ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਦਰਸ਼ਨਾਂ ਉਪਰੰਤ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਵਿਖੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਵਾਏ। ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਸਾਰਾ ਪੰਜਾਬ ਸਰਕਾਰ ਵੱਲੋਂ ਇਲੈਕਸ਼ਨ ਜਿੱਤਣ ਵਾਸਤੇ ਚਲਾਇਆ ਡਰਾਮਾ ਸੀ ਕਿ ਇਹ ਨੂੰ ਫੜ੍ਹ ਲਿਆ ਗਿਆ ਤੇ ਉਹਨੂੰ ਫੜ੍ਹ ਲਿਆ ਗਿਆ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨੂੰ ਆਪਣੀ ਇਨਵੈਸਟੀਗੇਸ਼ਨ ਜਾਰੀ ਰੱਖਣੀ ਚਾਹੀਦੀ ਹੈ। ਇਸ ਬਾਰੇ ਅਸੀਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਨੇ ਆਪਣੀ ਰਿਪੋਰਟ 'ਚ ਪੁਆਇੰਟ ਬਾਇ ਪੁਆਇੰਟ ਸਭ ਕੁਝ ਸਪੱਸ਼ਟ ਕਰ ਦਿੱਤਾ ਹੈ ਕਿ ਜੋ ਪੰਜਾਬ ਸਰਕਾਰ ਨੇ ਕਿਹਾ ਸੀ ਬਿਲਕੁਲ ਗਲਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਕੌਣ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਨਗਰ ਕੀਰਤਨ 'ਚ ਬਾਘਾ ਬਾਰਡਰ 'ਤੇ ਪੁੱਜ ਕੇ ਸਵਾਗਤ ਕਰਨਾ ਚਾਹੀਦਾ ਹੈ। ਸਰਨਾ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਰਨਾ ਆਈ. ਐੈੱਸ. ਆਈ. ਦਾ ਏਜੰਟ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ 'ਚ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਪਟਨਾ ਸਾਹਿਬ ਪ੍ਰਬੰਧਕੀ ਬੋਰਡ, ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ, ਪੰਜੇ ਤਖ਼ਤਾਂ ਦੇ ਜਥੇਦਾਰ ਸਾਹਿਬ ਅਤੇ ਗ੍ਰੰਥੀ ਸਾਹਿਬਾਨ ਤੋਂ ਇਲਾਵਾ ਸਮੁੱਚੀਆਂ ਜਥੇਬੰਦੀਆਂ ਤੇ ਸਿੱਖ ਸੰਗਤਾਂ ਇੱਕ ਜੁੱਟ ਹੋ ਕੇ ਸ਼ਾਮਲ ਹੋਣ ਜਾ ਰਹੀਆਂ ਹਨ।
ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੋ ਸਖ਼ਸ਼ ਸਰਕਾਰ ਦੇ ਕਹੇ 'ਤੇ ਚੱਲ ਕੇ ਕੰਮ ਕਰੇ, ਉਸ ਤੋਂ ਇਨਸਾਫ਼ ਦੀ ਕੀ ਆਸ ਲਾਈ ਜਾ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਇਲੈਕਸ਼ਨ ਕਮਿਸ਼ਨ ਨੇ ਵੀ ਕੁੰਵਰ ਵਿਜੇ ਪ੍ਰਤਾਪ ਨੂੰ ਰਿਜੈਕਟ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 532 ਕਿੱਲੋ ਹੀਰੋਇਨ ਦਾ ਫੜ੍ਹੇ ਜਾਣਾ ਇਹ ਸਾਬਤ ਕਰਦਾ ਹੈ ਕਿ ਸਮੱਗਲਰ ਸਰਕਾਰ ਦੇ ਮੰਤਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੇ ਕੈਪਟਨ ਦੇ ਰਾਜ 'ਚ ਨਸ਼ਾ ਸਮੱਗਲਿੰਗ ਇੰਨੀ ਵੱਧ ਗਈ ਹੈ, ਜਿੰਨੀ ਅਕਾਲੀ ਸਰਕਾਰ ਦੇ 10 ਸਾਲਾਂ ਦੇ ਰਾਜ 'ਚ ਨਹੀਂ ਸੀ ਵਧੀ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਘੱਗਰ ਦਰਿਆ 'ਚ ਪਏ ਪਾੜਾਂ ਦਾ ਕੋਈ ਹੱਲ ਨਹੀਂ ਕੀਤਾ ਤਾਂ ਅਕਾਲੀ ਦਲ 'ਤੇ ਦੋਸ਼ ਲਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਢਾਈ ਸਾਲਾਂ ਦੇ ਰਾਜ 'ਚ ਹੁਣ ਤੱਕ ਕੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਜਿਸ ਪੱਧਰ ਨਾਲ ਜ਼ਮੀਨ ਹੇਠਾਂ ਜਾ ਰਿਹਾ ਹੈ। ਜੇਕਰ ਇਸ 'ਤੇ ਕੰਟਰੋਲ ਨਾ ਕੀਤਾ ਗਿਆ ਤਾਂ ਅਗਲੇ 15 ਸਾਲਾਂ 'ਚ ਪੰਜਾਬ ਵੀ ਰਾਜਸਥਾਨ ਬਣ ਕੇ ਰਹਿ ਜਾਵੇਗਾ। ਸਾਡੀ ਸਰਦਾਰੀ ਹੈ ਤਾਂ ਪਾਣੀ ਨਾਲ ਹੈ, ਜੇਕਰ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਇਸ ਦਾ ਕੋਈ ਠੋਸ ਹੱਲ ਕੱਢਣ ਲਈ ਸੱਦਾ ਦਿੱਤਾ। ਸੁਖਬੀਰ ਬਾਦਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਡਰਾਮੇਬਾਜ਼ ਹੈ। ਉਸ ਨੇ ਮੰਤਰੀ ਰਹਿੰਦਿਆਂ ਪੰਜਾਬ ਦੀ ਨੁਹਾਰ ਬਦਲਣ ਬਾਰੇ ਕੋਈ ਕੰਮ ਨਹੀਂ ਕੀਤਾ। ਹੁਣ ਉਸ ਨੂੰ ਪੰਜਾਬ ਬਾਰੇ ਹਮਦਰਦੀ ਜਾਗ ਪਈ ਹੈ। ਅੱਜ ਤੁਸੀਂ ਦੇਖ ਸਕਦੇ ਹੋ ਵਿਰਾਸਤੇ ਮਾਰਗ ਦਾ ਹਾਲ, ਸੜਕਾਂ ਟੁੱਟੀਆਂ ਅਤੇ ਮੇਨ ਐਂਟਰੀ ਗੇਟ ਦੀਆਂ ਲਾਈਟਾਂ ਵੀ ਬੰਦ, ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਪਏ ਹਨ।
ਫਿਰੋਜ਼ਪੁਰ : ਭਾਰਤ-ਪਾਕਿ ਸਰਹੱਦ ਤੋਂ 10 ਕਰੋੜ ਦੀ ਹੈਰੋਇਨ ਬਰਾਮਦ
NEXT STORY