ਗੁਰਦਾਸਪੁਰ (ਵਿਨੋਦ) – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਸੁਖਬੀਰ ਬਾਦਲ ਨੇ ਪਿੰਡ ਬੱਬੇਹਾਲੀ 'ਚ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਆਯੋਜਿਤ 'ਜਬਰ ਵਿਰੋਧੀ' ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੇਰੇ 30 ਸਾਲਾਂ ਦੇ ਰਾਜਨੀਤਿਕ ਜੀਵਨ ਵਿਚ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਹੀ ਇਕ ਮਾਤਰ ਅਜਿਹੀ ਸਰਕਾਰ ਹੈ, ਜਿਸ ਤੋਂ ਲੋਕਾਂ ਦਾ ਮਾਤਰ 4 ਮਹੀਨਿਆਂ ਵਿਚ ਹੀ ਮੋਹ ਭੰਗ ਹੋ ਗਿਆ ਹੈ। ਪੰਜਾਬ ਦੇ ਲੋਕ ਝੂਠੇ ਵਾਅਦਿਆਂ ਦੇ ਸਹਾਰੇ ਬਣੀ ਸਰਕਾਰ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ 'ਚ ਜਿੰਨੀ ਤੇਜ਼ੀ ਨਾਲ ਅਕਾਲੀ ਨੇਤਾਵਾਂ 'ਤੇ ਝੂਠੇ ਪੁਲਸ ਕੇਸ, ਝੂਠੇ ਰਾਜਨੀਤਿਕ ਮੁਕੱਦਮੇ, ਵਿਕਾਸ ਕੰਮਾਂ ਵਿਚ ਰੁਕਾਵਟਾਂ ਪਾਉਣ ਤੇ ਅੱਤਿਆਚਾਰ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ, ਉਹ ਇਕ ਰਿਕਾਰਡ ਹੈ ਅਤੇ ਇਹੀ ਕਾਰਨ ਹੈ ਕਿ ਅਕਾਲੀ ਦਲ ਨੂੰ 'ਜਬਰ ਵਿਰੋਧੀ' ਰੈਲੀਆਂ ਕਰਨ ਦੀ ਜ਼ਰੂਰਤ ਪੈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਝੂਠਾ ਤੇ ਗੁੰਮਰਾਹ ਕਰਨ ਵਾਲਾ ਚੋਣ ਐਲਾਨ ਪੱਤਰ ਤਿਆਰ ਕਰ ਕੇ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ ਪਰ ਹੁਣ ਇਹ ਵਾਅਦੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਜੋ ਸਹੂਲਤਾਂ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਨੂੰ ਦੇ ਰੱਖੀਆਂ ਸਨ, ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ।
ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਹਾਲਤ ਇਹ ਹੈ ਕਿ ਲੋਕਾਂ ਨੂੰ ਦੁੱਗਣੀ ਪੈਨਸ਼ਨ ਦੇਣ, ਆਟਾ ਦਾਲ ਦੇ ਨਾਲ ਦੇਸੀ ਘਿਉ, ਸ਼ਗਨ ਸਕੀਮ ਅਧੀਨ ਰਾਸ਼ੀ 51 ਹਜ਼ਾਰ ਰੁਪਏ ਕਰਨ ਦੀਆਂ ਗੱਲਾਂ ਕਰ ਕੇ ਸੱਤਾ ਹਾਸਲ ਕਰਨ ਵਾਲੀ ਇਹ ਕਾਂਗਰਸ ਸਰਕਾਰ ਹੁਣ ਲੋਕਾਂ ਨੂੰ ਜਾਂਚ ਪੜਤਾਲ ਕਰਵਾ ਕੇ ਪੈਨਸ਼ਨ ਆਦਿ ਦੇਣ ਦੀ ਗੱਲ ਕਰ ਰਹੀ ਹੈ। ਇਹ ਜਾਂਚ ਪੜਤਾਲ ਦਾ ਕੰਮ ਇਕ ਸਾਲ 'ਚ ਪੂਰਾ ਹੋਣ ਵਾਲਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਾਲ 2002 ਤੋਂ 2007 'ਚ ਕਾਂਗਰਸ ਨੇ ਪੰਜਾਬ ਵਿਚ ਸ਼ਾਸਨ ਕਰ ਕੇ ਜਬਰ ਕੀਤਾ ਸੀ ਅਤੇ 10 ਸਾਲ ਲੋਕਾਂ ਨੇ ਸੱਤਾ ਤੋਂ ਕਾਂਗਰਸ ਨੂੰ ਦੂਰ ਰੱਖਿਆ। ਜੇਕਰ ਕਾਂਗਰਸ ਸਰਕਾਰ ਨੇ ਲੋਕਾਂ 'ਤੇ ਜਬਰ ਕਰਨਾ ਜਾਰੀ ਰੱਖਿਆ ਤਾਂ ਫਿਰ ਪੰਜਾਬ ਦੇ ਨਾਲ-ਨਾਲ ਪੂਰੇ ਦੇਸ਼ ਵਿਚ ਹੀ ਕਾਂਗਰਸ ਨੂੰ ਸਦਾ ਲਈ ਸੱਤਾ ਤੋਂ ਦੂਰ ਕਰ ਦਿੱਤਾ ਜਾਵੇਗਾ।
ਅੱਜ ਸਾਰੇ ਪੰਜਾਬ ਵਿਚ ਵਿਕਾਸ ਕੰਮ ਠੱਪ ਪਏ ਹਨ ਅਤੇ ਪੈਨਸ਼ਨ ਲੈਣ ਵਾਲੇ ਬਜ਼ੁਰਗ ਤੇ ਵਿਧਵਾਵਾਂ ਕਾਂਗਰਸ ਨੂੰ ਕੋਸ ਰਹੀਆਂ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਰਾਜ ਵਿਚ ਸਭ ਤੋਂ ਜ਼ਿਆਦਾ ਝੂਠਾ ਅਤੇ ਗੁੰਮਰਾਹ ਕਰਨ ਵਾਲਾ ਮਨਪ੍ਰੀਤ ਸਿੰਘ ਬਾਦਲ ਹੈ ਜੋ ਕਾਂਗਰਸ ਦੇ ਚੋਣ ਐਲਾਨ ਪੱਤਰ ਤਿਆਰ ਕਰਨ ਵਾਲੀ ਕਾਂਗਰਸ ਕਮੇਟੀ ਦਾ ਚੇਅਰਮੈਨ ਸੀ। ਕਾਂਗਰਸ ਦੀਆਂ ਗਲਤ ਨੀਤੀਆਂ ਅਤੇ ਕਾਂਗਰਸੀ ਮੰਤਰੀਆਂ ਦੀ ਲੁੱਟਮਾਰ ਦੀ ਨੀਤੀਆਂ ਦੇ ਕਾਰਨ ਪੰਜਾਬ ਵਿਚ ਰੇਤ-ਬਜਰੀ ਦੇ ਰੇਟ ਦੁੱਗਣੇ ਹੋ ਗਏ ਹਨ ਅਤੇ ਸ਼ਰਾਬ ਦਾ ਕਾਰੋਬਾਰ ਵੀ ਕਾਂਗਰਸੀ ਨੇਤਾਵਾਂ ਦੇ ਹੱਥ ਵਿਚ ਆ ਗਿਆ ਹੈ।
ਉਨ੍ਹਾਂ ਕਾਂਗਰਸੀ ਨੇਤਾਵਾਂ ਅਤੇ ਪੁਲਸ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੀ ਕਾਰਜਸੈਲੀ ਬਦਲਣ, ਨਹੀਂ ਤਾਂ ਅਕਾਲੀ ਦਲ ਕਾਂਗਰਸੀ ਨੇਤਾਵਾਂ ਦੇ ਇਸ਼ਾਰੇ 'ਤੇ ਅਕਾਲੀ ਨੇਤਾਵਾਂ, ਵਰਕਰਾਂ 'ਤੇ ਜਬਰ ਕਰਨ ਵਾਲੇ ਪੁਲਸ ਅਧਿਕਾਰੀਆਂ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਜਾ ਕੇ ਸਾਰੇ ਮਾਮਲਿਆਂ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਏਗਾ। ਇਸ ਦੇ ਨਾਲ ਹੀ ਪੁਲਸ ਸਟੇਸ਼ਨਾਂ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਸ ਰੈਲੀ ਨੂੰ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ, ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਸਮੇਤ ਅਮਰਜੋਤ ਸਿੰਘ ਐਡਵੋਕੇਟ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਚ 'ਤੇ ਉਨ੍ਹਾਂ ਲੋਕਾਂ ਨੂੰ ਪੇਸ਼ ਕੀਤਾ ਗਿਆ, ਜਿਨ੍ਹਾਂ ਨਾਲ ਕਾਂਗਰਸੀ ਵਿਧਾਇਕ ਧੱਕਾ ਕਰ ਰਹੇ ਹਨ। ਜਿਨ੍ਹਾਂ 'ਚ ਮਨਜੀਤ ਕੌਰ ਵਾਸੀ ਪਿੰਡ ਗੁੱਜੀਆਂ, ਜੌੜਾ ਛੱਤਰਾਂ ਦੇ ਸਰਪੰਚ, ਭਾਜਪਾ ਨੇਤਾ ਜਤਿੰਦਰ ਪ੍ਰਦੇਸ਼ੀ ਆਦਿ ਸ਼ਾਮਲ ਹਨ। ਇਸ ਮੌਕੇ ਭਾਜਪਾ ਨੇਤਾ ਬਾਲ ਕਿਸ਼ਨ ਮਿੱਤਲ, ਕੌਂਸਲਰ ਵਿਕਾਸ ਗੁਪਤਾ, ਸਾਈਂ ਦਾਸ, ਸਾਬਕਾ ਚੇਅਰਮੈਨ ਅਸ਼ੋਕ ਮਹਾਜਨ ਆਦਿ ਵੀ ਹਾਜ਼ਰ ਸਨ।
ਪੀ.ਸੀ.ਆਰ ਮੁਲਾਜ਼ਮਾਂ ਦੀ ਕਰਬਾਈਨ ਲੈ ਗਏ ਸ਼ੱਕੀ ਕਾਰ ਸਵਾਰ
NEXT STORY