ਲਹਿਰਾਗਾਗਾ(ਗਰਗ, ਜਿੰਦਲ, ਗੋਇਲ, ਲੱਕੀ, ਸ਼ਰਮਾ)-ਸੂਬੇ ਦਾ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟ ਕੇ ਲੋਕਾਂ ਤੋਂ ਸਹੂਲਤਾਂ ਵਾਪਸ ਲੈਣ ਵਾਲਾ ਕੈਪਟਨ ਅਮਰਿੰਦਰ ਸਿੰਘ ਗੱਦੀ ਛੱਡੇ ਤਾਂ ਅਸੀਂ ਦੋ ਮਹੀਨਿਆਂ 'ਚ ਸੂਬੇ ਦਾ ਖਜ਼ਾਨਾ ਭਰ ਕੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇਵਾਂਗੇ । ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲਹਿਰਾਗਾਗਾ ਵਿਖੇ ਅਕਾਲੀ ਦਲ-ਭਾਜਪਾ ਦੀ ਪੋਲ-ਖੋਲ੍ਹ ਰੈਲੀ ਵਿਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੇ 10 ਸਾਲਾਂ ਵਿਚ ਕਦੇ ਵੀ ਖਜ਼ਾਨਾ ਖਾਲੀ ਹੋਣ ਦੀ ਗੱਲ ਨਹੀਂ ਕਹੀ ਪਰ ਕੈਪਟਨ ਸਾਹਿਬ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਪੰਜਾਬ ਨੂੰ ਹਰ ਖੇਤਰ 'ਚ ਪਿੱਛੇ ਧੱਕ ਰਹੇ ਹਨ । ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਵਾਉਣ ਅਤੇ ਵਾਪਸ ਲਈਆਂ ਸਹੂਲਤਾਂ ਸ਼ੁਰੂ ਕਰਵਾਉਣ ਲਈ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ । ਉਨ੍ਹਾਂ ਮਨਪ੍ਰੀਤ ਬਾਦਲ ਨੂੰ ਪੰਜਾਬ ਅਤੇ ਲੋਕ ਵਿਰੋਧੀ ਦੱਸਦਿਆਂ ਕਿਹਾ ਕਿ ਉਸ ਨੇ ਕਦੇ ਵੀ ਲੋਕਾਂ ਦੇ ਭਲੇ ਦੀ ਗੱਲ ਨਹੀਂ ਕੀਤੀ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਟਿਊਬਵੈੱਲਾਂ 'ਤੇ ਬਿਜਲੀ ਦੇ ਮੀਟਰ ਨਹੀਂ ਲੱਗਣ ਦੇਵੇਗਾ। ਉਨ੍ਹਾਂ ਕਾਂਗਰਸ ਸਰਕਾਰ ਨੂੰ ਸਿੱਖ ਵਿਰੋਧੀ ਦੱਸਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਅਤੇ ਸਿੱਖਾਂ ਨਾਲ ਧੋਖਾ ਕੀਤਾ ਹੈ । ਉਨ੍ਹਾਂ ਗੁੰਡਾ ਟੈਕਸ ਨੂੰ ਕਾਂਗਰਸ ਦੀ ਦੇਣ ਦੱਸਦਿਆਂ ਕਿਹਾ ਕਿ ਸੂਬੇ ਅੰਦਰ ਨਾਜਾਇਜ਼ ਮਾਈਨਿੰਗ 'ਚ ਕਾਂਗਰਸੀਆਂ ਦਾ ਹੀ ਹੱਥ ਹੈ । ਉਨ੍ਹਾਂ ਲਹਿਰਾ ਹਲਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋ ਵਿਕਾਸ ਕਾਂਗਰਸ 25 ਸਾਲਾਂ 'ਚ ਨਹੀਂ ਕਰ ਸਕੀ, ਉਹ ਪਰਮਿੰਦਰ ਸਿੰਘ ਢੀਂਡਸਾ ਨੇ ਕੁਝ ਹੀ ਮਹੀਨਿਆਂ ਵਿਚ ਹੀ ਕਰ ਦਿਖਾਇਆ। ਇਸ ਮੌਕੇ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਸੂਬੇ ਅੰਦਰ ਝੂਠ ਤੇ ਫਰੇਬ ਦੀ ਸਿਆਸਤ ਕਰ ਰਹੀ ਹੈ । ਕੈਪਟਨ ਦੇ 365 ਦਿਨਾਂ ਦੇ ਰਾਜ ਵਿਚ 400 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਕੈਪਟਨ ਦੀ ਕਿਸਾਨਾਂ ਦੀ ਕਰਜ਼ਾ ਮੁਆਫੀ ਯੋਜਨਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ । ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬੇ ਅੰਦਰ ਲੋਕਾਂ ਦੇ ਚੁਣੇ ਨੁਮਾਇੰਦਿਆਂ ਦੀ ਨਹੀਂ ਬਲਕਿ ਬੰਟੀ-ਬਬਲੀ (ਸਿੱਧੂ-ਮਨਪ੍ਰੀਤ) ਦੀ ਸਰਕਾਰ ਹੈ । ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੋਲ-ਖੋਲ੍ਹ ਰੈਲੀਆਂ ਨੇ ਸੂਬੇ ਅੰਦਰ ਕਾਂਗਰਸ ਦੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ । ਪੁਲਸ ਦਾ ਦਬਾਅ ਪਾ ਕੇ ਅਕਾਲੀ ਪੰਚਾਂ-ਸਰਪੰਚਾਂ ਨੂੰ ਕਾਂਗਰਸ 'ਚ ਸ਼ਾਮਲ ਹੋਣ ਲਈ ਕਿਹਾ ਜਾ ਰਿਹਾ ਹੈ । ਸਮਾਂ ਆਉਣ 'ਤੇ ਅਜਿਹੇ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸ਼ੋਮਣੀ ਗੁਰਦੁਆਰਾ ਪ੍ਰਬੰੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਚੇਅਰਮੈਨ ਸਤਪਾਲ ਸਿੰਗਲਾ, ਰਾਮਪਾਲ ਸਿੰਘ ਬਹਿਣੀਵਾਲ, ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ, ਐਡਵੋਕੇਟ ਅਨਿਲ ਗਰਗ, ਕੌਂਸਲਰ ਜਗਦੀਸ਼ ਰਾਏ, ਠੇਕੇਦਾਰ ਸੰਦੀਪ ਦੀਪੂ, ਆਸ਼ੂ ਜਿੰਦਲ, ਗੁਰਮੀਤ ਸਿੰਘ ਖਾਈ, ਬਲਾਕ ਸੰਮਤੀ ਦੇ ਚੇਅਰਮੈਨ ਜਸਪਾਲ ਸਿੰਘ ਦੇਹਲਾ, ਗੁਰਦੀਪ ਸਿੰਘ ਕੋਟੜਾ, ਬੱਗਾ ਸਿੰਘ ਫੌਜੀ, ਰਣਜੀਤ ਸਿੰਘ ਵਾਲੀਆ, ਸੁਖਵਿੰਦਰ ਸਿੰਘ ਬਿਲੂ, ਸਤਗੁਰ ਸਿੰਘ ਦੰਦੀਵਾਲ, ਭਾਜਪਾ ਆਗੂ ਵਿਨੋਦ ਸਿੰਗਲਾ, ਸ਼ਹਿਰੀ ਪ੍ਰਧਾਨ ਦਵਿੰਦਰ ਨੀਟੂ, ਭੀਮ ਸੈਨ ਗਰਗ ਮੂਨਕ, ਪ੍ਰੀਤਮਹਿੰਦਰ ਸਿੰਘ ਭਾਈ ਕੀ ਪਿਸ਼ੌਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੌਰ ਤੋਂ ਇਲਾਵਾ ਹੋਰਨਾਂ ਨੇ ਵੀ ਸੰਬੋਧਨ ਕੀਤਾ।
ਦੋ ਸੜਕ ਦੁਰਘਟਨਾਵਾਂ 'ਚ 1 ਮਹਿਲਾ ਸਮੇਤ 3 ਜ਼ਖਮੀ
NEXT STORY