ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਜਦੋਂ ਪੰਜਾਬ ’ਚ ਅਮਨ-ਕਾਨੂੰਨ ਵਿਵਸਥਾ ਸਭ ਤੋਂ ਮਾੜੇ ਹਾਲਾਤ ਵਿਚ ਹੈ ਅਤੇ ਫਿਰਕੂ ਸਦਭਾਵਨਾ ਖਿੰਡੀ ਹੋਈ ਹੈ, ਉਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਸ ਫੋਰਸ ਨੂੰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਅਧੀਨ ਕਰ ਦਿੱਤਾ ਹੈ ਤਾਂ ਜੋ ਉਹ ਆਪਣੀਆਂ ਨਿੱਜੀ ਸਿਆਸੀ ਕਿੜ੍ਹਾਂ ਕੱਢ ਸਕਣ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਕੇਜਰੀਵਾਲ ਦੇ ਹੱਥ ’ਚ ਕਠਪੁਤਲੀ ਨਾ ਬਣਨ ’ਤੇ ਕਿਹਾ ਕਿ ਮੁੱਖ ਮੰਤਰੀ ਨੂੰ ਅਮਨ-ਕਾਨੂੰਨ ਵਿਵਸਥਾ ਦੀ ਮੀਟਿੰਗ ਲੈਣੀ ਚਾਹੀਦੀ ਹੈ ਤੇ ਨਾਲ ਹੀ ਹਾਲ ਹੀ ’ਚ ਪਟਿਆਲਾ ਹਿੰਸਾ ’ਚ ਫਿਰਕੂ ਤਣਾਅ ਭੜਕਾਉਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਨਾ ਕਿ ਆਪਣੇ ਆਪ ਨੂੰ ਪੰਜਾਬ ਪੁਲਸ ਦੀਆਂ ਟੀਮਾਂ ਦਿੱਲੀ ’ਚ ਤਾਇਨਾਤ ਕਰ ਕੇ ‘ਆਪ’ ਦੇ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਉਲਝਾਉਣ। ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਹ ਬਦਲਾਖੋਰੀ ਦੀ ਰਾਜਨੀਤੀ ਬੰਦ ਕਰਨ।
ਇਹ ਵੀ ਪੜ੍ਹੋ : ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੁਮਾਰ ਵਿਸ਼ਵਾਸ ਦਾ ਟਵੀਟ, CM ਮਾਨ ’ਤੇ ਲਾਇਆ ਨਿਸ਼ਾਨਾ
ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਚੋਣ ਇਸ ਕੰਮ ਵਾਸਤੇ ਨਹੀਂ ਕੀਤੀ ਸੀ। ਪੰਜਾਬੀ ਚਾਹੁੰਦੇ ਹਨ ਕਿ ਬਦਲਾਅ ਦੇ ਕੀਤੇ ਵਾਅਦੇ ਅਨੁਸਾਰ ਅਰਥ ਭਰਪੂਰ ਕੰਮ ਹੋਵੇ। ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਬਜਾਏ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੇ, ਆਮ ਆਦਮੀ ਪਾਰਟੀ ਸਰਕਾਰ ਤਜਿੰਦਰ ਬੱਗਾ ਵਰਗੇ ਆਪਣੇ ਸਿਆਸੀ ਵਿਰੋਧੀਆਂ ਖ਼ਿਲਾਫ਼ ਕੇਸ ਦਰਜ ਕਰ ਰਹੀ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਤੇ ਫਿਰ ਉਸ ਨੂੰ ਪੰਜਾਬ ਪੁਲਸ ਦੀ ਗ੍ਰਿਫ਼ਤ ’ਚੋਂ ਹਰਿਆਣਾ ਪੁਲਸ ਛੁਡਾ ਕੇ ਦਿੱਲੀ ਪੁਲਸ ਹਵਾਲੇ ਕਰ ਦਿੰਦੀ ਹੈ। ਬਾਦਲ ਨੇ ਕਿਹਾ ਕਿ ਇਹ ਸਭ ਗ਼ੈਰ-ਲੋੜੀਂਦਾ ਸੀ। ਉਨ੍ਹਾਂ ਨੇ ਪੰਜਾਬ ਪੁਲਸ ਮੁਖੀ ਨੂੰ ਵੀ ਆਖਿਆ ਕਿ ਉਹ ਆਮ ਆਦਮੀ ਪਾਰਟੀ ਦੇ ਗ਼ੈਰ-ਕਾਨੂੰਨੀ ਹੁਕਮਾਂ ਦੀ ਪਾਲਣਾ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਨੂੰ ਇਕ ਪ੍ਰੋਫੈਸ਼ਨਲ ਫੋਰਸ ਮੰਨਿਆ ਜਾਂਦਾ ਹੈ ਪਰ ਜਿਸ ਤਰੀਕੇ ‘ਆਪ’ ਸਰਕਾਰ ਨੇ ਇਸ ਦੁਰਵਰਤੋਂ ਕੀਤੀ ਹੈ, ਇਹ ਮਖੌਲ ਦਾ ਪਾਤਰ ਬਣ ਗਈ ਹੈ। ਡੀ. ਜੀ. ਪੀ. ਨੂੰ ਦਲੇਰੀ ਵਿਖਾਉਣੀ ਚਾਹੀਦੀ ਹੈ ਤੇ ਬਦਲਾਖੋਰੀ ਦੀ ਸਿਆਸਤ ਦਾ ਹਿੱਸਾ ਨਹੀਂ ਬਣਨਾ ਚਾਹੀਦਾ।
ਇਹ ਵੀ ਪੜ੍ਹੋ : ਬੱਗਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤਰੁਣ ਚੁੱਘ ਨੇ CM ਮਾਨ ਤੇ ਪੰਜਾਬ ਪੁਲਸ ਨੂੰ ਕੀਤੇ 10 ਸਵਾਲ
ਬਾਦਲ ਨੇ ਕਿਹਾ ਕਿ ਹਾਲ ਹੀ ’ਚ ਵਾਪਰੀਆਂ ਘਟਨਾਵਾਂ ਨੇ ਵੀ ਇਹ ਖ਼ਦਸ਼ੇ ਦੂਰ ਕਰ ਦਿੱਤੇ ਹਨ ਕਿ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਆਪਣੇ ਸਿਆਸੀ ਸਾਮਰਾਜ ਦੀ ਇਕ ਕਾਲੋਨਪ ਵਜੋਂ ਵਰਤਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਅਸਿੱਧੇ ਤੌਰ ’ਤੇ ਦਿੱਲੀ ਦਰਬਾਰ ਦਾ ਸੂਬੇਦਾਰ ਬਣ ਗਿਆ ਹੈ। ਅਫ਼ਸਰਾਂ ਦੇ ਸਾਰੇ ਤਬਾਦਲੇ ਤੇ ਤਾਇਨਾਤੀਆਂ ਦਿੱਲੀ ਤੋਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਸਲ ’ਚ ਦਿੱਲੀ ਸਰਕਾਰ ਦੀ ਸਹਾਇਕ ਇਕਾਈ ਬਣ ਗਈ ਹੈ। ਹਾਲ ਹੀ ’ਚ ਦੋਹਾਂ ਸਰਕਾਰਾਂ ਵਿਚਾਲੇ ਹੋਏ ਸਮਝੌਤੇ ਨੇ ਪੰਜਾਬ ਦਾ ਪ੍ਰਸ਼ਾਸਕੀ ਕੰਟਰੋਲ ਪੂਰੀ ਤਰ੍ਹਾਂ ਦਿੱਲੀ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਹਿੱਤ ਦਿੱਲੀ ਨੂੰ ਵੇਚਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਹਦਾਇਤਾਂ ਲੈ ਰਹੇ ਹਨ।
ਬੱਗਾ ਦੀ ਗ੍ਰਿਫ਼ਤਾਰੀ ’ਤੇ ਕੈਪਟਨ ਦਾ ਬਿਆਨ, ਕਿਹਾ-ਪੰਜਾਬ ਪੁਲਸ ਬਾਹਰੀ ਵਿਅਕਤੀ ਦੇ ਹੁਕਮਾਂ ਅੱਗੇ ਨਾ ਝੁਕੇ
NEXT STORY