ਲੁਧਿਆਣਾ(ਜ.ਬ.)-ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਤੋਂ 2 ਦਿਨ ਬਾਅਦ ਹੀ ਸਿੱਖਿਆ ਵਿਭਾਗ ਨੇ ਰਾਏਕੋਟ ਤਹਿਸੀਲ ਤਹਿਤ ਆਉਂਦੇ ਇਕ ਸਰਕਾਰੀ ਸਕੂਲ ਦੇ ਕੰਪਿਊਟਰ ਅਧਿਆਪਕ ਨੂੰ 8ਵੀਂ ਕਲਾਸ ਦੀ ਵਿਦਿਆਰਥਣ ਨਾਲ ਸਕੂਲ ਵਿਚ ਹੀ ਛੇੜਛਾੜ ਕਰਨ ਦੇ ਦੋਸ਼ 'ਚ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਿੱਖਿਆ ਵਿਭਾਗ ਦੇ ਡਾਇਰੈਕਟਰ ਪਰਮਜੀਤ ਸਿੰਘ ਵੱਲੋਂ ਜਾਰੀ ਉਕਤ ਅਧਿਆਪਕ ਦੇ ਸਸਪੈਂਸ਼ਨ ਆਰਡਰ 'ਚ ਦੋਸ਼ੀ ਅਧਿਆਪਕ ਦਾ ਹੈੱਡਕੁਆਰਟਰ ਡੀ. ਈ. ਓ. ਦਫਤਰ ਲੁਧਿਆਣਾ ਬਣਾਇਆ ਗਿਆ ਹੈ ਜਦੋਂਕਿ ਇਸ ਕੇਸ ਵਿਚ ਰਾਏਕੋਟ ਪੁਲਸ ਨੇ ਐਤਵਾਰ ਨੂੰ ਦੋਸ਼ੀ ਅਧਿਆਪਕ ਖਿਲਾਫ ਸਕੂਲ ਦੇ ਹੈੱਡ ਟੀਚਰ ਦੇ ਬਿਆਨ 'ਤੇ ਆਈ. ਪੀ. ਸੀ. ਦੀ ਧਾਰਾ 354-ਏ ਅਤੇ ਪੋਸਕੋ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਹੈ। ਡੀ. ਈ. ਓ. ਸਵਰਨਜੀਤ ਕੌਰ ਨੇ ਉਕਤ ਸਕੂਲ ਦੇ ਕੰਪਿਊਟਰ ਅਧਿਆਪਕ ਨੂੰ ਮੁਅੱਤਲ ਕਰਨ ਦੇ ਹੁਕਮਾਂ ਦੀ ਪੁਸ਼ਟੀ ਕੀਤੀ ਹੈ।
ਇਹ ਲਿਖਿਐ ਡੀ. ਪੀ. ਆਈ. ਨੇ ਆਪਣੇ ਹੁਕਮਾਂ 'ਚ
ਸਸਪੈਂਡ ਕੀਤੇ ਗਏ ਕੰਪਿਊਟਰ ਅਧਿਆਪਕ ਸਬੰਧੀ ਡੀ. ਪੀ. ਆਈ. ਨੇ ਆਪਣੇ ਹੁਕਮ ਵਿਚ ਵੀ ਚੌਂਕਾ ਦੇਣ ਵਾਲਾ ਖੁਲਾਸਾ ਕੀਤਾ ਹੈ। ਕੇਸ ਦੀ ਜਾਂਚ ਕਰਨ ਗਈ ਜਾਂਚ ਟੀਮ ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਇਸ ਅਧਿਆਪਕ ਖਿਲਾਫ ਕਰੀਬ ਸਵਾ 2 ਸਾਲ ਪਹਿਲਾਂ ਮਾਰਚ 2016 ਵਿਚ ਵੀ ਅਜਿਹੀ ਹੀ ਸ਼ਿਕਾਇਤ ਸਾਹਮਣੇ ਆਈ ਸੀ, ਜਿਸ ਵਿਚ ਅਧਿਆਪਕ ਨੇ ਕਿਸੇ ਹੋਰ ਸਰਕਾਰੀ ਸਕੂਲ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤ ਕੀਤੀ ਸੀ। ਸ਼ਿਕਾਇਤ ਸਾਹਮਣੇ ਆਉਣ 'ਤੇ ਇਸ ਨੇ ਪ੍ਰਿੰਸੀਪਲ ਕੋਲ ਆਪਣੀ ਗਲਤੀ ਮੰਨਦੇ ਹੋਏ ਬਕਾਇਦਾ ਲਿਖਤੀ ਤੌਰ 'ਤੇ ਮੁਆਫੀ ਵੀ ਮੰਗੀ ਸੀ। ਡੀ. ਪੀ. ਆਈ. ਦੇ ਹੁਕਮਾਂ 'ਚ ਕਿਹਾ ਗਿਆ ਹੈ ਕਿ ਰਿਪੋਰਟ ਮੁਤਾਬਕ ਉਕਤ ਅਧਿਆਪਕ ਅਜਿਹੇ ਅਨੈਤਿਕ ਕਾਰਨਾਮਿਆਂ ਨੂੰ ਅੰਜਾਮ ਦੇਣ ਦਾ ਆਦੀ ਹੈ। ਉਕਤ ਕੇਸ ਨੂੰ ਲੈ ਕੇ ਮੁਅੱਤਲ ਕੀਤੇ ਗਏ ਅਧਿਆਪਕ ਨੂੰ 15 ਦਿਨ ਦੇ ਅੰਦਰ ਆਪਣਾ ਪੱਖ ਰੱਖਣ ਲਈ ਕਿਹਾ ਹੈ। ਅਜਿਹਾ ਨਾ ਕਰਨ 'ਤੇ ਕੇਸ ਦਾ ਫੈਸਲਾ ਗੁਣ ਅਤੇ ਦੋਸ਼ ਦੇ ਆਧਾਰ 'ਤੇ ਕਰ ਦਿੱਤਾ ਜਾਵੇਗਾ।
ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ ਘਟਨਾ 2 ਮਈ ਦੀ ਹੈ ਜਦੋਂ ਮੌਸਮ ਖਰਾਬ ਹੋਣ ਕਾਰਨ 8ਵੀਂ ਕਲਾਸ ਦੀ ਵਿਦਿਆਰਥਣ ਸਕੂਲ ਵਿਚ ਹੀ ਕੁੱਝ ਸਮੇਂ ਲਈ ਰੁਕ ਗਈ। ਇਸ ਦੌਰਾਨ ਦੋਸ਼ੀ ਕੰਪਿਊਟਰ ਅਧਿਆਪਕ ਵੀ ਸਕੂਲ ਵਿਚ ਹੀ ਮੌਜੂਦ ਸੀ। ਵਿਦਿਆਰਥਣ ਮੁਤਾਬਕ ਉਸ ਸਮੇਂ ਕੰਪਿਊਟਰ ਅਧਿਆਪਕ ਨੇ ਉਸ ਨਾਲ ਛੇੜਛਾੜ ਕਰਦੇ ਹੋਏ ਜਬਰਨ ਗਲੇ ਲਾਉਣ ਦਾ ਯਤਨ ਕੀਤਾ ਪਰ ਉਸ ਨੇ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਆਪਣੇ ਆਪ ਨੂੰ ਸੁਰੱਖਿਅਤ ਕੀਤਾ ਅਤੇ ਘਰ ਜਾ ਕੇ ਪੂਰੀ ਗੱਲ ਦੱਸੀ। ਇਸ ਤੋਂ ਬਾਅਦ ਵਿਦਿਆਰਥਣ ਦੇ ਮਾਮੇ ਨੇ ਜਦੋਂ ਸਕੂਲ ਹੈੱਡ ਟੀਚਰ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਕੇਸ ਦੀ ਜਾਂਚ ਤੋਂ ਬਾਅਦ ਘਟਨਾ ਠੀਕ ਪਾਈ ਗਈ ਪਰ ਸਕੂਲ ਪ੍ਰਸ਼ਾਸਨ ਵੱਲੋਂ ਦੋਸ਼ੀ ਅਧਿਆਪਕ 'ਤੇ ਕੋਈ ਕਾਰਵਾਈ ਨਾ ਕਰਨ ਤੋਂ ਬਾਅਦ ਵਿਦਿਆਰਥਣ ਦੇ ਮਾਮੇ ਨੇ ਪਿੰਡ ਦੀ ਪੰਚਾਇਤ ਦੇ ਸਾਹਮਣੇ ਉਕਤ ਗੱਲ ਰੱਖੀ, ਜਿਸ ਤੋਂ ਬਾਅਦ ਪੰਚਾਇਤ ਨੇ ਦੋਵਾਂ ਧਿਰਾਂ ਵਿਚ ਸਮਝੌਤਾ ਕਰਵਾ ਦਿੱਤਾ।
ਚਾਈਲਡ ਰਾਈਟ ਕਮਿਸ਼ਨ ਨੇ ਲਿਆ ਕੇਸ ਦਾ ਨੋਟਿਸ
ਉਕਤ ਕੇਸ ਪ੍ਰੋਟੈਕਸ਼ਨ ਆਫ ਚਾਇਲਡ ਰਾਈਟ ਕਮਿਸ਼ਨ ਦੇ ਧਿਆਨ ਵਿਚ ਆਉਣ ਤੋਂ ਬਾਅਦ ਚੇਅਰਮੈਨ ਸੁਕੇਸ਼ ਕਾਲੀਆ ਨੇ 8 ਜੂਨ ਦੇ ਲਈ ਸਿੱਖਿਆ ਵਿਭਾਗ ਦੀ ਡੀ. ਈ. ਓ. ਨੂੰ ਨੋਟਿਸ ਜਾਰੀ ਕੀਤਾ ਸੀ। ਡੀ. ਈ. ਓ. ਵੱਲੋਂ ਪੇਸ਼ ਕੀਤੀ ਗਈ ਜਾਂਚ ਰਿਪੋਰਟ ਤੋਂ ਬਾਅਦ ਚੇਅਰਮੈਨ ਨੇ ਮੌਕੇ 'ਤੇ ਹੀ ਡੀ. ਪੀ. ਆਈ. ਨੂੰ ਹੁਕਮ ਜਾਰੀ ਕਰਦੇ ਹੋਏ ਉਕਤ ਕੰਪਿਊਟਰ ਅਧਿਆਪਕ ਨੂੰ ਮੁਅੱਤਲ ਕਰਨ ਲਈ ਕਿਹਾ। ਨਾਲ ਹੀ ਦੋਸ਼ੀ ਅਧਿਆਪਕ 'ਤੇ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਐੱਸ. ਐੱਸ. ਪੀ. ਜਗਰਾਓਂ ਨੂੰ ਦਿੱਤੇ ਸਨ। ਇੱਥੇ ਦੱਸ ਦੇਈਏ ਕਿ ਜ਼ਿਲਾ ਸਿੱਖਿਆ ਵਿਭਾਗ ਦੇ ਡਿਪਟੀ ਡੀ. ਈ. ਓ. ਡਾ. ਚਰਨਜੀਤ ਸਿੰਘ ਨੇ ਉਕਤ ਕੇਸ ਸਬੰਧੀ ਜਾਂਚ ਕੀਤੀ ਸੀ।
ਮੋਟਰਸਾਈਕਲ ਨੂੰ ਅੱਗ ਲਗਾਉਣ ਤੇ ਲੁੱਟ-ਖੋਹ ਕਰਨ ਵਾਲੇ 5 ਕਾਬੂ
NEXT STORY