ਜਲੰਧਰ(ਧਵਨ, ਸ਼ਰਮਾ)-ਪੰਜਾਬ ਤੇ ਮਹਾਰਾਸ਼ਟਰ ਦੇ ਸਹਿਕਾਰਤਾ ਮੰਤਰੀਆਂ ਦੀ ਮੌਜੂਦਗੀ ਵਿਚ ਅੱਜ ਮੁੰਬਈ ਵਿਚ 3 ਸਮਝੌਤਿਆਂ 'ਤੇ ਹਸਤਾਖਰ ਕੀਤੇ ਗਏ। ਮਾਰਕਫੈੱਡ ਨੇ ਆਪਣੇ ਉਤਪਾਦਾਂ ਦੀ ਵਿਕਰੀ ਗੁਜਰਾਤ ਦੇ ਬਡੋਦਰਾ ਤੋਂ ਬਾਅਦ ਮਹਾਰਾਸ਼ਟਰ ਦੇ ਸ਼ਹਿਰਾਂ ਵਿਚ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਮਹਾਰਾਸ਼ਟਰ ਵਿਚ ਵਿਕਰੀ ਕੇਂਦਰ ਸਥਾਪਤ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਮਹਾਰਾਸ਼ਟਰ ਦੇ ਸਹਿਕਾਰਤਾ ਤੇ ਟੈਕਸਟਾਈਲ ਮੰਤਰੀ ਸੁਭਾਸ਼ ਜੀ ਦੇਸ਼ਮੁਖ ਦੀ ਮੌਜੂਦਗੀ ਵਿਚ ਅੱਜ ਮਾਰਕਫੈੱਡ ਅਤੇ ਮਹਾਰਾਸ਼ਟਰ ਦੀਆਂ ਸਹਿਕਾਰਤਾ ਸੰਸਥਾਵਾਂ ਦਰਮਿਆਨ ਐੱਮ. ਓ. ਯੂ. 'ਤੇ ਹਸਤਾਖਰ ਕੀਤੇ ਗਏ। ਮੁੰਬਈ ਦੇ ਮਾਲਾਬਾਰ ਹਿਲਜ਼ ਦੇ ਸਰਕਾਰੀ ਗੈਸਟ ਹਾਊਸ ਵਿਚ ਦੋਵਾਂ ਸੂਬਿਆਂ ਦੇ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਲੰਬੀ ਬੈਠਕ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਿਰਸਾਨੀ ਦੋਵਾਂ ਸੂਬਿਆਂ ਦੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ। ਜੇਕਾਰ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਹੈ ਤਾਂ ਪੰਜਾਬ ਤੇ ਮਹਾਰਾਸ਼ਟਰ ਨੂੰ ਮਿਲ ਕੇ ਸਾਂਝੀ ਸਹਿਕਾਰਤਾ ਲਹਿਰ ਦੁਬਾਰਾ ਸ਼ੁਰੂ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਸਹਿਕਾਰਤਾ ਦੇ ਖੇਤਰ ਵਿਚ ਦੇਸ਼ ਦੀ ਅਗਵਾਈ ਕਰਨ ਦੀ ਸਮਰਥਾ ਰੱਖਦੇ ਹਨ, ਜਿਸ ਨਾਲ ਕਿਸਾਨਾਂ ਦਾ ਭਲਾ ਹੋਵੇਗਾ। ਰੰਧਾਵਾ ਨੇ ਕਿਹਾ ਕਿ ਕਿਸਾਨਾਂ ਕੋਲ ਘਟਦੀ ਜ਼ਮੀਨ ਕਾਰਨ ਅੱਜ ਕਿਰਸਾਨੀ ਸੰਕਟ ਵਿਚ ਹੈ। ਰੰਧਾਵਾ ਨੇ ਮਹਾਰਾਸ਼ਟਰ ਦੇ ਸਹਿਕਾਰਤਾ ਮੰਤਰੀ ਦੇਸ਼ਮੁਖ ਨੂੰ ਨਵੰਬਰ ਮਹੀਨੇ 'ਚ ਪੰਜਾਬ ਵਿਚ ਸਹਿਕਾਰਤਾ ਹਫਤੇ ਮੌਕੇ ਮੁੱਖ ਮਹਿਮਾਨ ਵਜੋਂ ਸੱਦਾ ਦਿੱਤਾ, ਜਿਸ ਨੂੰ ਉਨ੍ਹਾਂ ਮਨਜ਼ੂਰ ਕਰ ਲਿਆ। ਦੇਸ਼ਮੁਖ ਨੇ ਮਾਰਕਫੈੱਡ ਨੂੰ ਸੂਬੇ ਦੇ ਸਾਰੇ 35 ਜ਼ਿਲਿਆਂ ਵਿਚ ਆਪਣੇ ਉਤਪਾਦਾਂ ਨੂੰ ਵੇਚਣ ਦੀ ਬੇਨਤੀ ਕੀਤੀ ਤੇ ਨਾਲ ਹੀ ਕਿਹਾ ਕਿ ਮਹਾਰਾਸ਼ਟਰ ਮਾਰਕਫੈੱਡ ਵੱਲੋਂ ਤਿਆਰ ਕੀਤੇ ਜਾ ਰਹੇ ਉਤਪਾਦ ਪੰਜਾਬ ਦੇ 22 ਜ਼ਿਲਿਆਂ ਵਿਚ ਵੇਚੇ ਜਾਣਗੇ। ਅਗਲੇ ਦੋ ਮਹੀਨਿਆਂ 'ਚ ਸ਼ੋਲਾਪੁਰ, ਨਾਗਪੁਰ ਤੇ ਮੁੰਬਈ ਵਿਚ ਮਾਰਕਫੈੱਡ ਦੇ ਵਿਕਰੀ ਕੇਂਦਰ ਸਥਾਪਤ ਹੋਣਗੇ। ਇਸੇ ਤਰ੍ਹਾਂ ਦੋ ਮਹੀਨਿਆਂ ਵਿਚ ਪੰਜਾਬ 'ਚ ਪਹਿਲੇ ਪੜਾਅ 'ਚ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿਚ ਮਾਰਕਫੈੱਡ ਦੇ ਵਿਕਰੀ ਕੇਂਦਰਾਂ ਵਿਚ ਮਹਾਰਾਸ਼ਟਰ ਦੀਆਂ ਤਿੰਨਾਂ ਮਾਰਕਫੈੱਡ ਸੰਸਥਾਵਾਂ ਦੇ ਉਤਪਾਦ ਵੇਚੇ ਜਾਣਗੇ। ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਰੂਜ਼ਮ ਨੇ ਮਹਾਰਾਸ਼ਟਰ ਮਾਰਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਡਾ. ਯੋਗੇਸ਼ ਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਤਿੰਨਾਂ ਸਮਝੌਤਿਆਂ 'ਤੇ ਹਸਤਾਖਰ ਕੀਤੇ। ਇਸ ਮੌਕੇ ਅਮਰਜੀਤ ਸਮਰਾ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਸਹਿਕਾਰਤਾ ਤੇ ਮੁੱਖ ਸਕੱਤਰ ਡੀ. ਪੀ. ਰੈਡੀ, ਮਹਾਰਾਸ਼ਟਰ ਦੇ ਵਧੀਕ ਮੁੱਖ ਸਕੱਤਰ ਐੱਸ. ਐੱਸ. ਸੰਧੂ ਤੇ ਹੋਰ ਅਧਿਕਾਰੀ ਮੌਜੂਦ ਸਨ।
ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਦੀ ਸ਼ੱਕੀ ਹਾਲਤ ’ਚ ਮੌਤ
NEXT STORY