ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ 'ਤੇ ਦੋਸ਼ ਲਾਇਆ ਹੈ ਕਿ ਉਹ ਕਿਸਾਨਾਂ ਨੂੰ ਮਹਿਜ 4 ਰੁਪਏ 60 ਪੈਸੇ ਦੀ ਸਬਸਿਡੀ ਲਾਲੀਪਾਪ ਐਲਾਨ ਕੇ ਵੋਟਾਂ ਲਈ ਗੁੰਮਰਾਹ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਆਦਰਸ਼ ਚੋਣ ਜ਼ਾਬਤੇ ਦੀ ਵੀ ਉਲੰਘਣਾ ਕਰ ਰਹੇ ਹਨ। ਪਾਰਟੀ ਹੈੱਡਕੁਆਰਟਰ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕਣਕ ਦੀ ਫ਼ਸਲ 'ਤੇ ਨਿਰਧਾਰਿਤ 1840 ਰੁਪਏ ਪ੍ਰਤੀ ਕੁਇੰਟਲ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) 'ਤੇ ਬਦਰੰਗ ਦਾਣੇ ਦੇ ਹਵਾਲੇ ਨਾਲ ਮੋਦੀ ਸਰਕਾਰ ਵੱਲੋਂ ਕੀਤੀ 4.60 ਪੈਸੇ ਕਟੌਤੀ ਨਿੰਦਣਯੋਗ ਹੈ, ਕੇਂਦਰ ਦੀ ਅਕਾਲੀ-ਭਾਜਪਾ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਹਿਸਾਬ ਇਨ੍ਹਾਂ ਚੋਣਾਂ 'ਚ ਪੰਜਾਬ ਦੇ ਕਿਸਾਨ ਖ਼ੁਦ ਕਰ ਲੈਣਗੇ ਪਰ ਕੈਪਟਨ ਅਮਰਿੰਦਰ ਸਿੰਘ ਚੀਚੀ 'ਤੇ ਖ਼ੂਨ ਲਾ ਕੇ ਕਿਸਾਨਾਂ ਦੀ ਹਮਦਰਦੀ ਦੀ ਝਾਕ ਨਾ ਰੱਖਣ।
ਭਗਵੰਤ ਮਾਨ ਨੇ ਕਿਹਾ ਕਿ ਕੈ. ਅਮਰਿੰਦਰ ਨੇ ਵਾਅਦਾ ਖਿਲਾਫੀਆਂ ਕਰਕੇ ਜਿੰਨੇ ਡੂੰਘੇ ਜ਼ਖਮ ਪੰਜਾਬ ਦੇ ਕਿਸਾਨਾਂ ਨੂੰ ਦਿੱਤੇ ਹਨ, ਇਹ 4 ਰੁਪਏ 60 ਪੈਸੇ ਪ੍ਰਤੀ ਕੁਇੰਟਲ ਦਾ ਲਾਲੀਪਾਪ ਕਿਸਾਨਾਂ ਦੇ ਜ਼ਖ਼ਮਾਂ 'ਤੇ ਨਮਕ ਦਾ ਹੀ ਕੰਮ ਕਰੇਗਾ। ਇਹ ਲਾਲੀਪਾਪ ਪ੍ਰਤੀ ਏਕੜ 100 ਰੁਪਏ ਵੀ ਨਹੀਂ ਬਣਦਾ, ਜਦਕਿ ਪ੍ਰਚਾਰ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਜਿਵੇਂ ਕੈਪਟਨ ਨੇ ਕਿਸਾਨਾਂ ਲਈ 'ਸ਼ਾਹੀ ਖ਼ਜ਼ਾਨੇ' ਦੇ ਦਰਵਾਜ਼ੇ ਖੋਲ੍ਹ ਦਿੱਤੇ ਹੋਣ। ਮਾਨ ਨੇ ਕਿਹਾ ਕਿ ਉਹ ਦਾਅਵਾ ਕਰਦੇ ਹਨ ਕਿ ਕੈਪਟਨ ਸਰਕਾਰ ਨੇ ਇਸ ਐਲਾਨ 'ਤੇ ਵੀ ਖਰਾ ਨਹੀਂ ਉੱਤਰਨਾ, ਕਿਉਂਕਿ 2002 ਤੋਂ 2007 ਦੀ ਸਰਕਾਰ ਸਮੇਂ ਕਿਸਾਨਾਂ ਨੂੰ ਜੋ 30 ਰੁਪਏ ਬੋਨਸ ਐਲਾਨਿਆ ਸੀ, ਉਹ ਅੱਜ ਤੱਕ ਪੂਰਾ ਨਹੀਂ ਦਿੱਤਾ।
ਰਾਹੁਲ ਅਣਜਾਣ ਡਰਾਈਵਰ, ਇਸ ਦੇ ਕੋਲ ਤਾਂ ਡਰਾਈਵਿੰਗ ਦਾ ਲਰਨਿੰਗ ਲਾਇਸੈਂਸ ਵੀ ਨਹੀਂ : ਬਾਦਲ
NEXT STORY