ਚੰਡੀਗੜ੍ਹ(ਬਰਜਿੰਦਰ)-ਪੰਜਾਬ ਪੁਲਸ ਦੀ ਮਹਿਲਾ ਕਾਂਸਟੇਬਲ ਨਾਲ ਰੇਪ ਕੇਸ 'ਚ ਮੁਲਜ਼ਮ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਨੇਤਾ ਸੁੱਚਾ ਸਿੰਘ ਲੰਗਾਹ (65) ਨੇ ਗੁਰਦਾਸਪੁਰ ਦੀ ਸੈਸ਼ਨ ਕੋਰਟ ਵਿਚ ਉਨ੍ਹਾਂ ਖਿਲਾਫ ਚੱਲ ਰਹੇ ਕੇਸ ਨੂੰ ਪੰਜਾਬ ਤੋਂ ਬਾਹਰ ਹੋਰ ਕੋਰਟ 'ਚ ਟਰਾਂਸਫਰ ਕਰਨ ਲਈ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਦਰਜ ਪਟੀਸ਼ਨ ਦੇ ਪੈਂਡਿੰਗ ਰਹਿਣ ਤੱਕ ਟ੍ਰਾਇਲ ਕੋਰਟ ਦੀ ਪ੍ਰਕਿਰਿਆ 'ਤੇ ਰੋਕ ਲਾਈ ਜਾਵੇ। ਦਰਜ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ 18 ਮਈ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਕੇਸ 'ਚ ਪੰਜਾਬ ਸਰਕਾਰ, ਪੀੜਤਾ ਅਤੇ ਹੋਰਨਾਂ ਨੂੰ ਪਾਰਟੀ ਬਣਾਇਆ ਗਿਆ ਹੈ। ਲੰਗਾਹ ਨੇ ਸਬੰਧਿਤ ਟ੍ਰਾਇਲ ਕੋਰਟ ਦੇ ਜੱਜ ਦੇ ਵਿਵਹਾਰ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਬੰਧਿਤ ਕੋਰਟ 'ਚ ਕੇਸ ਨਿਰਪੱਖ ਟ੍ਰਾਇਲ ਸੰਭਵ ਨਹੀਂ ਹੈ। ਲੰਗਾਹ ਅਨੁਸਾਰ ਪ੍ਰੀਜ਼ਾਈਡਿੰਗ ਅਫਸਰ ਨੇ ਪੀੜਤਾ ਦੇ ਮੁਕਰਨ ਤੋਂ ਬਾਅਦ ਕਈ ਵਾਰ ਉਨ੍ਹਾਂ ਨੂੰ ਓਪਨ ਕੋਰਟ ਵਿਚ ਕਿਹਾ ਕਿ ਚਾਹੇ ਜੋ ਹੋ ਜਾਵੇ, ਉਹ ਉਨ੍ਹਾਂ ਨੂੰ ਦੋਸ਼ੀ ਠਹਿਰਾ ਕੇ ਹੀ ਰਹਿਣਗੇ। ਲੰਗਾਹ ਨੇ ਕਿਹਾ ਹੈ ਕਿ ਕੋਰਟ ਦੇ ਡੀ. ਏ. ਨੂੰ ਦੋ ਵਾਰ ਕਿਸੇ ਕਾਰਨਾਂ ਕਾਰਨ ਬਦਲਿਆ ਗਿਆ ਅਤੇ ਵਰਤਮਾਨ ਸਮੇਂ 'ਚ ਤਿੰਨ ਏ. ਡੀ. ਏ. ਦੀ ਵਿਸ਼ੇਸ਼ ਟੀਮ ਬਣਾਈ ਗਈ ਹੈ, ਜੋ ਕੇਸ ਦਾ ਟ੍ਰਾਇਲ ਕਰ ਰਹੇ ਹਨ। ਅਜਿਹੇ 'ਚ ਲੰਗਾਹ ਨੇ ਨਿਰਪੱਖ ਟ੍ਰਾਇਲ ਨਾ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਇਹੀ ਨਹੀਂ ਪੀੜਤਾ ਦੇ ਮੁਕਰਨ ਦੇ ਬਾਵਜੂਦ ਲੰਗਾਹ ਨੂੰ ਕਿਹਾ ਗਿਆ ਕਿ ਇਸ ਸੱਚਾਈ ਦਾ ਕੋਈ ਮਤਲਬ ਨਹੀਂ ਹੈ ਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਜਾਵੇਗਾ। ਸਬੰਧਿਤ ਐੱਫ. ਆਈ. ਆਰ. ਨੂੰ ਵੀ ਸਿਆਸੀ ਦੁਰਭਾਵਨਾ ਤੋਂ ਪ੍ਰੇਰਿਤ ਦੱਸਿਆ ਗਿਆ ਹੈ। ਕਿਹਾ ਗਿਆ ਹੈ ਕਿ ਗੁਰਦਾਸਪੁਰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਇਹ ਕੇਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਵੀ ਹੋਰ ਦਲੀਲਾਂ ਦਿੰਦੇ ਹੋਏ ਕੇਸ ਟਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਲੰਗਾਹ ਨੂੰ ਬੀਤੀ 19 ਮਾਰਚ ਨੂੰ ਹਾਈਕੋਰਟ ਨੇ ਰੇਪ ਕੇਸ ਵਿਚ ਰੈਗੂਲਰ ਜ਼ਮਾਨਤ ਦੇ ਦਿੱਤੀ ਸੀ।
ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਹਸਪਤਾਲ ਤੋਂ ਮਿਲੀ ਛੁੱਟੀ
NEXT STORY