ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)—ਐੱਸ. ਡੀ. ਕਾਲਜ ਮਾਮਲਾ ਮੁੜ ਭਖ ਗਿਆ ਹੈ। ਕਾਲਜ ਦੇ ਵਿਦਿਆਰਥੀਆਂ ਅਤੇ ਮੈਨੇਜਮੈਂਟ ਸਟਾਫ ਵਿਚਾਲੇ ਹੋਇਆ ਸਮਝੌਤਾ ਮੰਗਲਵਾਰ ਨੂੰ ਫਿਰ ਟੁੱਟ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਨਾਅਰੇਬਾਜ਼ੀ ਕਰ ਕੇ ਡਿਪਟੀ ਕਮਿਸ਼ਨਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਅਤੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ।
ਫੀਸ ਮੁਆਫੀ ਰੱਦ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਹਨ ਧਮਕੀਆਂ : ਗੱਲਬਾਤ ਕਰਦਿਆਂ ਪੀ. ਐੱਸ. ਯੂ. ਦੇ ਪ੍ਰਧਾਨ ਜਸਵਿੰਦਰ ਲੌਂਗੋਵਾਲ ਨੇ ਕਿਹਾ ਕਿ ਬੀਤੇ ਕਈ ਦਿਨਾਂ ਤੋਂ ਸਾਡਾ ਅੰਦੋਲਨ ਚੱਲ ਰਿਹਾ ਹੈ ਕਿਉਂਕਿ ਕਾਲਜ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਨੂੰ ਚੰਗੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਜਾ ਰਹੀਆਂ। ਵਾਰ-ਵਾਰ ਵਿਦਿਆਰਥੀਆਂ ਦਾ ਪਛਾਣ-ਪੱਤਰ ਚੈੱਕ ਕਰਨ ਦੇ ਨਾਂ 'ਤੇ ਵਿਦਿਆਰਥੀਆਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਬੀਤੇ ਦਿਨ ਕਾਲਜ ਸਟਾਫ ਅਤੇ ਮੈਨੇਜਮੈਂਟ ਨੇ ਸਾਡੇ ਨਾਲ ਗੱਲਬਾਤ ਕੀਤੀ ਸੀ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਸਨ ਪਰ ਅੱਜ ਫਿਰ ਤੋਂ ਕਾਲਜ ਸਟਾਫ ਅਤੇ ਮੈਨੇਜਮੈਂਟ ਆਪਣੀ ਗੱਲ ਤੋਂ ਪਿੱਛੇ ਹੱਟ ਗਏ ਹਨ। ਵਿਦਿਆਰਥੀਆਂ ਦਾ ਅੰਦੋਲਨ ਤਾੜੋਪੀਰ ਕਰਨ ਲਈ ਸਾਨੂੰ ਫੀਸ ਮੁਆਫੀ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਅੰਦੋਲਨ ਨੂੰ ਪੰਜਾਬ ਪੱਧਰ 'ਤੇ ਲਿਜਾਣ ਦੀ ਚਿਤਾਵਨੀ : ਵਿਦਿਆਰਥੀ ਰਿਸ਼ਭ ਸ਼ਰਮਾ ਨੇ ਕਿਹਾ ਕਿ ਕਾਲਜ ਸਟਾਫ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀਆਂ ਦੇ ਪਛਾਣ-ਪੱਤਰ ਸਿਰਫ ਗੇਟ 'ਤੇ ਹੀ ਚੈੱਕ ਕੀਤੇ ਜਾਣਗੇ। ਕਾਲਜ 'ਚ ਕਿਸੇ ਵੀ ਵਿਦਿਆਰਥੀ ਦਾ ਪਛਾਣ-ਪੱਤਰ ਚੈੱਕ ਨਾ ਕੀਤਾ ਜਾਵੇ। ਪੂਰੇ ਕਾਲਜ 'ਚ ਆਰ. ਓ. ਲਾਏ ਜਾਣ ਤਾਂ ਜੋ ਵਿਦਿਆਰਥੀ ਸਾਫ ਪਾਣੀ ਪੀ ਸਕਣ। ਲਾਇਬਰੇਰੀ ਵਿਚ ਮੁੰਡੇ-ਕੁੜੀਆਂ ਦੇ ਬੈਠਣ 'ਤੇ ਪਾਬੰਦੀ ਨਾ ਲਾਈ ਜਾਵੇ। ਕਾਲਜ ਗਰਾਊਂਡ 'ਚ ਬੈਠਣ ਲਈ ਬੈਂਚ ਲਾਏ ਜਾਣ। ਜੇਕਰ ਇਨ੍ਹਾਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਇਸ ਅੰਦੋਲਨ ਨੂੰ ਪੰਜਾਬ ਪੱੱਧਰ 'ਤੇ ਲਿਜਾਇਆ ਜਾਵੇਗਾ।
ਕੁਝ ਵਿਦਿਆਰਥੀ ਕਰ ਰਹੇ ਨੇ ਕਾਲਜ ਦਾ ਮਾਹੌਲ ਖਰਾਬ : ਪਿੰ੍ਰਸੀਪਲ :” ਜਦੋਂ ਇਸ ਸਬੰਧੀ ਐੱਸ. ਡੀ. ਕਾਲਜ ਦੀ ਪਿੰ੍ਰਸੀਪਲ ਡਾ. ਰਮਾ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੁਝ ਵਿਦਿਆਰਥੀ ਕਾਲਜ ਦਾ ਮਾਹੌਲ ਖਰਾਬ ਕਰ ਰਹੇ ਹਨ। ਕਾਲਜ ਸਟਾਫ ਤੋਂ ਸਾਰੇ ਵਿਦਿਆਰਥੀ ਖੁਸ਼ ਹਨ। ਕੁਝ ਵਿਦਿਆਰਥੀ ਕਹਿ ਰਹੇ ਹਨ ਕਿ ਪਛਾਣ-ਪੱਤਰ ਨਾ ਚੈੱਕ ਕੀਤੇ ਜਾਣ। ਇਸ ਮੰਗ ਨੂੰ ਕਿਸੇ ਹਾਲਤ 'ਚ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਕਾਲਜ 'ਚ ਅਨੁਸ਼ਾਸਨ ਰੱਖਣ ਲਈ ਕਿਸੇ ਵੀ ਕੀਮਤ 'ਤੇ ਬਾਹਰੀ ਵਿਅਕਤੀ ਨੂੰ ਅੰਦਰ ਆਉਣ ਨਹੀਂ ਦਿੱਤਾ ਜਾ ਸਕਦਾ। ਕਾਲਜ ਦੇ ਵਿਦਿਆਰਥੀ ਕਾਲਜ ਮੈਨੇਜਮੈਂਟ ਦੇ ਇਸ ਫੈਸਲੇ ਤੋਂ ਖੁਸ਼ ਹਨ। ਬਾਕੀ ਰਹੀ ਗੱਲ ਵਿਦਿਆਰਥੀਆਂ ਨੂੰ ਸਹੂਲਤਾਂ ਦੇਣ ਦੀ, ਕਾਲਜ ਵਿਚ ਕੰਮ ਚੱਲ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਅਸੀਂ ਵਚਨਬੱਧ ਹਾਂ।
ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ ਲੁੱਟੀ ਰਕਮ
NEXT STORY