ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਉੱਪਰ ਹੋਏ ਹਮਲੇ ਮਗਰੋਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਦੇ ਨਾਲ-ਨਾਲ ਇਹ ਵੀ ਆਖ਼ਿਆ ਹੈ ਕਿ ਉਨ੍ਹਾਂ ਦਾ ਮਨ ਕਿਸੇ ਵੀ ਵੈਰ-ਵਿਰੋਧ ਦੀ ਭਾਵਨਾ ਤੋਂ ਮੁਕਤ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਹੈ।
ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਅੱਜ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਗੁਰੂਘਰ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ "ਮੇਰਾ ਰੋਮ-ਰੋਮ ਪੰਥ ਦੇ ਵਾਲੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਰਿਣੀ ਹੈ ਕਿ ਮੇਰੀ ਜ਼ਿੰਦਗੀ ਵਿਚ ਹਰ ਇਮਤਿਹਾਨ ਦੌਰਾਨ ਉਹਨਾਂ ਨੇ ਮੇਰੇ ਸਿਰ ’ਤੇ ਆਪਣਾ ਮਿਹਰ ਭਰਿਆ ਹੱਥ ਧਰਿਆ ਹੈ। ਉਹਨਾਂ ਦਾ ਓਟ ਆਸਰਾ ਹੀ ਮੇਰੀ ਸੁਰੱਖਿਆ ਹੈ। ਕੋਈ ਇੱਕ ਵਰ੍ਹਾ ਪਹਿਲਾਂ ਵੀ ਮੇਰੇ ਉੱਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਉਦੋਂ ਵੀ ਗੁਰੂ ਮਹਾਰਾਜ ਨੇ ਆਪ ਹੱਥ ਦੇਕੇ ਮੈਨੂੰ ਹੋਰ ਸੇਵਾ ਲਈ ਜੀਵਨ ਦਾਨ ਬਖਸ਼ਿਆ ਸੀ। ਹੁਣ ਫਿਰ ਖ਼ੁਦ ਦਸਮ ਪਾਤਸ਼ਾਹ ਦੇ ਪਾਵਨ ਅਸਥਾਨ ਉੱਤੇ ਕਿਸੇ ਨਫ਼ਰਤੀ ਮਨ ਨੇ ਪਵਿੱਤਰ ਗੁਰਧਾਮ ਦੀ ਪਾਵਨਤਾ ਨੂੰ ਭੰਗ ਕਰਕੇ ਕੋਝਾ ਕਰਮ ਕਮਾਇਆ ਤੇ ਇਕ ਵਾਰ ਫਿਰ ਗੁਰੂ ਸਾਹਿਬ ਨੇ ਮਿਹਰ ਵਰਤਾਈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਗੁਰੂ ਸਾਹਿਬਾਨ ਦੀ ਅਪਾਰ ਮਿਹਰ ਸਦਕਾ ਮੇਰਾ ਮਨ ਕਿਸੇ ਦਵੈਸ਼ ਭਾਵ ਜਾਂ ਵੈਰ ਵਿਰੋਧ ਦੀ ਭਾਵਨਾਂ ਤੋਂ ਮੁਕਤ ਹੈ। ਇਹ ਗੁਰੂ ਸਾਹਿਬ ਦੀ ਕਿਰਪਾ ਵਰਤ ਰਹੀ ਹੈ ਤੇ ਮੇਰਾ ਮਨ ਸਿਰਫ਼ ਨਿਮਰਤਾ ਅਤੇ ਸੇਵਾ ਵਿੱਚ ਲੀਨ ਹੈ।
ਸੁਖਬੀਰ ਸਿੰਘ ਬਾਦਲ ਨੇ ਅੱਗੇ ਲਿਖਿਆ, "ਇਸ ਦੇ ਨਾਲ ਹੀ ਹਰ ਨਾਨਕ ਨਾਮ ਲੇਵਾ ਗੁਰਸਿੱਖ ਵਾਂਗ ਮੈਂ ਵੀ “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥” ਦੇ ਮਹਾਨ ਆਦਰਸ਼ ਨੂੰ ਸਾਹਮਣੇ ਰੱਖ ਕੇ ਹੀ ਵਿਚਰਦਾ ਆਇਆ ਹਾਂ ਤੇ ਰਹਾਂਗਾ। ਅਕਾਲ ਪੁਰਖ ਅਤੇ ਗੁਰੂ ਮਹਾਰਾਜ ਦੇ ਭੈ ਵਿਚ ਰਹਿ ਕੇ ਅਤੇ ਗੁਰੂ ਕਿਰਪਾ ਦੀ ਛਾਂ ਹੇਠ ਦੁਨਿਆਵੀ ਖ਼ਤਰਿਆਂ ਤੋਂ ਭੈ-ਮੁਕਤ ਹੋਕੇ ਸੰਗਤ ਦੀ ਸੇਵਾ ਨੂੰ ਹੀ ਸਮਰਪਿਤ ਹਾਂ ਤੇ ਰਹਾਂਗਾ। ਸ਼੍ਰੋਮਣੀ ਅਕਾਲੀ ਦੇ ਬੇਸ਼ੁਮਾਰ ਜੁਝਾਰੂ ਮੈਂਬਰ, ਵਰਕਰ ਸਾਹਿਬਾਨ ਤੇ ਆਗੂ ਸਾਹਿਬਾਨ ਸਮੇਤ ਸਮੂਹ ਸੰਗਤ ਵੱਲੋਂ ਪਿਆਰ ਤੇ ਸ਼ੁਭ ਕਾਮਨਾਵਾਂ ਲਈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ। ਮੇਰੇ ਜੀਵਨ ਦਾ ਇੱਕ-ਇੱਕ ਪਲ ਸੰਗਤ ਵੱਲੋਂ ਮਿਲੇ ਪਿਆਰ ਤੇ ਆਸ਼ੀਰਵਾਦ ਦਾ ਕਰਜ਼ ਚੁਕਾਉਣ ਪ੍ਰਤੀ ਸਮਰਪਿਤ ਹੈ। ਗੁਰੂ ਸਾਹਿਬ ਸਭ ਦੇ ਸਿਰ ’ਤੇ ਮਿਹਰ ਭਰਿਆ ਹੱਥ ਰੱਖਣ, ਇਹ ਹੀ ਪਲ-ਪਲ ਮੇਰੀ ਅਰਦਾਸ ਤੇ ਕਾਮਨਾਂ ਹੈ।"
ਸੁਖਬੀਰ ਬਾਦਲ ’ਤੇ ਹਮਲਾ: ਮੁਲਜ਼ਮ ਜਸਪਾਲ ਸਿੰਘ ਨੂੰ ਅਦਾਲਤ ਨੇ 11 ਦਿਨਾਂ ਦੀ ਪੁਲਸ ਕਸਟਡੀ ’ਚ ਭੇਜਿਆ
NEXT STORY