੍ਹਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੋ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਸਿੱਖ ਮਿਸ਼ਨਰੀ ਕਾਲਜਾਂ ’ਚ ਸਿਖਾਇਆ ਗਿਆ, ਉਸੇ ਤਰ੍ਹਾਂ ਅਸੀਂ ਕੀਰਤਨ ਕਰ ਰਹੇ ਹਾਂ। ਜੇਕਰ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਹਰਮੋਨੀਅਮ ਇਕ ਵਿਦੇਸ਼ੀ ਸਾਜ਼ ਹੈ ਤਾਂ ਪਹਿਲਾਂ ਹੀ ਮਿਸ਼ਨਰੀ ਕਾਲਜਾਂ ’ਚ ਤੰਤੀ ਸਾਜ਼ਾਂ ਦੁਆਰਾ ਕੀਰਤਨ ਸਿਖਾਇਆ ਜਾਂਦਾ।
ਉਨ੍ਹਾਂ ਕਿਹਾ ਕਿ ਭਾਈ ਹਰਿੰਦਰ ਸਿੰਘ ਤੇ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹੀ ਭਾਈ ਸਾਹਿਬ ਦੀ ਉਪਾਧੀ ਦਿੱਤੀ ਗਈ, ਉਹ ਵੀ ਤਾਂ ਹਰਮੋਨੀਅਮ ਨਾਲ ਹੀ ਕੀਰਤਨ ਕਰਦੇ ਸਨ। ਜੇਕਰ ਉਹ ਸੱਚਖੰਡ ਵਿਖੇ ਹਾਜ਼ਰੀ ਭਰਨ ਲਈ ਆਉਣਗੇ ਤਾਂ ਉਨ੍ਹਾਂ ਨੂੰ ਕੀ ਕਿਹਾ ਜਾਵੇਗਾ ਕਿ ਤੁਸੀਂ ਪਹਿਲਾਂ ਤੰਤੀ ਸਾਜ਼ ਸਿੱਖ ਕੇ ਆਓ। ਭਾਈ ਗੁਰਦੇਵ ਸਿੰਘ ਨੇ ਅਫਸੋਸੇ ਮਨ ਨਾਲ ਕਿਹਾ ਕਿ ਕੋਈ ਗੱਲ ਨਹੀਂ ਜਿੰਨਾ ਚਿਰ ਸ਼੍ਰੋਮਣੀ ਕਮੇਟੀ ਕਹੇਗੀ ਅਸੀਂ ਕੀਰਤਨ ਕਰਾਂਗੇ, ਜਦੋਂ ਕਹੇਗੀ ਅਸੀਂ ਬੰਦ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਜੋ ਕੀਰਤਨ ਨਹੀਂ ਕਰਦੇ ਉਹ ਵੀ ਤਾਂ ਕਿਰਤ ਕਰ ਕੇ ਪ੍ਰਸ਼ਾਦਾ ਛਕਦੇ ਹਨ ਅਸੀਂ ਵੀ ਕੋਈ ਹੋਰ ਕਿਰਤ ਕਰ ਲਵਾਂਗੇ।
ਨਾਜਾਇਜ਼ ਕਬਜ਼ੇ ਛੁਡਵਾਉਣ ਤੇ ਨਸ਼ਿਆਂ ਦੀ ਚੇਨ ਤੋੜਨ ਲਈ ਪੁਲਸ ਜ਼ਿਲ੍ਹਾ ਦਿਹਾਤੀ ਹੋਈ ਮੁਸਤੈਦ, ਕੱਟੇ ਚਲਾਨ
NEXT STORY