ਚੰਡੀਗੜ੍ਹ (ਭੁੱਲਰ) : ਦਰਬਾਰ-ਏ-ਖਾਲਸਾ ਨਾਂ ਦੇ ਸੰਗਠਨ ਨੇ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ ਅਤੇ ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਬਾਦਲ ਖਿਲਾਫ ਚੋਣ ਕਮਿਸ਼ਨ 'ਚ ਸ਼ਿਕਾਇਤ ਕੀਤੀ ਹੈ। ਸੰਗਠਨ ਦੇ ਪ੍ਰਤੀਨਿਧੀਆਂ ਨੇ ਵੀਰਵਾਰ ਨੂੰ ਇਥੇ ਬਰਗਾੜੀ ਤੇ ਬਹਿਬਲਕਲਾਂ ਗੋਲੀਕਾਂਡ ਤੋਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਨਾਲ ਲੈ ਕੇ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਰਾਹੀਂ ਚੋਣ ਕਮਿਸ਼ਨ ਨੂੰ ਭੇਜੀ ਸ਼ਿਕਾਇਤ 'ਚ ਦੋਸ਼ ਲਾਇਆ ਹੈ ਕਿ ਚੋਣ ਜ਼ਾਬਤੇ ਦੇ ਨਿਯਮਾਂ ਦਾ ਉਲੰਘਣ ਕਰਦਿਆਂ ਸੁਖਬੀਰ ਤੇ ਹਰਸਿਮਰਤ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐੱਸ.ਜੀ.ਪੀ.ਸੀ. ਦੇ ਸਾਧਨਾਂ ਤੇ ਫੰਡਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਦਰਬਾਰ-ਏ-ਖਾਲਸਾ ਦੇ ਮੁਖੀ ਹਰਜਿੰਦਰ ਸਿੰਘ ਮਾਝੀ ਵਲੋਂ ਦਿੱਤੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਕਿ ਇਨ੍ਹਾਂ ਵਲੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ ਦੀ ਵਰਤੋਂ ਚੋਣ ਪ੍ਰਚਾਰ ਲਈ ਕੀਤੀ ਜਾ ਰਹੀ ਹੈ। ਇਨ੍ਹਾਂ ਗੱਡੀਆਂ ਦੀਆਂ ਮੀਡੀਆ ਵਿਚ ਆ ਚੁੱਕੀਆਂ ਫੋਟੋਆਂ ਦੀਆਂ ਕਾਪੀਆਂ ਵੀ ਮੁੱਖ ਚੋਣ ਅਧਿਕਾਰੀ ਨੂੰ ਸਬੂਤ ਲਈ ਦਿੱਤੀਆਂ ਗਈਆਂ। ਇਹ ਵੀ ਦੋਸ਼ ਲਾਇਆ ਗਿਆ ਕਿ ਸੁਖਬੀਰ ਬਾਦਲ ਵਲੋਂ ਪਾਰਟੀ ਪ੍ਰਧਾਨ ਹੋਣ ਕਰਕੇ ਚੋਣ ਰੈਲੀਆਂ ਵਿਚ ਗੁਰਦੁਆਰਾ ਸਾਹਿਬਾਨਾਂ ਤੋਂ ਲੰਗਰ ਵੀ ਮੰਗਵਾਇਆ ਜਾਂਦਾ ਹੈ ਤੇ ਐੱਸ.ਜੀ.ਪੀ.ਸੀ. ਦੇ ਵਾਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਸ਼ਿਕਾਇਤ 'ਚ ਦਸਤਾਵੇਜ਼ੀ ਸਬੂਤਾਂ ਸਮੇਤ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਵੱਲੋਂ ਸ਼੍ਰੋਮਣੀ ਕਮੇਟੀ ਵਿਚ ਨੌਕਰੀ ਦਿਵਾਉਣ ਬਦਲੇ ਅਨੇਕਾਂ ਨੌਜਵਾਨਾਂ ਤੋਂ ਲੱਖਾਂ ਰੁਪਏ ਜ਼ਬਰਦਸਤੀ ਉਗਰਾਹੇ ਗਏ, ਜਿਸ ਦਾ ਇਸਤੇਮਾਲ ਚੋਣਾਂ 'ਚ ਕੀਤਾ ਜਾਵੇਗਾ, ਜੋ ਕਿ ਇਕ ਵੱਡਾ ਅਪਰਾਧ ਹੈ। ਦੱਸਿਆ ਗਿਆ ਕਿ ਲਗਭਗ 44 ਲੱਖ ਰੁਪਏ ਨੌਜਵਾਨਾਂ ਤੋਂ ਨੌਕਰੀਆਂ ਦੇ ਨਾਮ 'ਤੇ ਇਕੱਠੇ ਕੀਤੇ ਗਏ ਹਨ। ਸ਼ਿਕਾਇਤ ਵਿਚ ਕਿਹਾ ਗਿਆ ਕਿ ਬੇਸ਼ੱਕ ਸ਼੍ਰੋਮਣੀ ਕਮੇਟੀ ਵਲੋਂ ਮਾਮਲਾ ਬੇਨਕਾਬ ਹੋਣ ਜਾਣ 'ਤੇ ਵਧੀਕ ਸਕੱਤਰ ਨੂੰ ਮੁਅੱਤਲ ਕੀਤਾ ਗਿਆ ਹੈ ਪਰ ਇਹ ਸਿਰਫ਼ ਦਿਖਾਵੇ ਲਈ ਕੀਤਾ ਗਿਆ ਹੈ। ਇਸ ਅਧਿਕਾਰੀ ਨੂੰ ਅਕਾਲੀ ਆਗੂ ਬਚਾ ਰਹੇ ਹਨ। ਕਮਿਸ਼ਨ ਤੋਂ ਮੰਗ ਕੀਤੀ ਗਈ ਕਿ ਧਾਰਮਿਕ ਸਥਾਨਾਂ ਦੇ ਸਾਧਨਾਂ ਦੀ ਚੋਣਾਂ ਲਈ ਦੁਰਵਰਤੋਂ ਕੀਤੇ ਜਾਣ ਦੇ ਦੋਸ਼ਾਂ 'ਚ ਸੁਖਬੀਰ ਤੇ ਹਰਸਿਮਰਤ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ।
ਪੰਜਾਬ ਵਕਫ ਬੋਰਡ 'ਚ 88 ਲੱਖ ਦੇ ਘਪਲੇ ਦਾ ਮਾਮਲਾ, ਚੇਅਰਮੈਨ ਨੇ ਵਟੀ ਚੁੱਪ
NEXT STORY