ਲੁਧਿਆਣਾ, (ਪੰਕਜ)- ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਅਸ਼ੋਕ ਨਗਰ 'ਚ 2 ਲੜਕਿਆਂ ਵੱਲੋਂ ਜ਼ਹਿਰ ਨਿਗਲ ਕੇ ਆਤਮਹੱਤਿਆਵਾਂ ਦੇ ਮਾਮਲੇ ਨੇ ਉਸ ਸਮੇਂ ਗੰਭੀਰ ਰੂਪ ਲੈ ਲਿਆ ਜਦੋਂ ਪੀੜਤ ਪਰਿਵਾਰਾਂ ਨੇ ਘਟਨਾਵਾਂ ਪਿੱਛੇ ਦੋਵਾਂ ਨੂੰ ਮਾਨਸਿਕ ਰੂਪ 'ਚ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਦੋ ਦਿਨ ਪਹਿਲਾਂ ਸ਼ੱਕੀ ਹਾਲਾਤ ਵਿਚ ਜ਼ਹਿਰ ਨਿਗਲਣ ਵਾਲੇ 35 ਸਾਲਾ ਵਿਕਰਮਜੀਤ ਸਿੰਘ ਜੋ ਕਿ ਸ਼ਾਦੀਸ਼ੁਦਾ ਤੇ 2 ਬੱਚਿਆਂ ਦਾ ਪਿਤਾ ਸੀ, ਦੀ ਮੌਤ ਤੋਂ ਬਾਅਦ ਗੁੱਸੇ 'ਚ ਆਏ ਪਰਿਵਾਰ ਤੇ ਮੁਹੱਲੇ ਵਾਲਿਆਂ ਨੇ ਲਾਸ਼ ਦਾ ਸਸਕਾਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਲਾਸ਼ ਨੂੰ ਸੜਕ 'ਤੇ ਰੱਖ ਕੇ ਘੰਟਿਆਂਬੱਧੀ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਭਰਾ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੇ ਭਰਾ ਨੇ ਇਲਾਕੇ ਦੇ ਦੋ ਫਾਈਨਸਰਾਂ ਤੋਂ 50-50 ਹਜ਼ਾਰ ਦੇ ਲੋਨ ਕਰਵਾਏ ਸਨ, ਜਿਨ੍ਹਾਂ ਦੀਆਂ ਕ੍ਰਮਵਾਰ 9 ਤੇ 12 ਕਿਸ਼ਤਾਂ ਜਾ ਚੁੱਕੀਆਂ ਸਨ ਪਰ ਬਾਵਜੂਦ ਇਸ ਦੇ ਫਾਈਨਸਰ ਉਸ ਨੂੰ ਆਏ ਦਿਨ ਗਾਲੀ-ਗਲੋਚ ਕਰ ਕੇ ਘਰ ਆ ਕੇ ਬੇਇੱਜ਼ਤ ਕਰਨ ਦੀ ਧਮਕੀ ਦਿੰਦੇ ਸਨ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰ ਖਾ ਲਿਆ।
ਇਸ ਦੌਰਾਨ ਪਰਿਵਾਰ ਨੇ ਲਾਸ਼ ਦਾ ਸਸਕਾਰ ਕਰਨ ਤੋਂ ਸਾਫ ਇਨਕਾਰ ਕਰਦੇ ਹੋਏ ਧਰਨਾ ਲਗਾ ਦਿੱਤਾ। ਉਨ੍ਹਾਂ ਦੀ ਮੰਗ ਸੀ ਕਿ ਜਦੋਂ ਤੱਕ ਪੁਲਸ ਮੁਲਜ਼ਮਾਂ ਖਿਲਾਫ ਕੇਸ ਦਰਜ ਨਹੀਂ ਕਰਦੀ ਉਦੋਂ ਤੱਕ ਉਹ ਸਸਕਾਰ ਨਹੀਂ ਕਰਨਗੇ। ਪੀੜਤ ਪਰਿਵਾਰ ਨੇ ਮ੍ਰਿਤਕ ਦਾ ਲਿਖਿਆ ਸੁਸਾਈਡ ਨੋਟ ਵੀ ਪੁਲਸ ਨੂੰ ਦਿਖਾਇਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਏ. ਸੀ. ਪੀ. ਧਰਮਪਾਲ ਪੁਲਸ ਪਾਰਟੀ ਸਮੇਤ ਉਥੇ ਪਹੁੰਚੇ ਤੇ ਪਰਿਵਾਰ ਨੂੰ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ।
ਦੂਸਰੇ ਮਾਮਲੇ 'ਚ ਚਾਰ ਮਹੀਨੇ ਪਹਿਲਾਂ ਕੱਪੜੇ ਦੀ ਫੇਰੀ ਲਾਉਣ ਵਾਲੇ ਜੋਗਾ ਸਿੰਘ (23) ਪੁੱਤਰ ਚੰਨਣ ਸਿੰਘ ਨੇ ਜ਼ਹਿਰ ਨਿਗਲ ਕੇ ਆਤਮਹੱਤਿਆ ਕਰ ਲਈ। ਪੀੜਤ ਦੇ ਪਿਤਾ ਨੇ ਦੋਸ਼ ਲਾਇਆ ਕਿ ਚਾਰ ਮਹੀਨੇ ਪਹਿਲਾਂ ਉਸ ਦੇ ਬੇਟੇ ਦੀ ਸ਼ਾਦੀ ਇਸਲਾਮਗੰਜ ਦੀ ਰਹਿਣ ਵਾਲੀ ਲੜਕੀ ਨਾਲ ਹੋਈ ਸੀ, ਜਿਸ ਨੇ ਸ਼ਾਦੀ ਦੇ ਕੁਝ ਦਿਨਾਂ ਬਾਅਦ ਹੀ ਪੂਰੇ ਪਰਿਵਾਰ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਕਈ ਵਾਰ ਬਹੁਤ ਝਗੜਾ ਵੀ ਹੋਇਆ ਸੀ, ਜਿਸ ਕਾਰਨ ਮਾਨਸਿਕ ਦਬਾਅ ਵਿਚ ਆਏ ਉਨ੍ਹਾਂ ਦੇ ਬੇਟੇ ਨੇ ਜ਼ਹਿਰ ਨਿਗਲ ਲਿਆ। ਇਸ ਦੌਰਾਨ ਜਦੋਂ ਉਸ ਨੂੰ ਡੀ. ਐੱਮ. ਸੀ. ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਗਈ। ਇਸ ਮੌਕੇ ਚੰਨਣ ਸਿੰਘ ਨੇ ਸਾਫ ਕੀਤਾ ਕਿ ਜਦੋਂ ਤੱਕ ਉਸ ਦੇ ਬੇਟੇ ਨੂੰ ਮੌਤ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਹ ਲਾਸ਼ ਦਾ ਸਸਕਾਰ ਨਹੀਂ ਕਰਨਗੇ।
ਕਮੇਟੀਆਂ ਦੀ ਵੱਡੀ ਰਕਮ ਲੈ ਕੇ ਮਾਂ-ਧੀ ਹੋਈਆਂ ਫ਼ਰਾਰ
NEXT STORY