ਮੋਗਾ,(ਗੋਪੀ ਰਾਊਕੇ): ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅੱਜ ਮੋਗਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਸੂਬੇ ਅੰਦਰ ਮਾਫੀਆ ਰਾਜ ਦੀ ਜੜ੍ਹ ਅਕਾਲੀ ਹਕੂਮਤ ਵੇਲੇ ਸੁਖਬੀਰ ਸਿੰਘ ਬਾਦਲ ਨੇ ਲਾਈ ਸੀ ਅਤੇ ਹੁਣ ਕਾਂਗਰਸ ਸਰਕਾਰ ਆਉਣ 'ਤੇ ਇਹੋ ਵਰਤਾਰਾ ਚੱਲ ਰਿਹਾ ਹੈ। ਇਸ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਹੁਣ ਰੇਤ-ਮਾਫੀਆ, ਸ਼ਰਾਬ ਮਾਫੀਆ ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਬਿਜਲੀ ਮਾਫੀਆ, ਲੈਂਡ ਮਾਫੀਆ ਅਤੇ ਡਰੱਗ ਵਰਗੇ ਮੁੱਦਿਆਂ 'ਤੇ ਬੋਲਣ ਦਾ ਕੋਈ ਵੀ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਹੀ ਮਾਫੀਆ ਦੇ ਪਿਤਾਮਾ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਪੰਜਾਬ 'ਚ ਗੈਂਗਸਟਰ ਕਲਚਰ ਵੀ ਬਾਦਲ ਸਰਕਾਰ ਵੇਲੇ ਹੀ ਪੈਦਾ ਹੋਇਆ ਸੀ ਅਤੇ ਕਾਂਗਰਸ ਸਰਕਾਰ ਵੇਲੇ ਇਹ ਉਸ ਤੋਂ ਵੀ ਵਧ ਗਿਆ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੀ ਗਈ 'ਆਮ ਆਦਮੀ ਬੋਲੇਗਾ ਕਾਂਗਰਸ-ਅਕਾਲੀ ਦਲ ਦੀ ਪੋਲ ਖੋਲ੍ਹੇਗਾ' ਮੁਹਿੰਮ ਤਹਿਤ ਪਾਰਟੀ ਦੇ ਆਗੂ ਅਤੇ ਵਰਕਰ ਇਸ
ਮੁਹਿੰਮ ਨੂੰ ਘਰ-ਘਰ ਪਹੁੰਚਾ ਕੇ ਦੋਵਾਂ ਰਵਾਇਤੀ ਪਾਰਟੀਆਂ ਦੀ ਅਸਲ ਤਸਵੀਰ ਲੋਕਾਂ ਅੱਗੇ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਕਰ ਕੇ ਪੰਜਾਬ 'ਚ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਹਰ ਵਰਗ ਬੇਹੱਦ ਨਿਰਾਸ਼ ਹੈ। ਉਨ੍ਹਾਂ ਮੋਗਾ ਵਿਖੇ ਅਕਾਲੀ ਦਲ ਦੇ ਧਰਨੇ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕੋ- ਸਿੱਕੇ ਦੋ ਪਹਿਲੂ ਹਨ ਅਤੇ ਪੰਜਾਬੀਆਂ ਨੂੰ ਹੁਣ ਦੋਵਾਂ ਕੋਲੋਂ ਭਲੇ ਦੀ ਕੋਈ ਆਸ ਨਹੀਂ ਹੈ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜ਼ਿਲਾ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਪਾਰਟੀ ਬੁਲਾਰੇ ਅਤੇ ਹਲਕਾ ਪ੍ਰਧਾਨ ਨਵਦੀਪ ਸਿੰਘ ਸੰਘਾ, ਪਿਆਰਾ ਸਿੰਘ, ਸੁਖਦੀਪ ਧਾਮੀ, ਮਨਪ੍ਰੀਤ ਰਿੰਕੂ, ਅਮਨ ਰੱਖੜਾ, ਸੁਰਜੀਤ ਸਿੰਘ, ਸੰਜੀਵ ਕੋਛੜ, ਊਸ਼ਾ ਰਾਣੀ, ਕੁਲਦੀਪ ਕੌਰ ਆਦਿ ਹਾਜ਼ਰ ਸਨ।
ਬੈਂਕ/ਕੰਪਨੀ ਤੋਂ ਆਉਣ ਵਾਲੀ ਕਾਲ ਤੋਂ ਲੋਕ ਰਹਿਣ ਸਾਵਧਾਨ!
NEXT STORY