ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਭਾਰਤ ਦੀ ਅਖੰਡਤਾ ਤੇ ਪ੍ਰਭੂਸੱਤਾ ਦੀ ਰਾਖੀ ਲਈ ਦੇਸ਼ ਨੂੰ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਚੀਨ ਦੀ ਘੁਸਪੈਠ ਖਿਲਾਫ ਭਾਰਤੀ ਖੇਤਰ ਦੀ ਰੱਖਿਆ ਕਰਨ ਵੇਲੇ ਇਸ ਦੇ ਸੈਨਿਕਾਂ ਦੀ ਸ਼ਹਾਦਤ ਅਜਾਈਂ ਨਹੀਂ ਜਾਣੀ ਚਾਹੀਦੀ।
ਚੀਨ ਵੱਲੋਂ ਲੱਦਾਖ ਵਿਚ ਗਲਵਾਨ ਘਾਟੀ 'ਤੇ ਆਪਣਾ ਹੱਕ ਜਤਾਉਣ ਦੇ ਯਤਨਾਂ ਨੂੰ ਅਸਹਿਣਯੋਗ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦੇਸ਼ ਨੂੰ ਮੂੰਹਤੋੜ ਜਵਾਬ ਦੇਣਾ ਚਾਹੀਦਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੀਨੀ ਦਾ ਦੁਬਾਰਾ ਭਾਰਤ-ਚੀਨ ਸਰਹੱਦ 'ਤੇ ਮੌਜੂਦਾ ਸਥਿਤੀ ਨੂੰ ਤਬਦੀਲ ਕਰਨ ਦੀ ਜੁਰੱਅਤ ਨਾ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਚੀਨ ਨੂੰ ਇਕ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਠੋਕਵੀਂ ਜਵਾਬੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਪਸ਼ਟ ਦੱਸ ਦੇਣਾ ਚਾਹੀਦਾ ਹੈ ਕਿ ਕਿਸੇ ਵੀ ਤਰੀਕੇ ਭਾਰਤ ਆਪਣੀ ਇਕ ਇੰਚ ਵੀ ਥਾਂ ਨਹੀਂ ਦੇਵੇਗਾ ਤੇ ਇਹ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਸਰਵਉਚ ਬਲਿਦਾਨ ਦੇਣ ਵਾਸਤੇ ਵੀ ਹਮੇਸ਼ਾ ਤਿਆਰ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਹਥਿਆਰਬੰਦ ਫੌਜ ਨਾਲ ਇਕਜੁੱਟਤਾ ਪ੍ਰਗਟ ਕਰਦਆਿਂ ਕਿਹਾ ਕਿ ਜਦੋਂ ਵੀ ਮੁਸ਼ਕਿਲ ਹਾਲਾਤ ਬਣੇ ਸਾਡੇ ਸੈਨਿਕਾਂ ਨੇ ਮਿਸਾਲੀ ਬਹਾਦਰੀ ਵਿਖਾਈ ਹੈ ਤੇ ਇਹ ਯਕੀਨੀ ਬਦਾਇਆ ਹੈ ਕਿ ਦੁਸ਼ਮਣ ਦੇ ਟੀਚੇ ਕਦੇ ਵੀ ਪੂਰੇ ਨਾ ਹੋਣ। ਉਹਨਾਂ ਕਿਹਾ ਕਿ ਦੇਸ਼ ਹਮੇਸ਼ਾ ਆਪਣੇ ਸੈਨਿਕਾਂ ਦੀ ਸ਼ਹਾਦਤ ਯਾਦ ਰੱਖੇਗਾ ਤੇ ਕਿਸੇ ਵੀ ਬਾਹਰੀ ਹਮਲੇ ਖਿਲਾਫ ਉਹਨਾਂ ਦੇ ਮੋਢੇ ਨਾਲ ਮੋਖਾ ਲਾ ਕੇ ਖੜ ਹੋਵੇਗਾ।
ਸ੍ਰ ਸੁਖਬੀਰ ਸਿੰਘ ਬਾਦਲ ਨੇ ਲੱਦਾਖ ਵਿਚ ਗਲਵਾਨ ਘਾਟੀ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦ ਹੋਏ 20 ਸੈਨਿਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਇਹਨਾਂ ਬਹਾਦਰਾਂ ਵਿਚੋਂ ਚਾਰ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਸਤਨਾਮ ਸਿੰਘ ਅਤੇ ਸਿਪਾਹੀ ਗੁਰਬਿੰਦਰ ਸਿੰਘ ਤੇ ਗੁਰਤੇਜ ਸਿੰਘ ਪੰਜਾਬ ਨਾਲ ਸਬੰਧਤ ਸਨ। ਉਹਨਾਂ ਨੇ ਦੁਖੀ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਇਹਨਾਂ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਸਹਿਣ ਤੇ ਭਾਣਾ ਮੰਨਣ ਦਾ ਬਲ ਬਖਸ਼ੇ।
ਪਰਮਿੰਦਰ ਢੀਂਡਸਾ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ
NEXT STORY