ਲੌਂਗੋਵਾਲ (ਵਿਜੇ, ਵਸ਼ਿਸ਼ਟ)- ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਪ੍ਰਧਾਨ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 39ਵੀਂ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਤੋਂ ਨਾਰਾਜ਼ ਹੋਏ ਅਕਾਲੀ ਆਗੂਆਂ ਵੱਲੋਂ ਚਲਾਈ ਗਈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਇਕ ਵੱਖਰੀ ਸਿਆਸੀ ਕਾਨਫਰੰਸ ਰੱਖੀ ਗਈ। ਮੰਚ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ’ਤੇ ਜ਼ੋਰ ਦਿੱਤਾ, ਉੱਥੇ ਹੀ ਸਮੁੱਚੇ ਬੁਲਾਰਿਆਂ ਨੇ ਸੰਤ ਲੌਂਗੋਵਾਲ ਜੀ ਦੀ ਸੋਚ ਵਾਲੇ ਅਕਾਲੀ ਦਲ ਨੂੰ ਸਿਰਜਨਾ ਸਮੇਂ ਦੀ ਮੰਗ ਕਿਹਾ।
ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਆਪਣੇ ਮਿਸ਼ਨ ’ਚ ਜਲਦੀ ਸਫ਼ਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਚਾਰ ਦਹਾਕੇ ਪਹਿਲਾਂ ਪੰਥ ਅਤੇ ਪੰਜਾਬ ਦੇ ਭਲੇ ਦੀ ਸੋਚ ਲੈ ਕੇ ਤੁਰੇ ਸਨ, ਪਰ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਪੰਥ ਦੇ ਏਜੰਡਿਆਂ ਤੇ ਪੰਜਾਬ ਦੇ ਭਲੇ ਦੀ ਸੋਚ ਦੀ ਥਾਂ ਇਕ ਅਜਿਹੀ ਸੋਚ ਨੂੰ ਪ੍ਰਫੁੱਲਿਤ ਕੀਤਾ ਜਿਸ ਦਾ ਅਕਾਲੀ ਵਿਚਾਰਧਾਰਾ ਨਾਲ ਕੋਈ ਸਰੋਕਾਰ ਹੀ ਨਹੀਂ। ਹਰੇਕ ਜਥੇਬੰਦੀ ਦੀ ਭਰੋਸੇਯੋਗਤਾ ਉਸ ਦੇ ਸਿਧਾਂਤਾਂ, ਰਵਾਇਤਾਂ ਤੇ ਲੋਕ ਪੱਖੀ ਨੀਤੀਆਂ ਉੱਪਰ ਟਿਕੀ ਹੁੰਦੀ ਹੈ ਪਰ ਸੁਖਬੀਰ ਬਾਦਲ ਦੇ ਤਾਂ ਨੁਕਤੇ ਵੀ ਮੇਲ ਨਹੀਂ ਖਾਂਦੇ।
ਸੁਧਾਰ ਲਹਿਰ ਦੇ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਲਦੀ ਹੀ ਬੰਦੀ ਸਿੰਘਾਂ ਦੀ ਰਿਹਾਈ, ਪੰਥਕ ਮਸਲਿਆਂ ਤੇ ਪੰਜਾਬ ਦੇ ਹਿੱਤਾਂ ਲਈ ਸ਼ਕਤੀਸ਼ਾਲੀ ਸੰਘਰਸ਼ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਬਾਦਲ ਨੂੰ ਏਜੰਸੀਆਂ ਨੇ ਘੇਰਿਆ ਹੋਇਆ ਹੈ। ਏਜੰਸੀਆਂ ਹੀ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਕਾਰਵਾਈ ਤੇ ਗ਼ਲਤ ਕੰਮ ਕਰਵਾ ਰਹੀਆਂ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਹਰ ਪੰਜਾਬੀ ਨੂੰ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਕਾਰਜ ਕਰਨ ਵਾਲਿਆਂ ਤੇ ਬਰਬਾਦ ਕਰਨ ਵਾਲਿਆਂ ਨੂੰ ਪਛਾਣਨਾ ਪਵੇਗਾ। ਪਿਛਲੇ ਅਰਸੇ ਦੌਰਾਨ ਪੰਥਕ ਸਿਧਾਂਤਾਂ, ਰਵਾਇਤਾਂ ਤੇ ਸੰਸਥਾਵਾਂ ਦੀ ਮਰਿਆਦਾ ਦਾ ਜੋ ਨੁਕਸਾਨ ਹੋਇਆ ਇਸ ਦੀ ਕਿਧਰੇ ਕੋਈ ਮਿਸਾਲ ਨਹੀਂ ਮਿਲਦੀ।
ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ 'ਚ ਮਹਿਲਾ ਡਾਕਟਰ ਦੇ ਮਾਪਿਆਂ ਦਾ ਵੱਡਾ ਬਿਆਨ, ਕੀਤੇ ਕਈ ਅਹਿਮ ਖੁਲਾਸੇ
ਪਰਮਿੰਦਰ ਸਿੰਘ ਢੀਂਡਸਾ ਨੇ ਜ਼ਬਰਦਸਤ ਗਰਮੀ ਦੇ ਬਾਵਜੂਦ ਪਹੁੰਚੀ ਵੱਡੀ ਗਿਣਤੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਧਾਰ ਲਹਿਰ ਦੇ ਹੱਕ ’ਚ ਲੋਕ ਵਹੀਰਾਂ ਘੱਤ ਕੇ ਆਏ ਤੇ ਆਪ ਹੀ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਸੁਧਾਰ ਲਹਿਰ ਸ਼ੁਰੂ ਹੋਣ ਕਰ ਕੇ ਹੀ ਸੁਖਬੀਰ ਸਿੰਘ ਬਾਦਲ ਦੇ ਪੰਥ ਵਿਰੋਧੀ ਤੇ ਪੰਜਾਬ ਵਿਰੋਧੀ ਗਹਿਰੇ ਨੁਕਸ ਉਜਾਗਰ ਹੋਏ ਹਨ।
ਬਲਦੇਵ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਵਿਚਾਰਧਾਰਾ ਲੋਕਾਂ ਦੇ ਮਨਾਂ ’ਚ ਅਜਿਹੀਆਂ ਭਾਵਨਾਵਾਂ ਉਜਾਗਰ ਕਰਦੀ ਹੈ ਜੋ ਲੋਕਾਂ ਦੇ ਆਪਣੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਵਿਸ਼ਵਾਸਾਂ ਦੀ ਪੂਰਤੀ ਕਰਦਿਆਂ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਇਹ ਵਿਲੱਖਣ ਤਾਕਤ ਹੈ ਜੋ ਇਤਿਹਾਸ ਦਾ ਨਿਰਮਾਣ ਤੇ ਵਿਕਾਸ ਵੀ ਕਰਵਾਉਂਦੀ ਹੈ।
ਵੱਖ-ਵੱਖ ਬੁਲਾਰਿਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਭਾਵੇਂ ਭੌਤਿਕ ਰੂਪ ’ਚ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦੀ ਸੋਚ ਤੇ ਸੁਚੱਜੇ ਢੰਗ ਨਾਲ ਕੀਤੀ ਅਗਵਾਈ ਪੰਜਾਬੀਆਂ ਦੀ ਯਾਦ ਸ਼ਕਤੀ ਦਾ ਅੰਗ ਰਹੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਐਗਜ਼ਿਕਿਊਟਿਵ ਦੇ ਦੋ ਮੈਂਬਰਾਂ ਇੰਦਰਮੋਹਨ ਸਿੰਘ ਲਖਮੀਰਵਾਲਾ ਤੇ ਤੇਜਾ ਸਿੰਘ ਕਮਾਲਪੁਰ ਦੀ ਪਤਨੀ ਬੀਬੀ ਮਲਕੀਤ ਕੌਰ ਨੇ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜਣ ਤੇ ਅਕਾਲੀ ਸੋਚ ਨੂੰ ਪ੍ਰਚੰਡ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ- ਕੋਲਕਾਤਾ ਰੇਪ ਤੇ ਕਤਲ ਮਾਮਲੇ ਦੇ ਦੋਸ਼ੀ ਸੰਜੈ ਰਾਏ ਦੀ ਸੱਸ ਦਾ ਬਿਆਨ, ਕਿਹਾ-'ਸਜ਼ਾ ਤਾਂ ਮਿਲਣੀ ਚਾਹੀਦੀ ਹੈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੱਖੜੀ ਵਾਲੇ ਦਿਨ ਅਮਰੀਕਾ 'ਚ ਵਾਪਰੇ ਹਾਦਸੇ ਨੇ ਘਰ 'ਚ ਵਿਛਾ'ਤੇ ਸੱਥਰ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹੋਈ ਮੌਤ
NEXT STORY