ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਨੱਥ ਪਾਉਣ ਲਈ ਆਖਿਆ ਹੈ, ਜਿਹੜੇ ਪੰਜਾਬੀਆਂ ਨੂੰ ਇੰਨਾ ਜ਼ਲੀਲ ਕਰ ਰਹੇ ਹਨ ਕਿ ਉਹ ਔਰਤਾਂ ਅਤੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ ਰਹੇ ਹਨ। ਬਾਦਲ ਨੇ ਪਾਰਟੀ ਆਗੂਆਂ ਖਾਸ ਕਰ ਕੇ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਦਾ ਡਟ ਕੇ ਸਾਥ ਦੇਣ ਅਤੇ ਉਨ੍ਹਾਂ ਤੱਕ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਲੋਕਾਂ ਅਤੇ ਪ੍ਰਸ਼ਾਸਨ ਵਿਚਕਾਰ ਲੋੜੀਂਦਾ ਤਾਲਮੇਲ ਬਣਾਉਣ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਹੰਗਾਮੀ ਮਦਦ ਦੀ ਲੋੜ ਪ੍ਰਤੀ ਉਹ ਚੌਕਸ ਰਹਿਣ ਅਤੇ ਲੋੜਵੰਦਾਂ ਤਕ ਤੁਰੰਤ ਮਦਦ ਪਹੁੰਚਾਉਣ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੀ ਸੇਵਾ ਕਰਦਿਆਂ ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਿਲ ਆਵੇ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਸਹਿਯੋਗ ਕਰੋ ਅਤੇ ਲੋਕਾਂ ਕੋਲੋਂ ਸਹਿਯੋਗ ਮੰਗੋ ਪਰ ਜਿਥੇ ਵੀ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇ ਤਾਂ ਸਿੱਧਾ ਮੇਰੇ ਨਾਲ ਸੰਪਰਕ ਕਰੋ।
ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਅੰਦਰ ਇਕ ਜ਼ਿੰਮੇਵਾਰ ਵਿਰੋਧੀ ਧਿਰ ਵਜੋਂ ਕੰਮ ਕਰੇਗੀ ਅਤੇ ਕਿਸੇ ਵੀ ਔਖੀ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਦੇ ਸਾਰੇ ਉਸਾਰੂ ਯਤਨਾਂ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਇਹ ਇੱਕਜੁਟ ਰਹਿਣ ਦਾ ਸਮਾਂ ਹੈ ਅਤੇ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਅਸੀਂ ਪੰਜਾਬ ਅਤੇ ਕੇਂਦਰ ਸਰਕਾਰ ਦੀ ਹਰ ਕੋਸ਼ਿਸ਼ ਦੀ ਹਮਾਇਤ ਕਰਾਂਗੇ। ਅਸੀਂ ਤਦ ਤਕ ਕੋਈ ਨੁਕਤਾਚੀਨੀ ਨਹੀਂ ਕਰਾਂਗੇ, ਜਦ ਤਕ ਕੁੱਝ ਜ਼ਿਆਦਾ ਜੋਸ਼ੀਲੇ ਅਧਿਕਾਰੀ ਹੱਦ ਪਾਰ ਨਹੀਂ ਕਰਦੇ। ਮੈਂ ਇਸ ਲੜਾਈ 'ਚ ਮੁੱਖ ਮੰਤਰੀ ਨੂੰ ਵਿਰੋਧੀ ਧਿਰ ਵੱਲੋਂ ਹਰ ਤਰ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਦੁਹਰਾਉਂਦਾ ਹਾਂ ਪਰ ਮੁੱਖ ਮੰਤਰੀ ਨੂੰ ਵੀ ਇਸ ਔਖੀ ਘੜੀ ਵਿਚ ਚਿੰਤਾ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਪ੍ਰਤੀ ਕੁੱਝ ਸੰਵੇਦਨਸ਼ੀਲਤਾ ਵਿਖਾਉਣੀ ਚਾਹੀਦੀ ਹੈ।
ਅਕਾਲੀ ਦਲ ਪ੍ਰਧਾਨ ਨੇ ਅਫਸੋਸ ਪ੍ਰਗਟ ਕੀਤਾ ਕਿ ਬੇਸ਼ੱਕ ਮੁੱਖ ਮੰਤਰੀ ਨੇ ਆਪਣੇ ਤਾਜ਼ਾ ਬਿਆਨ ਵਿਚ ਸਵੀਕਾਰ ਕੀਤਾ ਹੈ ਕਿ ਕੁੱਝ ਥਾਵਾਂ 'ਤੇ ਪੁਲਸ ਅਧਿਕਾਰੀਆਂ ਦੁਆਰਾ ਪੰਜਾਬ ਦੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਅਤੇ ਜ਼ਲੀਲ ਕੀਤਾ ਜਾ ਰਿਹਾ ਹੈ ਪਰ ਮੁੱਖ ਮੰਤਰੀ ਨੇ ਇਸ ਬਦਸਲੂਕੀ ਲਈ ਪਛਤਾਵੇ ਦਾ ਇਕ ਵੀ ਸ਼ਬਦ ਨਹੀਂ ਆਖਿਆ ਹੈ ਅਤੇ ਨਾ ਹੀ ਪੁਲਸ ਨੂੰ ਡੰਡੇ ਦੀ ਵਰਤੋਂ ਕਰਨ ਦੀ ਬਜਾਇ ਲੋਕਾਂ ਨੂੰ ਸਮਝਾ-ਬੁਝਾ ਕੇ ਇਸ ਤਰ੍ਹਾਂ ਸਹਿਯੋਗ ਮੰਗਣ ਦਾ ਨਿਰਦੇਸ਼ ਦਿੱਤਾ ਹੈ ਕਿ ਹਰ ਕੋਈ ਕਰਫਿਊ ਦੇ ਨਿਯਮਾਂ ਦੀ ਪਾਲਣਾ ਕਰੇ। ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਪੁਲਸ ਅਧਿਕਾਰੀ ਵੀ ਖੁਦ ਨੂੰ ਖਤਰੇ 'ਚ ਪਾ ਕੇ ਅਤੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਇਕ ਮੁਸ਼ਕਿਲ ਡਿਊਟੀ ਨਿਭਾ ਰਹੇ ਹਨ। ਇਸ ਮੁਸ਼ਕਿਲ ਦੀ ਘੜੀ ਵਿਚ ਮੈਂ ਤੁਹਾਡੇ ਯੋਗਦਾਨ ਦਾ ਬੇਹੱਦ ਸਤਿਕਾਰ ਕਰਦਾ ਹਾਂ ਪਰ ਤੁਸੀਂ ਵੀ ਥੋੜ੍ਹੀ ਸੂਝ-ਬੂਝ ਤੋਂ ਕੰਮ ਲਓ। ਲੋਕ ਤੁਹਾਡੇ ਕਹਿਣੇ ਤੋਂ ਬਾਹਰ ਨਹੀਂ ਹਨ। ਲੋਕਾਂ ਖ਼ਿਲਾਫ ਤੁਹਾਨੂੰ ਗੈਰ-ਮਨੁੱਖੀ ਅਤੇ ਕੋਝੇ ਤਰੀਕੇ ਅਪਣਾਉਣ ਦੀ ਲੋੜ ਨਹੀਂ ਹੈ। ਕੋਈ ਵੀ ਪੰਜਾਬੀ ਸਹਿਯੋਗ ਕਰਨ ਤੋਂ ਇਨਕਾਰ ਨਹੀਂ ਕਰੇਗਾ।
ਕੋਰੋਨਾ ਤੋਂ ਬਚਣ ਲਈ ਕਾਂਗਰਸ ਦੇ ਮੰਤਰੀ ਨੇ ਦਿੱਤੀ ਇਹ ਸਲਾਹ, ਜ਼ਰੂਰ ਕਰੋ ਗੌਰ
NEXT STORY