ਬਰਨਾਲਾ (ਵਿਵੇਕ ਸਿੰਧਵਾਨੀ) : ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਹਲਕਾ ਬਰਨਾਲਾ ਦੇ ਕਸਬਾ ਤਪਾ ਵਿਖੇ ਹੋਈ ਰੈਲੀ ’ਚ ਇਕੱਠ ਨੇ ਰਾਜਸੀ ਮਾਹਿਰਾਂ ਨੂੰ ਸੋਚਣ ’ਤੇ ਮਜਬੂਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਵੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਕਸਬਾ ਤਪਾ ਵਿਖੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਰੈਲੀ ਨੂੰ ਸੰਬੋਧਨ ਕੀਤਾ ਗਿਆ ਸੀ ਪਰ ਉਸ ਇਕੱਠ ਨਾਲੋਂ ਕੱਲ੍ਹ ਦਾ ਸੁਖਬੀਰ ਸਿੰਘ ਬਾਦਲ ਦੀ ਰੈਲੀ ’ਚ ਹੋਇਆ ਇਕੱਠ ਕਿਤੇ ਜ਼ਿਆਦਾ ਸੀ। ਆਮ ਤੌਰ ’ਤੇ ਵੇਖਣ ’ਚ ਆਉਂਦਾ ਹੈ ਕਿ ਸੱਤਾਧਾਰੀ ਪਾਰਟੀ ਨੂੰ ਇਕੱਠ ਕਰਨ ’ਚ ਜ਼ਿਆਦਾ ਜ਼ੋਰ ਨਹੀਂ ਲਾਉਣਾ ਪੈਂਦਾ ਜਦਕਿ ਵਿਰੋਧੀ ਧਿਰ ਨੂੰ ਇਕੱਠ ਕਰਨ ਵਿੱਚ ਜ਼ਿਆਦਾ ਲੋੜ ਲਾਉਣ ਦੀ ਜ਼ਰੂਰਤ ਪੈਂਦੀ ਹੈ ਪਰ ਇਸ ਇਕੱਠ ਨੇ ਜਿਥੇ ਹਲਕਾ ਭਦੌੜ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਲੋਕਾਂ ’ਚ ਲੋਕਪ੍ਰਿਅਤਾ ਅਤੇ ਮੋਹਰ ਲਾਈ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਜੋ ਪਿਛਲੇ ਦਸ ਸਾਲਾਂ ਤੋਂ ਜ਼ਿਲ੍ਹਾ ਬਰਨਾਲਾ ’ਚ ਮੁੜ ਤੋਂ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਨ੍ਹਾਂ ਨੂੰ ਵੀ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਭਾਵੇਂ ਹਾਲੇ ਹਲਕਾ ਬਰਨਾਲਾ ਵਿੱਚ ਉਸ ਤਰ੍ਹਾਂ ਮਜ਼ਬੂਤ ਨਹੀਂ ਹੋ ਸਕਿਆ ਪਰ ਹਲਕਾ ਭਦੌੜ ਵਿੱਚ ਇਸ ਨੇ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਕੱਲ੍ਹ ਦੀ ਰੈਲੀ ਵਿੱਚ ਹੋਏ ਇਕੱਠ ਨੂੰ ਵੇਖ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਬਾਗੋਬਾਗ ਨਜ਼ਰ ਆਏ ਅਤੇ ਉਨ੍ਹਾਂ ਆਪਣੇ ਭਾਸ਼ਣ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਇੰਨੇ ਭਾਰੀ ਇਕੱਠ ਹੋਣ ਦੀ ਉਮੀਦ ਨਹੀਂ ਸੀ।
ਇਹ ਵੀ ਪੜ੍ਹੋ : ਜਿਸ ਮੁੱਖ ਮੰਤਰੀ ’ਤੇ ਰੇਤ, ਬੱਜ਼ਰੀ ਮਾਫ਼ੀਆ ਦੇ ਦੋਸ਼ ਲੱਗਦੇ ਹੋਣ, ਉੱਥੇ ਮਾਫ਼ੀਆ ਕਿਵੇਂ ਰੁਕੇਗਾ? : ਕੇਜਰੀਵਾਲ
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਪਹਿਲੀਆਂ ਸੂਚੀਆਂ ’ਚ ਹੀ ਹਲਕਾ ਬਰਨਾਲਾ ਅਤੇ ਹਲਕਾ ਭਦੌੜ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਹਲਕਾ ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਮੁਹਿੰਮ ਨੂੰ ਉਸ ਤਰ੍ਹਾਂ ਨਾਲ ਨਹੀਂ ਭਖਾ ਸਕਿਆ, ਜਿਸ ਤਰ੍ਹਾਂ ਨਾਲ ਹਲਕਾ ਭਦੌੜ ਵਿੱਚ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਇਆ ਹੋਇਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸਾਰੀ ਸਥਿਤੀ ਬਾਰੇ ਪਤਾ ਹੈ ਅਤੇ ਹੁਣ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਬਰਨਾਲਾ ਪਰਿਵਾਰ ਦੀ ਨਾਰਾਜ਼ਗੀ ਨੂੰ ਝੱਲਣ ਦੇ ਮੂਡ ’ਚ ਵੀ ਨਹੀਂ ਹੈ। ਧੂਰੀ ਤੋਂ ਪਾਰਟੀ ਵੱਲੋਂ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਟਿਕਟ ਦੇ ਦਿੱਤੀ ਗਈ ਹੈ ਅਤੇ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਬਰਨਾਲਾ ਪਰਿਵਾਰ ਨੂੰ ਐਡਜਸਟ ਕਰਨਾ ਪਿਆ ਤਾਂ ਉਨ੍ਹਾਂ ਕੋਲ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਬਰਨਾਲਾ ਹੋਰ ਕੋਈ ਬਦਲ ਨਹੀਂ ਹੋਵੇਗਾ। ਇਸੇ ਤਰ੍ਹਾਂ ਹਲਕਾ ਬਰਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਬਦਲਣ ਦੇ ਚਰਚੇ ਵੀ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ : ਕਾਂਗਰਸ ਦੇ ਵਾਰ ਰੂਮ ‘15 ਆਰ. ਜੀ.’ ’ਚ ਪੰਜਾਬ ਦੀਆਂ 117 ਸੀਟਾਂ ’ਤੇ ਮੰਥਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਜਿਸ ਮੁੱਖ ਮੰਤਰੀ ’ਤੇ ਰੇਤ, ਬੱਜਰੀ ਮਾਫ਼ੀਆ ਦੇ ਦੋਸ਼ ਲੱਗਦੇ ਹੋਣ, ਉੱਥੇ ਮਾਫ਼ੀਆ ਕਿਵੇਂ ਰੁਕੇਗਾ? : ਕੇਜਰੀਵਾਲ
NEXT STORY