ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੰਸਦ 'ਚ ਪਾਸ ਕੀਤੇ ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕਰਦਿਆਂ ਇਸ ਦੇ ਦਾਇਰੇ ਅੰਦਰ ਪੀੜਤ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਵੀ ਸ਼ਾਮਲ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਨਾ ਸਿਰਫ ਭਾਰਤ ਦੇ ਧਰਮ ਨਿਰਪੱਖਤਾ ਵਾਲੇ ਸਟੇਟਸ ਦੀ ਰਾਖੀ ਹੋਵੇਗੀ, ਸਗੋਂ ਐੱਨ. ਡੀ. ਏ. ਸਰਕਾਰ ਵਿਰੁੱਧ ਕੂੜ ਪ੍ਰਚਾਰ ਕਰ ਰਹੇ ਵਿਰੋਧੀਆਂ ਦੀ ਵੀ ਜ਼ੁਬਾਨ ਬੰਦ ਹੋ ਜਾਵੇਗੀ।
ਸਦਨ 'ਚ ਨਾਗਰਿਕਤਾ ਸੋਧ ਬਿੱਲ ਬਾਰੇ ਚੱਲ ਰਹੀ ਬਹਿਸ ਵਿਚ ਹਿੱਸਾ ਲੈਂਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਮੁਸਲਮਾਨਾਂ ਨੂੰ ਇਸ ਬਿੱਲ ਦੇ ਦਾਇਰੇ 'ਚ ਕਿਉਂ ਸ਼ਾਮਲ ਨਹੀਂ ਕਰਦੇ? ਅਜਿਹੇ ਬਹੁਤ ਸਾਰੇ ਮਾਮਲੇ ਹਨ, ਜਿਥੇ ਮੁਸਲਮਾਨਾਂ 'ਤੇ ਉਨ੍ਹਾਂ ਦੇ ਆਪਣੇ ਧਰਮ ਅੰਦਰ ਹੀ ਅੱਤਿਅਚਾਰ ਹੁੰਦਾ ਹੈ। ਮੈਂ ਤੁਹਾਨੂੰ ਪੰਜਾਬ ਦੇ ਇਲਾਕੇ ਕਾਦੀਆਂ 'ਚ ਰਹਿੰਦੇ ਅਹਿਮਦੀਆ ਭਾਈਚਾਰੇ ਦੀ ਮਿਸਾਲ ਦਿੰਦਾ ਹਾਂ। ਸਾਰੀ ਦੁਨੀਆ 'ਚ ਵਸਦੇ ਅਹਿਮਦੀਆ ਭਾਈਚਾਰੇ ਦਾ ਕਾਦੀਆਂ ਵਿਖੇ ਹੈੱਡਕੁਆਰਟਰ ਹੈ। ਇਹ ਭਾਈਚਾਰਾ ਪਾਕਿਸਤਾਨ 'ਚ ਘੱਟ-ਗਿਣਤੀ ਹੈ ਅਤੇ ਇਨ੍ਹਾਂ ਨਾਲ ਬਹੁਤ ਧੱਕਾ ਹੁੰਦਾ ਹੈ। ਉਹ ਉੱਥੇ ਨਮਾਜ਼ ਨਹੀਂ ਪੜ੍ਹ ਸਕਦੇ, ਉਨ੍ਹਾਂ ਦੇ ਹੱਥ ਵੱਢ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨਾਲ ਦੂਜੇ ਨੰਬਰ ਦੇ ਸ਼ਹਿਰੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਪਾਕਿਸਤਾਨ 'ਚ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਾਂ, ਉਸੇ ਤਰ੍ਹਾਂ ਅਹਿਮਦੀਆ ਭਾਈਚਾਰੇ ਦੇ ਲੋਕ ਕਾਦੀਆਂ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਬਿੱਲ ਦੇ ਦਾਇਰੇ ਅੰਦਰ ਲਿਆਉਣ ਨਾਲ ਵਿਰੋਧੀਆਂ ਦਾ ਮੂੰਹ ਬੰਦ ਹੋ ਜਾਵੇਗਾ, ਜਿਹੜੇ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਐੱਨ. ਡੀ. ਏ. ਫਿਰਕਾਪ੍ਰਸਤ ਹੈ। ਵਿਰੋਧੀ ਸਿਰਫ ਇਕ ਸ਼ਬਦ ਨੂੰ ਲੈ ਕੇ ਰੌਲਾ ਪਾ ਰਹੇ ਹਨ। ਜੇਕਰ ਆਪਾਂ ਇਕ ਸ਼ਬਦ ਜੋੜ ਦਿੰਦੇ ਹਾਂ ਤਾਂ ਇਸ ਨਾਲ ਬਹੁਤ ਚੰਗਾ ਸੁਨੇਹਾ ਜਾਂਦਾ ਹੈ।
ਭਾਰਤ ਇਕ ਧਰਮ-ਨਿਰਪੱਖ ਦੇਸ਼
ਇਸ ਤੋਂ ਪਹਿਲਾਂ ਭਾਰਤ ਦੇ ਧਰਮ ਨਿਰਪੱਖਤਾ ਦੇ ਸਟੇਟਸ ਦੀ ਰਾਖੀ ਕਰਨ ਉੱਤੇ ਜ਼ੋਰ ਦਿੰਦਿਆਂ ਬਾਦਲ ਨੇ ਕਿਹਾ ਕਿ ਭਾਰਤ ਇਕ ਧਰਮ-ਨਿਰਪੱਖ ਦੇਸ਼ ਹੈ ਅਤੇ ਦੁਨੀਆ ਦੇ ਸਾਰੇ ਧਰਮ ਇਥੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੀ ਗੁਰੂਆਂ ਦੀ ਧਰਤੀ ਹੈ ਅਤੇ ਸਿੱਖ ਧਰਮ ਹਮੇਸ਼ਾ ਧਰਮ-ਨਿਰਪੱਖਤਾ ਸਿਖਾਉਂਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਨੌਵੇਂ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ ਸੀ। ਇਸ ਤੋਂ ਪਹਿਲਾਂ ਪੰਜਵੇਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਸਮੇਂ ਪਹਿਲੀ ਇੱਟ ਮੁਸਲਿਮ ਫਕੀਰ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾਈ ਸੀ। ਉਨ੍ਹਾਂ ਦੱਸਿਆ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹੋ ਸੰਦੇਸ਼ ਦਿੱਤਾ ਸੀ ਕਿ 'ਨਾ ਕੋਈ ਹਿੰਦੂ ਹੈ ਅਤੇ ਨਾ ਹੀ ਕੋਈ ਮੁਸਲਮਾਨ ਹੈ, ਸਾਰੇ ਇਕ ਪ੍ਰਮਾਤਮਾ ਦੀ ਸੰਤਾਨ ਹਨ'।
ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ 'ਚ ਰਹਿੰਦੇ ਸਿੱਖਾਂ ਅਤੇ ਹੋਰ ਘੱਟ-ਗਿਣਤੀਆਂ ਨਾਲ ਹੋਈਆਂ ਧੱਕੇਸ਼ਾਹੀਆਂ ਬਾਰੇ ਬਾਦਲ ਨੇ ਕਿਹਾ ਕਿ ਵੰਡ ਸਮੇਂ ਪਾਕਿਸਤਾਨ ਅੰਦਰ 75 ਫੀਸਦੀ ਲੋਕ ਬਹੁਗਿਣਤੀ ਫਿਰਕੇ ਦੇ ਸਨ ਅਤੇ 25 ਫੀਸਦੀ ਲੋਕ ਘੱਟ-ਗਿਣਤੀ ਫਿਰਕਿਆਂ ਨਾਲ ਸਬੰਧਤ ਸਨ ਪਰ ਪਿਛਲੇ 72 ਸਾਲਾਂ ਦੌਰਾਨ ਉੱਥੇ ਧਾਰਮਿਕ ਘੱਟ-ਗਿਣਤੀਆਂ ਉੱਤੇ ਇੰਨੇ ਅੱਤਿਆਚਾਰ ਕੀਤੇ ਗਏ ਕਿ ਉਨ੍ਹਾਂ ਦੀ ਗਿਣਤੀ 5 ਫੀਸਦੀ ਤੋਂ ਵੀ ਘੱਟ ਰਹਿ ਗਈ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਵੀ ਇਹ ਕਹਿ ਕੇ ਘੱਟ-ਗਿਣਤੀਆਂ ਦੀ ਰਾਖੀ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਕਿ ਜੋ ਇਕ ਵਾਰ ਇਸਲਾਮ ਵਿਚ ਆ ਜਾਂਦਾ ਹੈ, ਉਹ ਮੁੜ ਇਸਲਾਮ ਛੱਡ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਧਾਰਮਿਕ ਘੱਟ-ਗਿਣਤੀਆਂ ਲਈ ਬਹੁਤ ਹੀ ਘੁਟਣ ਭਰਿਆ ਮਾਹੌਲ ਹੈ।
ਅਫਗਾਨਿਸਤਾਨ ਵਿਚੋਂ ਤਾਲਿਬਾਨਾਂ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ 20-25 ਸਾਲ ਪਹਿਲਾਂ ਭਾਰਤ ਆਏ ਸਿੱਖਾਂ, ਹਿੰਦੂਆਂ ਅਤੇ ਬਾਕੀ ਘੱਟ-ਗਿਣਤੀਆਂ ਬਾਰੇ ਦੱਸਦਿਆਂ ਬਾਦਲ ਨੇ ਕਿਹਾ ਕਿ ਇਨ੍ਹਾਂ ਘੱਟ-ਗਿਣਤੀਆਂ ਕੋਲ ਨਾਗਰਿਕਤਾ ਨਾ ਹੋਣ ਕਰ ਕੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਨੂੰ ਪੁਲਸ ਅਤੇ ਸਿਵਲ ਪ੍ਰਸ਼ਾਸਨ ਹੱਥੋਂ ਵਾਰ-ਵਾਰ ਖੱਜਲ ਖੁਆਰੀ ਝੱਲਣੀ ਪੈਂਦੀ ਹੈ। ਬਾਦਲ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਦੇ ਨਾਲ ਇਨ੍ਹਾਂ ਸਾਰੇ ਲੋਕਾਂ ਨੂੰ ਨਾਗਰਿਕਤਾ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਇਸ ਬਿੱਲ ਦਾ ਸਮਰਥਨ ਕਰਦਾ ਹਾਂ, ਜਿਹੜਾ ਕਿ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਨੂੰ ਯਕੀਨੀ ਬਣਾਉਂਦਾ ਹੈ।
ਜੱਗੂ ਭਗਵਾਨਪੁਰੀਆ ਦੇ ਹਾਈਕੋਰਟ 'ਚ ਦਾਅਵੇ 'ਤੇ ਦੇਖੋ ਕੀ ਬੋਲੇ ਰੰਧਾਵਾ
NEXT STORY