ਜਲੰਧਰ (ਚੋਪੜਾ)— ਲੋਕ ਸਭਾ 'ਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬੀਤੇ ਦਿਨੀਂ ਪਾਸ ਕੀਤੇ ਗਏ 3 ਖੇਤੀ ਬਿੱਲ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਨਾਲ ਦਿੱਲੀ 'ਚ ਉਕਤ ਬਿੱਲਾਂ ਵਿਰੁੱਧ ਧਰਨਾ ਦੇਣਗੇ। ਉਕਤ ਸ਼ਬਦ ਪੰਜਾਬ ਦੇ ਜੇਲ ਅਤੇ ਸਹਿਕਾਰਤਾ ਮਾਮਲਿਆਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਹੇ।
ਰੰਧਾਵਾ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਸਿਆਸੀ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿਚ ਸਿਆਸੀ ਰੋਟੀਆਂ ਸੇਕਣ 'ਚ ਲੱਗਾ ਹੋਇਆ ਹੈ। ਪੰਜਾਬ ਦੀ ਕੈਪਟਨ ਸਰਕਾਰ ਉਕਤ ਕਾਨੂੰਨ ਵਿਰੁੱਧ ਕਿਸੇ ਵੀ ਹੱਦ ਤੱਕ ਜਾਵੇਗੀ ਅਤੇ ਇਸ ਮਾਮਲੇ 'ਚ ਜਲਦ ਸੁਪਰੀਮ ਕੋਰਟ ਵਿਚ ਵੀ ਰਿੱਟ ਪਟੀਸ਼ਨ ਦਾਇਰ ਕਰਕੇ ਇਸ ਨੂੰ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਉਕਤ ਖੇਤੀ ਬਿੱਲਾਂ ਨੂੰ 'ਕਾਲਾ ਕਾਨੂੰਨ' ਦੱਸਦਿਆਂ ਕਿਹਾ ਕਿ ਇਨ੍ਹਾਂ ਕਾਰਨ ਸੈਂਟਰਲ ਪੂਲ 'ਚ 50 ਫ਼ੀਸਦੀ ਯੋਗਦਾਨ ਪਾਉਣ ਵਾਲੇ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ ਕਿਸਾਨੀ ਬਰਬਾਦ ਹੋ ਜਾਵੇਗੀ।
ਰੰਧਾਵਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਰਵਾਏ ਵਰਚੁਅਲ ਕਿਸਾਨ ਮੇਲੇ 'ਚ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ਾਮਲ ਹੋਣ ਲਈ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ 'ਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਉਕਤ ਕਾਨੂੰਨਾਂ ਨਾਲ ਖੇਤੀਬਾੜੀ ਖੇਤਰ 'ਚ ਵੱਡੇ ਕਾਰਪੋਰੇਟ ਘਰਾਣਿਆਂ ਦੀ ਐਂਟਰੀ ਹੋਵੇਗੀ ਅਤੇ ਕਿਸਾਨਾਂ ਦਾ ਵੱਡੇ ਪੱਧਰ 'ਤੇ ਸ਼ੋਸ਼ਣ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਆੜ੍ਹਤੀਆਂ, ਪੱਲੇਦਾਰਾਂ, ਮਜ਼ਦੂਰਾਂ ਅਤੇ ਵਪਾਰੀਆਂ ਸਮੇਤ ਹਰੇਕ ਵਰਗ 'ਤੇ ਇਸ ਦਾ ਬੁਰਾ ਪ੍ਰਭਾਵ ਪਵੇਗਾ। ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਨ. ਐੱਸ. ਟੀ.) ਵਰਗੀਆਂ ਲਾਭਕਾਰੀ ਵਿਵਸਥਾਵਾਂ ਦੀ ਹੋਂਦ ਖਤਮ ਹੋ ਜਾਵੇਗੀ ਅਤੇ ਕਿਸਾਨਾਂ ਨੂੰ ਮਜਬੂਰ ਹੋ ਕੇ ਆਪਣੀ ਫਸਲ ਪ੍ਰਾਈਵੇਟ ਕੰਪਨੀਆਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਭਾਅ 'ਤੇ ਵੇਚਣ ਨੂੰ ਮਜਬੂਰ ਹੋਣਾ ਪਵੇਗਾ ਕਿਉਂਕਿ ਨਵੇਂ ਕਾਨੂੰਨ ਮੁਤਾਬਕ ਫਸਲ ਦੀ ਵਿਕਰੀ ਦੀ ਪੂਰੀ ਪ੍ਰਕਿਰਿਆ 'ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਦੇ ਵਿਕਾਸ 'ਚ ਪੰਜਾਬ ਅਤੇ ਦੂਜੇ ਸੂਬਿਆਂ ਦੇ ਕਿਸਾਨਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦਿਆਂ ਇਸ ਸਰਹੱਦੀ ਸੂਬੇ ਨੂੰ ਬਰਬਾਦ ਕਰਨ 'ਤੇ ਤੁਲੀ ਹੋਈ ਹੈ। ਉਨ੍ਹਾਂ ਮੋਦੀ ਸਰਕਾਰ ਤੋਂ ਤਿੰਨੋਂ ਖੇਤੀ ਬਿੱਲ ਜਲਦ ਵਾਪਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਰਾਜਿੰਦਰ ਬੇਰੀ, ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਜ਼ਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਲਾਲੀ, ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ, ਐਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਮੁੱਖ ਖੇਤੀਬਾੜੀ ਅਧਿਕਾਰੀ ਸੁਰਿੰਦਰ ਸਿੰਘ, ਵੇਰਕਾ ਦੇ ਜੀ. ਐੱਮ. ਆਸਿਤ ਸ਼ਰਮਾ, ਮਾਰਕਫੈੱਡ ਦੇ ਡੀ. ਐੱਮ. ਸਚਿਨ, ਜ਼ਿਲਾ ਯੂਥ ਕਾਂਗਰਸ ਪ੍ਰਧਾਨ ਅੰਗਦ ਦੱਤਾ ਆਦਿ ਵੀ ਮੌਜੂਦ ਸਨ।
ਮਿੰਨੀ ਬੱਸ ’ਚੋਂ ਉਤਰੀ ਲੜਕੀ, ਉਸੇ ਹੇਠ ਆਉਣ ਨਾਲ ਮੌਤ
NEXT STORY