ਜਗਰਾਓਂ(ਸ਼ੇਤਰਾ)-ਇਥੇ ਇਕ ਲੱਕੜ ਦੇ ਵਪਾਰੀ ਵੱਲੋਂ ਨਹਿਰ 'ਚ ਛਾਲ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਲੈਣ ਦੀ ਖ਼ਬਰ ਹੈ। ਮ੍ਰਿਤਕ ਲਾਜਪਤ ਰਾਏ ਰੋਡ ਦਾ ਰਹਿਣ ਵਾਲਾ ਸੀ ਉਸ ਦੀ ਪਛਾਣ ਵਾਹਿਗੁਰੂਪਾਲ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕੁਝ ਸਮੇਂ ਤੋਂ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਪ੍ਰੇਸ਼ਾਨੀ ਕਾਰਨ ਉਸ ਵੱਲੋਂ ਇਹ ਕਦਮ ਚੁੱਕਿਆ ਹੋਵੇਗਾ। ਪੁਲਸ ਨੇ ਅੱਜ ਲੱਕੜ ਦੇ ਵਪਾਰੀ ਦੀ ਲਾਸ਼ ਅਖਾੜਾ ਨਹਿਰ ਦੇ ਪੁਲ ਤੋਂ ਬਰਾਮਦ ਕਰ ਲਈ। ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਤੋਂ ਵਾਹਿਗੁਰੂਪਾਲ ਸਿੰਘ ਲਾਪਤਾ ਸੀ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਰਿਪੋਰਟ ਲਿਖਵਾਈ ਸੀ ਤੇ ਲੱਭਣ ਦੇ ਯਤਨ ਕੀਤੇ ਜਾ ਰਹੇ ਸਨ। ਜਦੋਂ ਵਪਾਰੀ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਸ ਦੌਰਾਨ ਉਸ ਦਾ ਸਕੂਟਰ ਅਖਾੜਾ ਨਹਿਰ ਦੇ ਨੇੜਿਓਂ ਮਿਲ ਗਿਆ। ਇਸ ਤੋਂ ਸ਼ੱਕ ਪੈਦਾ ਹੋਇਆ ਕਿ ਕਿਧਰੇ ਲੱਕੜ ਦੇ ਵਪਾਰੀ ਨੇ ਨਹਿਰ 'ਚ ਛਾਲ ਨਾ ਮਾਰ ਦਿੱਤੀ ਹੋਵੇ ਪਰ ਨੇੜੇ-ਤੇੜੇ ਲੱਭਣ 'ਤੇ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਨਾ ਹੀ ਨਹਿਰ 'ਚੋਂ ਕਿਧਰੇ ਲਾਸ਼ ਮਿਲੀ। ਅੱਜ ਸ਼ਾਮੀਂ ਗੋਤਾਖੋਰਾਂ ਨੇ ਅਖਾੜਾ ਨਹਿਰ ਦੇ ਡੱਲਾ ਪੁਲ ਤੋਂ ਵਾਹਿਗੁਰੂਪਾਲ ਸਿੰਘ ਦੀ ਲਾਸ਼ ਨਹਿਰ 'ਚੋਂ ਬਰਾਮਦ ਕਰ ਲਈ। ਪੋਸਟ ਮਾਰਟਮ ਉਪਰੰਤ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਗਈ। ਥਾਣਾ ਮੁਖੀ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਅਨੁਸਾਰ ਹੀ ਪੁਲਸ ਅਗਲੀ ਕਾਰਵਾਈ ਕਰੇਗੀ।
40 ਕਿਲੋ ਗਾਂਜਾ ਅਤੇ ਜਾਅਲੀ ਨੰਬਰ ਪਲੇਟਾਂ ਸਮੇਤ 3 ਕਾਬੂ
NEXT STORY