ਪਟਿਆਲਾ/ਬਾਰਨ (ਇੰਦਰ)— ਸੜਕਾਂ ਕੰਢੇ ਖੜ੍ਹੇ ਸੁੱਕੇ ਦਰੱਖਤ ਕਿਸੇ ਵੀ ਵਾਹਨ ਚਾਲਕ ਲਈ ਹਾਦਸੇ ਦਾ ਕਾਰਨ ਬਣ ਸਕਦੇ ਹਨ। ਸਬੰਧਤ ਵਿਭਾਗ ਦਾ ਮੰਤਰੀ ਜ਼ਿਲੇ ਦਾ ਹੋਣ ਦੇ ਬਾਵਜੂਦ ਲੰਮੇ ਸਮੇਂ ਤੋਂ ਸੜਕੀ ਹਾਦਸੇ ਦਾ ਕਾਰਨ ਬਣ ਰਹੇ ਸੁੱਕੇ ਦਰੱਖਤਾਂ ਨੂੰ ਸੜਕਾਂ ਦੇ ਕੰਢਿਆਂ ਤੋਂ ਹਟਾਇਆ ਨਹੀਂ ਗਿਆ। ਸ਼ਾਇਦ ਵਿਭਾਗ ਵੱਡੇ ਹਾਦਸੇ ਦੀ ਉਡੀਕ 'ਚ ਹੈ? ਅੱਜ ਇਕ ਮਾਮਲਾ ਸਾਹਮਣੇ ਆਇਆ ਜਦੋਂ ਸਵੇਰੇ 7 ਵਜੇ ਦੇ ਕਰੀਬ ਪਟਿਆਲਾ-ਸਰਹਿੰਦ ਰੋਡ ਪਿੰਡ ਹਰਦਾਸਪੁਰ ਨੇੜੇ ਇਕ ਟਾਹਲੀ ਦਾ ਵੱਡਾ ਦਰੱਖਤ ਸੁੱਕ ਜਾਣ ਕਾਰਨ ਅਚਾਨਕ ਸੜਕ ਦੇ ਵਿਚਕਾਰ ਡਿੱਗ ਗਿਆ। ਇਸ ਕਾਰਨ ਕਈ ਵਾਹਨ ਚਾਲਕ ਵਾਲ-ਵਾਲ ਬਚ ਗਏ। ਜਦੋਂ ਦਰੱਖਤ ਡਿੱਗਿਆ ਤਾਂ ਇਕ ਜਲੰਧਰ ਦਾ ਰਹਿਣ ਵਾਲਾ ਪੂਰਾ ਪਰਿਵਾਰ ਆਪਣੀ ਕਾਰ 'ਚ ਪਟਿਆਲਾ ਵੱਲ ਨੂੰ ਆ ਰਿਹਾ ਸੀ। ਅਚਾਨਕ ਦਰੱਖਤ ਉਨ੍ਹਾਂ ਦੀ ਕਾਰ ਦੇ ਅੱਗੇ ਡਿੱਗ ਗਿਆ ਪਰ ਉਹ ਵਾਲ-ਵਾਲ ਬਚ ਗਏ।
ਇਹ ਪਹਿਲਾ ਹਾਦਸਾ ਨਹੀਂ। ਪਹਿਲਾਂ ਵੀ ਸੁੱਕੇ ਦਰੱਖਤ ਡਿੱਗਣ ਕਾਰਨ ਵਾਹਨ ਚਾਲਕ ਜ਼ਖ਼ਮੀ ਹੋਏ। ਕਈਆਂ ਨੂੰ ਤਾਂ ਆਪਣੀ ਜਾਨ ਵੀ ਗੁਆਉਣੀ ਪਈ ਹੈ। ਸਰਕਾਰ ਤੇ ਵਿਭਾਗ ਵੱਲੋਂ ਸੁੱਕੇ ਦਰੱਖਤਾਂ ਦੀ ਕਟਾਈ ਤੇ ਇਨ੍ਹਾਂ ਦੀ ਸਾਂਭ-ਸੰਭਾਲ ਵੱਲ ਅਜੇ ਤੱਕ ਕੋਈ ਯੋਗ ਹੱਲ ਨਹੀਂ ਲੱਭਿਆ ਗਿਆ। ਸੜਕ 'ਤੇ ਦਰੱਖਤ ਡਿੱਗਣ ਕਾਰਨ ਕਈ ਘੰਟੇ ਟਰੈਫਿਕ ਜਾਮ ਲੱਗਿਆ ਰਿਹਾ। ਸੜਕ 'ਤੇ ਡਿੱਗੇ ਦਰੱਖਤ ਨੂੰ ਪਾਸੇ ਕਰਨ ਲਈ ਵਿਭਾਗ ਵੱਲੋਂ ਕੋਈ ਵੀ ਯੋਗ ਪ੍ਰਬੰਧ ਦੇਖਣ ਨੂੰ ਨਹੀਂ ਮਿਲਿਆ। ਸਥਾਨਕ ਲੋਕਾਂ ਨੇ ਵਿਭਾਗ ਤੋਂ ਸੁੱਕੇ ਦਰੱਖਤ ਕੱਟਣ ਦੀ ਮੰਗ ਕੀਤੀ ਹੈ।
ਜਲਦ ਹੋਵੇਗੀ ਸੜਕਾਂ ਕੰਢੇ ਖੜ੍ਹੇ ਸੁੱਕੇ ਦਰੱਖਤਾਂ ਦੀ ਕਟਾਈ : ਡੀ.ਐੈੱਫ.ਓ.
ਸੜਕਾਂ ਕੰਢੇ ਖੜ੍ਹੇ ਸੁੱਕੇ ਦਰੱਖਤਾਂ ਦੀ ਕਟਾਈ ਸਬੰਧੀ ਜਦੋਂ ਡੀ.ਐੈੱਫ.ਓ. ਹਰਭਜਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੁੱਕੇ ਦਰੱਖਤਾਂ ਦੀਆਂ ਲਿਸਟਾਂ ਕਾਰਪੋਰੇਸ਼ਨ ਨੂੰ ਭੇਜੀਆਂ ਜਾ ਰਹੀਆਂ ਹਨ। ਉਸ ਤੋਂ ਬਾਅਦ ਦਰੱਖਤਾਂ ਦੀ ਕਟਾਈ ਦਾ ਕੰਮ ਸ਼ੁਰੂ ਹੋਵੇਗਾ।
ਹੁਸ਼ਿਆਰਪੁਰ 'ਚ ਬੰਜਰ ਹੋ ਰਹੀ ਹੈ ਜ਼ਮੀਨ, ਫਸਲਾਂ ਨੂੰ ਬਚਾਉਣ ਲਈ ਕਿਸਾਨਾਂ ਨੇ ਲਗਾਇਆ ਜੁਗਾੜ
NEXT STORY