ਬਟਾਲਾ, (ਮਠਾਰੂ)- ਪੰਜ ਦਰਿਆਵਾਂ ਦੀ ਧਰਤੀ ਪੰਜਾਬ ਅੰਦਰ ਪਿਛਲੇ ਕੁਝ ਸਮੇਂ ਤੋਂ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਮੁਲਾਜ਼ਮਾਂ ਅੰਦਰ ਵੱਧ ਰਹੇ ਖੁਦਕੁਸ਼ੀਆਂ ਕਰਨ ਦੇ ਅੰਕਡ਼ੇ ਜਿਥੇ ਬਹੁਤ ਹੀ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ, ਉਥੇ ਨਾਲ ਹੀ ਪੰਜਾਬ ਦਾ ਗੌਰਵਮਈ ਵਿਰਸਾ ਅਤੇ ਇਤਿਹਾਸ ਵੀ ਬਦਲਦਾ ਨਜ਼ਰ ਆ ਰਿਹਾ ਹੈ ਕਿਉਂਕਿ ਮੌਤ ਨਾਲ ਸਾਹਮਣਾ ਕਰਦਿਆਂ ਅੱਖਾਂ ਵਿਚ ਅੱਖਾਂ ਪਾ ਕੇ ਮੌਤ ਨੂੰ ਮਖੌਲਾਂ ਕਰਨ ਵਾਲੇ ਪੰਜਾਬੀ ਅੱਜ ਕਿਸ ਬੁਜ਼ਦਿਲੀ ਦੇ ਰਾਹ ਉਪਰ ਤੁਰ ਪਏ ਹਨ, ਜਿਸ ਕਰ ਕੇ ਹੱਸਦੇ-ਵੱਸਦੇ ਘਰਾਂ ਵਿਚੋਂ ਰੌਣ ਕੁਰਲਾਉਣ ਅਤੇ ਕੀਰਨੇ ਪੈਣ ਦੀਆਂ ਅਾਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਲਈ ਪੰਜਾਬੀਆਂ ਨੂੰ ਖੁਦਕੁਸ਼ੀਆਂ ਦੇ ਰਾਹ ਤੋਂ ਮੋਡ਼ਨ ਲਈ ਸਾਨੂੰ ਸਾਰਿਆਂ ਨੂੰ ਇਕਜੁਟ ਹੋ ਕੇ ਯਤਨ ਕਰਨੇ ਹੋਣਗੇ ਅਤੇ ਸਮੇਂ ਦੀਆਂ ਹਕੂਮਤਾਂ ਨੂੰ ਇਨ੍ਹਾਂ ਖੁਦਕੁਸ਼ੀਆਂ ਦੇ ਕਾਰਨਾਂ ਨੂੰ ਲੱਭ ਕੇ ਸੁਧਾਰ ਕਰਨ ਲਈ ਠੋਸ ਉਪਰਾਲਿਆਂ ਨੂੰ ਸਾਹਮਣੇ ਲਿਆਉਣਾ ਹੋਵੇਗਾ।
ਇਹ ਹਨ ਖੁਦਕੁਸ਼ੀਆਂ ਦੇ ਮੁੱਢਲੇ ਕਾਰਨ
ਮਾਹਿਰਾਂ ਅਤੇ ਸਮਾਜ ਦੇ ਬੁੱਧੀਜੀਵੀ ਵਰਗ ਵੱਲੋਂ ਦਿੱਤੀ ਗਈ ਰਾਏ ਮੁਤਾਬਕ ਸਹਿਣਸ਼ੀਲਤਾ ਦੀ ਬੇਹੱਦ ਕਮੀ ਕਾਰਨ ਹਾਲਾਤ ਦਾ ਸਾਹਮਣਾ ਨਾ ਕਰ ਪਾਉਣਾ ਅਤੇ ਵੱਧ ਤੋਂ ਵੱਧ ਪੈਸਾ ਕਮਾਉਣ ਦਾ ਲਾਲਚ ਇਨਸਾਨ ਨੂੰ ਖੁਦਕੁਸ਼ੀ ਦੇ ਕੰਢੇ ਉਪਰ ਲੈ ਕੇ ਜਾ ਰਿਹਾ ਹੈ। ਕਿਸਾਨਾਂ ਦਾ ਜ਼ਿਕਰ ਕਰਦਿਆਂ ਘੱਟ ਜ਼ਮੀਨ ਕਾਰਨ ਆਮਦਨ ਦੀ ਕਮੀ ਕਰ ਕੇ ਧੀਆਂ ਦੇ ਵਿਆਹ ਕੋਠੀਆਂ, ਮਕਾਨ, ਟਰੈਕਟਰ ਅਤੇ ਸਮੇਂ ਦਾ ਹਾਣੀ ਬਣਨ ਲਈ ਚੁੱਕਿਆ ਗਿਆ ਕਰਜ਼ਾ ਖੁਦਕੁਸ਼ੀ ਵੱਲ ਲੈ ਕੇ ਜਾ ਰਿਹਾ ਹੈ। ਵਪਾਰ ਵਿਚ ਘਾਟਾ ਪੈਣ ਕਾਰਨ ਵਪਾਰੀ ਅਤੇ ਉਦਯੋਗਪਤੀ ਵਰਗ ਵੀ ਆਪਣਾ ਦਿਲ ਛੱਡ ਰਿਹਾ ਹੈ ਜਦਕਿ ਨੌਜਵਾਨ ਵਿਦਿਆਰਥੀ ਜਮਾਤ ਵਿਚੋਂ ਫੇਲ ਹੋ ਜਾਣ ਕਾਰਨ ਜਾਂ ਫਿਰ ਪ੍ਰੇਮ ਸਬੰਧ ਨੇਪਰੇ ਨਾ ਚਡ਼੍ਹਨ ਕਾਰਨ ਮੌਤ ਨੂੰ ਆਪਣੇ ਗਲੇ ਲਾ ਰਹੇ ਹਨ। ਇਸ ਤੋਂ ਇਲਾਵਾ ਬੇਰੋਜ਼ਗਾਰੀ ਦੇ ਆਲਮ ਵਿਚ ਭਵਿੱਖ ਦੀ ਚਿੰਤਾ ਨੂੰ ਲੈ ਕੇ ਪੰਜਾਬ ਦਾ ਨੌਜਵਾਨ ਅਤੇ ਮੁਟਿਆਰਾਂ ਵੀ ਖੁਦਕੁਸ਼ੀਅਾਂ ਵੱਲ ਪੈਰ ਪੁੱਟ ਰਹੀਅਾਂ ਹਨ ਜਦਕਿ ਡਿਊਟੀ ਦੌਰਾਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨ ਦੀ ਬਜਾਏ ਮੁਲਾਜ਼ਮ ਵਰਗ ਵੀ ਆਪਣੇ ਹੀ ਹਥਿਆਰਾਂ ਨਾਲ ਖੁਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀਆਂ ਕਰ ਰਹੇ ਹਨ। ਇਥੇ ਹੀ ਬੱਸ ਨਹੀਂ ਸਹੁਰੇ ਪਰਿਵਾਰਾਂ ਦੀ ਬੇਰੁਖੀ ਅਤੇ ਤੰਗੀ ਦਾ ਸਾਹਮਣਾ ਕਰਨ ਵਾਲੀਆਂ ਨਵ-ਵਿਆਹੁਤਾ ਮੁਟਿਆਰਾਂ ਵੀ ਖੁਦਕੁਸ਼ੀਆਂ ਦੇ ਅੰਕਡ਼ਿਆਂ ਤੋਂ ਪਿੱਛੇ ਨਹੀਂ ਰਹਿ ਗਈਆਂ ਕਿਉਂਕਿ ਰੋਜ਼ ਕੋਈ ਨਾ ਕੋਈ ਮੁਟਿਆਰ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੀ ਹੈ। ਅਸਲ ’ਚ ਇਹ ਕਾਰਨ ਜਾਂ ਮਜਬੂਰੀਆਂ ਇਨ੍ਹਾਂ ਲੋਕਾਂ ਨੂੰ ਖੁਦਕੁਸ਼ੀਆਂ ਵੱਲ ਲੈ ਕੇ ਜਾ ਰਹੀਆਂ ਹਨ ਜਾਂ ਫਿਰ ਕਿਤੇ ਵੇਖੋ-ਵੇਖੀ ਤਾਂ ਇਹ ਸਿਲਸਿਲਾ ਅੱਗੇ ਨਹੀਂ ਵੱਧ ਰਿਹਾ। ਇਸ ਉਪਰ ਵੀ ਗੰਭੀਰਤਾ ਨਾਲ ਸੋਚਣਾ ਹਰ ਪੰਜਾਬੀ ਦਾ ਮੁੱਢਲਾ ਫਰਜ਼ ਬਣਦਾ ਹੈ ਕਿਉਂਕਿ ਪੰਜਾਬੀਆਂ ਨੇ ਹਰ ਖੇਤਰ ਵਿਚ ਅੱਗੇ ਹੋ ਕੇ ਕੁਰਬਾਨੀ ਦੇਣ ਤੋਂ ਕਦੇ ਵੀ ਪੈਰ ਪਿੱਛੇ ਨਹੀਂ ਕੀਤਾ ਪਰ ਅੱਜ ਜਿਸ ਤੇਜ਼ੀ ਨਾਲ ਪੰਜਾਬੀ ਆਪਣੇ ਪੈਰ ਖੁਦਕੁਸ਼ੀਅਾਂ ਵੱਲ ਪੁੱਟ ਰਹੇ ਹਨ, ਉਹ ਆਉਣ ਵਾਲੇ ਸਮੇਂ ਲਈ ਵੱਡੇ ਖਤਰੇ ਦੀ ਘੰਟੀ ਹੈ।
ਕੀ ਕਹਿੰਦੇ ਹਨ ਸਮਾਜ ਦੇ ਬੁੱਧੀਜੀਵੀ
ਇਸ ਸਬੰਧੀ ਸਮਾਜ ਦੇ ਸ਼ੁੱਭਚਿੰਤਕ ਵਰਗ ਦੇ ਬੁੱਧੀਜੀਵੀ ਅਤੇ ਸਮਾਜਸੇਵੀ ਆਗੂਆਂ ’ਚ ਸ਼ਾਮਲ ਪ੍ਰੈੱਸ ਕਲੱਬ ਦੇ ਪ੍ਰਧਾਨ ਰਾਜਿੰਦਰਪਾਲ ਸਿੰਘ ਧਾਲੀਵਾਲ, ਸਰਬੱਤ ਦਾ ਭਲਾ ਟਰੱਸਟ ਦੇ ਵਿੱਤ ਸੈਕਟਰੀ ਹਰਸਿਮਰਨ ਸਿੰਘ ਹੀਰਾ ਵਾਲੀਆ, ਆਰ. ਡੀ. ਖੋਸਲਾ ਡੀ. ਏ. ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਬਿੰਦੂ ਭੱਲਾ, ਰਾਇਲ ਇੰਸਟੀਚਿਊਟ ਆਫ਼ ਨਰਸਿੰਗ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ, ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ, ਉੱਘੇ ਉਦਯੋਗਪਤੀ ਸੁਖਜਿੰਦਰ ਸਿੰਘ ਘਟੋਡ਼ਾ ਰਾਜਿੰਦਰਾ ਫਾਊਂਡਰੀ, ਜਨ ਕਲਿਆਣ ਸੋਸਾਇਟੀ ਦੇ ਸਟੇਟ ਐਵਾਰਡੀ ਪ੍ਰਧਾਨ ਹਰਮਨਜੀਤ ਸਿੰਘ ਗੁਰਾਇਆ, ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਖੁਸ਼ਬੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਿਰਾਸ਼ਾ ਦੇ ਆਲਮ ਵਿਚ ਡੁੱਬ ਕੇ ਖੁਦਕੁਸ਼ੀ ਕਰਨ ਵਾਲੇ ਤਾਂ ਆਪਣਾ ਆਪ ਖਤਮ ਕਰ ਲੈਂਦੇ ਹਨ ਪਰ ਪਿੱਛੋਂ ਪਰਿਵਾਰਾਂ ਦੇ ਸਿਰ ਉਪਰ ਜੋ ਦੁੱਖ-ਤਕਲੀਫਾਂ ਦੇ ਪਹਾਡ਼ ਟੁੱਟ ਪੈਂਦੇ ਹਨ, ਉਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਸ ਲਈ ਪੰਜਾਬੀਆਂ ਨੂੰ ਆਪਣੇ ਇਤਿਹਾਸਕ ਅਤੇ ਅਮੀਰ ਵਿਰਸੇ ਤੋਂ ਜਾਣੂ ਹੋ ਕੇ ਹਾਂ-ਪੱਖੀ ਸੋਚ ਦਾ ਧਾਰਨੀ ਬਣ ਕੇ ਹਰ ਮੁਸੀਬਤ ਅਤੇ ਹਾਲਾਤ ਦਾ ਸਾਹਮਣਾ ਖਿਡ਼ੇ-ਮੱਥੇ ਕਰਨਾ ਚਾਹੀਦਾ ਹੈ ਅਤੇ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਨ ਤੋਂ ਬਾਅਦ ਆਪਣੇ ਸੱਜਣਾਂ-ਮਿੱਤਰਾਂ ਅਤੇ ਸਨੇਹੀਆਂ ਨਾਲ ਮੁਸ਼ਕਲਾਂ ਅਤੇ ਮੁਸੀਬਤਾਂ ਦਾ ਹੱਲ ਕਰਨ ਲਈ ਵਿਚਾਰ-ਵਟਾਂਦਰਾ ਕਰਦਿਆਂ ਠੋਸ ਯਤਨ ਕਰਨੇ ਚਾਹੀਦੇ ਹਨ ਤਾਂ ਜੋ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਦੇ ਵੀ ਨਾ ਪੂਰੀਆਂ ਹੋਣ ਵਾਲੀਆਂ ਬੇਲੋਡ਼ੀਆਂ ਇੱਛਾਵਾਂ ਨੂੰ ਆਪਣੇ ਜੀਵਨ ਵਿਚ ਨਹੀਂ ਆਉਣ ਦੇਣਾ ਚਾਹੀਦਾ ਕਿਉਂਕਿ ਬਹੁਤੀਅਾਂ ਇੱਛਾਵਾਂ ਇਨਸਾਨ ਨੂੰ ਆਪੇ ਤੋਂ ਬਾਹਰ ਕਰ ਦਿੰਦੀਆਂ ਹਨ। ਇਸ ਲਈ ਰੱਬ ਦੇ ਭਾਣੇ ਵਿਚ ਰਹਿ ਕੇ ਸਾਨੂੰ ਮਿਹਨਤ ਕਰਦਿਆਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਤੇ ਪ੍ਰਮਾਤਮਾ ਨੇ ਜੋ ਕੁਝ ਵੀ ਸਾਨੂੰ ਦਿੱਤਾ ਹੈ ਉਸ ਨਾਲ ਸਬਰ-ਸੰਤੋਖ ਕਰ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ।
ਵਾਹਨ ਵੱਲੋਂ ਬਿਜਲੀ ਦੇ ਖੰਭੇ ਤੋਡ਼ਣ ਕਾਰਨ 12 ਪਿੰਡਾਂ ਦੀ ਬਿਜਲੀ ਰਹੀ ਗੁੱਲ, ਲੋਕ ਪ੍ਰੇਸ਼ਾਨ
NEXT STORY