ਜਗਰਾਓਂ (ਸ਼ੇਤਰਾ)— ਹਰ ਤਰ੍ਹਾਂ ਦੇ ਦੋ-ਪਹੀਆ ਤੇ ਚਾਰ ਪਹੀਆ ਵਾਹਨਾਂ 'ਤੇ ਵਿਸ਼ੇਸ਼ ਸ਼ਬਦ ਜਾਂ ਨੰਬਰ ਪਲੇਟਾਂ 'ਤੇ ਅਹੁਦੇ ਲਿਖਵਾ ਕੇ ਚੌਧਰ ਝਾੜਨ ਵਾਲਿਆਂ ਨੂੰ ਪੁਲਸ ਨੱਥ ਪਾਉਣ 'ਚ ਨਾਕਾਮ ਰਹੀ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਪੰਜਾਬ ਪੁਲਸ ਦੇ ਮੁਖੀ ਸੁਰੇਸ਼ ਅਰੋੜਾ ਦੀਆਂ ਹਰ ਪੁਲਸ ਜ਼ਿਲੇ ਵਿਚ ਭੇਜੀਆਂ ਹਦਾਇਤਾਂ ਵੀ ਬੇਅਸਰ ਹੋ ਗਈਆਂ ਹਨ। ਪੁਲਸ ਨੇ ਦੋ-ਚਾਰ ਦਿਨ ਦੀ ਮੁਹਿੰਮ ਤੋਂ ਬਾਅਦ ਇਨ੍ਹਾਂ ਹਦਾਇਤਾਂ ਨੂੰ ਭੁਲਾ ਦਿੱਤਾ ਹੈ। ਪਠਾਨਕੋਟ ਏਅਰਬੇਸ ਦੇ ਅੱਤਵਾਦੀ ਹਮਲੇ ਨੂੰ ਆਧਾਰ ਬਣਾ ਕੇ ਨਵਾਂਸ਼ਹਿਰ ਦੇ ਆਰ. ਟੀ. ਆਈ. ਕਾਰਕੁੰਨ ਪਰਵਿੰਦਰ ਸਿੰਘ ਕਿੱਤਨਾ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਦੇ ਮੁਖੀ ਨੂੰ ਇਕ ਪੱਤਰ ਲਿਖਿਆ ਸੀ। ਇਸ ਪੱਤਰ ਵਿਚ ਕਿੱਤਨਾ ਨੇ ਖ਼ੁਦ ਨੂੰ ਵੀ. ਆਈ. ਪੀ. ਦਰਸਾਉਣ ਲਈ ਵਾਹਨਾਂ 'ਤੇ ਰੋਅਬ ਪਾਉਣ ਵਾਲੇ ਵਿਸ਼ੇਸ਼ ਸ਼ਬਦ ਹਟਵਾਉਣ ਲਈ ਕਿਹਾ ਸੀ। ਪੱਤਰ ਵਿਚ ਨਿੱਜੀ ਵਾਹਨਾਂ ਤੋਂ ਆਰਮੀ, ਪੁਲਸ, ਪ੍ਰੈੱਸ, ਪ੍ਰਧਾਨ, ਚੇਅਰਮੈਨ, ਵੀ. ਆਈ. ਪੀ., ਸੈਕਟਰੀ, ਸਰਕਾਰੀ ਡਿਊਟੀ ਆਦਿ ਹਟਾਉਣ ਲਈ ਕਿਹਾ ਗਿਆ ਸੀ।
ਕਿੱਤਨਾ ਨੇ ਪੱਤਰ ਵਿਚ ਅਮਨ ਕਾਨੂੰਨ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਫੌਰੀ ਤੌਰ 'ਤੇ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ ਸੀ। ਜਨਵਰੀ ਦੇ ਪਹਿਲੇ ਹਫ਼ਤੇ ਲਿਖੇ ਗਏ ਇਸ ਪੱਤਰ ਦਾ ਅਸਰ ਫੌਰੀ ਤੌਰ 'ਤੇ ਹੋਇਆ ਸੀ। ਉਪ ਮੁੱਖ ਮੰਤਰੀ ਤੇ ਡੀ. ਜੀ. ਪੀ. ਦੀਆਂ ਹਦਾਇਤਾਂ ਵਾਲਾ ਪੱਤਰ ਅੱਗੇ ਸਮੂਹ ਪੁਲਸ ਕਮਿਸ਼ਨਰਾਂ ਅਤੇ ਸਾਰੇ ਪੁਲਸ ਜ਼ਿਲਿਆਂ ਦੇ ਸੀਨੀਅਰ ਪੁਲਸ ਕਪਤਾਨਾਂ ਨੂੰ ਮਿਲਿਆ। ਵੱਖ-ਵੱਖ ਸ਼ਹਿਰਾਂ ਵਿਚ ਟ੍ਰੈਫਿਕ ਪੁਲਸ ਹਰਕਤ ਵਿਚ ਆਈ ਅਤੇ ਅਜਿਹੇ ਵਾਹਨਾਂ ਦੇ ਮਾਲਕਾਂ ਨੂੰ ਤੁਰੰਤ ਇਹ ਪਲੇਟਾਂ 'ਤੇ ਸ਼ਬਦ ਹਟਾਉਣ ਦੀ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਗਈ, ਜਿਨ੍ਹਾਂ 'ਤੇ ਆਰਮੀ, ਪੁਲਸ ਜਾਂ ਅਜਿਹਾ ਕੁਝ ਹੋਰ ਲਿਖਿਆ ਮਿਲਿਆ।
ਪੁਲਸ ਕਰਮਚਾਰੀਆਂ ਨੇ ਹੱਥੀਂ ਇਨ੍ਹਾਂ ਨੂੰ ਲਾਹ ਸੁੱਟਿਆ। ਇਹ ਵੀ ਤਾੜਨਾ ਕੀਤੀ ਜਾਂਦੀ ਸੀ ਕਿ ਕੁਝ ਦਿਨ ਚਿਤਾਵਨੀ ਦੇਣ ਤੋਂ ਬਾਅਦ ਅਜਿਹੇ ਵਾਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ। ਇਸ ਪੱਤਰ ਦੇ ਅੱਜ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਇਹ ਮੁਹਿੰਮ ਕਿੱਧਰੇ ਨਜ਼ਰ ਨਹੀਂ ਆ ਰਹੀ। ਨਿਯਮਾਂ ਦਾ ਉਲੰਘਣ ਕਰ ਕੇ ਨੰਬਰ ਪਲੇਟਾਂ 'ਤੇ ਆਪਣੇ ਨਾਂ ਤੇ ਅਹੁਦੇ ਵਾਲੀਆਂ ਪਲੇਟਾਂ ਵਾਲੀਆਂ ਗੱਡੀਆਂ ਸਾਰੇ ਪੰਜਾਬ 'ਚ ਅੱਜ ਵੀ ਆਮ ਵਾਂਗ ਘੁੰਮ ਰਹੀਆਂ ਹਨ।
ਹਰੀਕੇ ਪੱਤਣ 'ਚ ਪਾਲੇ ਜਾਣਗੇ ਮਗਰਮੱਛ (ਤਸਵੀਰਾਂ)
NEXT STORY