ਜਲੰਧਰ (ਸੁਨੀਲ ਧਵਨ)- ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸਵ. ਸੰਤੋਖ ਸਿੰਘ ਰੰਧਾਵਾ ਦੇ ਪੁੱਤਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਦਲੇ ਹੋਏ ਸਿਆਸੀ ਹਾਲਾਤ ’ਚ ਸੂਬੇ ’ਚ ਕਾਂਗਰਸ ਹਾਈਕਮਾਨ ਨੇ ਉੱਪ ਮੁੱਖ ਮੰਤਰੀ ਬਣਾਉਣ ਦੇ ਨਾਲ-ਨਾਲ ਗ੍ਰਹਿ ਵਿਭਾਗ ਦੀ ਮਹੱਤਵਪੂਰਨ ਜ਼ਿੰਮੇਵਾਰੀ ਵੀ ਸੌਂਪੀ ਹੋਈ ਹੈ ਅਤੇ ਇਸ ਸਮੇਂ ਸੂਬੇ ’ਚ ਉਹ ਕਾਂਗਰਸ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਹਨ ਅਤੇ ਇਸ ਸਮੇਂ ਸੂਬੇ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਡਰੱਗਜ਼ ਦਾ ਮੁੱਦਾ ਕਾਫ਼ੀ ਗਰਮਾਇਆ ਹੋਇਆ ਹੈ। ਇਸ ਸਬੰਧ ’ਚ ਰੰਧਾਵਾ ਨਾਲ ਵਿਸ਼ੇਸ਼ ਇੰਟਰਵਿਊ ਦੌਰਾਨ ਕੁਝ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਉਨ੍ਹਾਂ ਖੁੱਲ੍ਹ ਕੇ ਜਵਾਬ ਦਿੱਤੇ :
ਸ. ਪੰਜਾਬ ਵਿਚ ਚੰਨੀ ਸਰਕਾਰ ਬਣਨ ਤੋਂ ਬਾਅਦ ਵੀ ਅਜੇ ਤਕ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦਾ ਮਸਲਾ ਹੱਲ ਨਹੀਂ ਹੋਇਆ?
ਜ. ਸਾਨੂੰ ਕੰਮ ਕਰਨ ਲਈ ਹੁਣ ਤੱਕ ਸਿਰਫ਼ 2 ਮਹੀਨੇ ਦਾ ਸਮਾਂ ਮਿਲਿਆ ਹੈ। ਜੇਕਰ ਸਾਨੂੰ ਜ਼ਿਆਦਾ ਸਮਾਂ ਮਿਲਦਾ ਤਾਂ ਹੁਣ ਤੱਕ ਇਹ ਮਸਲਾ ਹੱਲ ਹੋ ਚੁੱਕਾ ਹੁੰਦਾ ਪਰ ਫਿਰ ਵੀ ਕਾਂਗਰਸ ਸਰਕਾਰ ਇਨ੍ਹਾਂ ਮਾਮਲਿਆਂ ਵਿਚ ਸਿੱਖ ਭਾਈਚਾਰੇ ਨੂੰ ਇਨਸਾਫ਼ ਦਿਵਾਉਣ ਲਈ ਪੂਰੀ ਵਾਹ ਲਾ ਰਹੀ ਹੈ।
ਸ. ਫਿਰ ਇਹ ਮਸਲਾ ਕਿਵੇਂ ਹੱਲ ਹੋਵੇਗਾ?
ਜ. ਅਸਲ ਵਿਚ ਇਸ ਮਾਮਲੇ ਵਿਚ ਕੁਝ ਸੰਵੇਦਨਸ਼ੀਲ ਲੋਕਾਂ ਤੋਂ ਪੁੱਛਗਿੱਛ ਦੀ ਲੋੜ ਹੈ। ਜਦੋਂ ਵੀ ਉਨ੍ਹਾਂ ਤੋਂ ਪੁੱਛਗਿੱਛ ਦਾ ਸਮਾਂ ਆਉਂਦਾ ਹੈ ਤਾਂ ਉਹ ਹਾਈ ਕੋਰਟ ਦੀ ਸ਼ਰਨ ਲੈ ਲੈਂਦੇ ਹਨ। ਇਸ ਦੇ ਬਾਵਜੂਦ ਪੰਜਾਬ ਸਰਕਾਰ ਹਾਈ ਕੋਰਟ ਵਿਚ ਵੀ ਆਪਣਾ ਪੱਖ ਮਜ਼ਬੂਤੀ ਨਾਲ ਰੱਖ ਰਹੀ ਹੈ। ਅਸੀਂ ਧਾਰਮਿਕ ਬੇਅਦਬੀ ਦੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ’ਤੇ ਬਚਣ ਨਹੀਂ ਦੇਵਾਂਗੇ ਅਤੇ ਉਨ੍ਹਾਂ ਨੂੰ ਸਜ਼ਾ ਦਿਵਾ ਕੇ ਹੀ ਦਮ ਲਵਾਂਗੇ। ਪਿਛਲੇ ਸਾਢੇ ਚਾਰ ਸਾਲਾਂ ਵਿਚ ਕੁਝ ਨਹੀਂ ਹੋਇਆ। ਅਜਿਹੀ ਸਥਿਤੀ ’ਚ ਜਨਤਾ ਨੇ ਹੁਣ ਸਾਡੇ ਮੋਢਿਆਂ ’ਤੇ ਜੋ ਜ਼ਿੰਮੇਵਾਰੀ ਪਾਈ ਹੈ, ਉਸ ਨੂੰ ਪੂਰੀ ਤਰ੍ਹਾਂ ਨਿਭਾਇਆ ਜਾਵੇਗਾ।
ਸ. ਡਰੱਗਜ਼ ਦੇ ਮਾਮਲੇ ’ਚ ਵੀ ਵੱਡੇ ਮਗਰਮੱਛਾਂ ’ਤੇ ਅਜੇ ਤੱਕ ਹੱਥ ਨਹੀਂ ਪਾਇਆ ਗਿਆ ਹੈ।
ਜ. ਡਰੱਗਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਵੱਡੇ ਮਗਰਮੱਛਾਂ ਦੇ ਫੜੇ ਜਾਣ ਦੀ ਸੰਭਾਵਨਾ ਹੈ।
ਸ. ਹਾਈ ਕੋਰਟ ਵਿਚ ਪਈ ਰਿਪੋਰਟ ਨੂੰ ਲੈ ਕੇ ਵਾਰ-ਵਾਰ ਸਵਾਲ ਉਠਾਏ ਜਾ ਰਹੇ ਹਨ?
ਜ. ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਡਰੱਗ ਰੈਕੇਟ ਦੀ ਜਾਂਚ ਕਰਨ ਤੋਂ ਨਹੀਂ ਰੋਕਿਆ। ਅਸੀਂ ਪੁਲਸ ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ ਹੈ ਤਾਂ ਜੋ ਵੱਡੇ ਮਗਰਮੱਛਾਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਡਰੱਗਜ਼ ਰੈਕੇਟ ਨੂੰ ਲੈ ਕੇ ਜੋ ਵੀ ਰਾਜਨੇਤਾ ਰੌਲਾ ਪਾ ਰਹੇ ਹਨ ਪਰ ਦਾਲ ’ਚ ਕੁਝ ਨਾ ਕੁਝ ਕਾਲਾ ਜ਼ਰੂਰ ਨਜ਼ਰ ਆ ਰਿਹਾ ਹੈ।
ਸ. ਪੰਜਾਬ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਏ. ਡੀ. ਜੀ. ਪੀ. ਐੱਸ. ਕੇ. ਅਸਥਾਨਾ ਨੇ ਛੁੱਟੀ ਲੈ ਲਈ ਹੈ ਅਤੇ ਡਰੱਗਜ਼ ਮਾਮਲੇ ’ਚ ਜਾਂਚ ਕਰਨ ਤੋਂ ਇਨਕਾਰ ਕੀਤਾ ਹੈ?
ਜ. ਮੈਂ ਅਜੇ ਇਸ ਮਾਮਲੇ ਨੂੰ ਡੂੰਘਾਈ ਨਾਲ ਦੇਖਣਾ ਹੈ ਪਰ ਅਜੇ ਫਿਲਹਾਲ ਜਲਦਬਾਜ਼ੀ ’ਚ ਕੁਝ ਕਹਿਣਾ ਸਹੀ ਨਹੀਂ ਹੋਵੇਗਾ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਜਲੰਧਰ 'ਚ ਬਣੇਗਾ ਇੰਟਰਨੈਸ਼ਨਲ ਏਅਰਪੋਰਟ
ਸ. ਏ. ਡੀ. ਜੀ. ਪੀ. ਅਸਥਾਨਾ ਦਾ ਪੱਤਰ ਲੀਕ ਹੋ ਗਿਆ ਹੈ। ਤੁਸੀਂ ਕੀ ਕਹਿਣਾ ਚਾਹੋਗੇ?
ਜ. ਏ. ਡੀ. ਜੀ. ਪੀ. ਅਸਥਾਨਾ ਦਾ ਪੱਤਰ ਮੀਡੀਆ ’ਚ ਕਿਵੇਂ ਲੀਕ ਹੋਇਆ ਹੈ, ਇਸ ਦੀ ਜਾਂਚ ਸਰਕਾਰ ਵੱਲੋਂ ਜ਼ਰੂਰ ਕਰਵਾਈ ਜਾਵੇਗੀ। ਪੰਜਾਬ ਪੁਲਸ ਦੇ ਅੰਦਰੂਨੀ ਮਾਮਲੇ ਕਿਸ ਤਰ੍ਹਾਂ ਬਾਹਰ ਨਿਕਲ ਗਏ ਹਨ, ਇਹ ਪਤਾ ਲਗਾਉਣਾ ਜ਼ਰੂਰੀ ਹੈ। ਉਹ ਚੰਡੀਗੜ੍ਹ ਪਹੁੰਚ ਰਹੇ ਹਨ ਅਤੇ ਇਸ ਸਬੰਧੀ ਡੀ. ਜੀ. ਪੀ. ਨਾਲ ਗੱਲ ਕਰ ਕੇ ਮਾਮਲੇ ਦੀ ਜਾਂਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣਗੇ। ਇਸ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਸ. ਪੱਤਰ ’ਚ ਇਹ ਗੱਲ ਕਹੀ ਗਈ ਹੈ ਕਿ ਪੁਲਸ ਅਧਿਕਾਰੀਆਂ ’ਤੇ ਅਕਾਲੀ ਆਗੂਆਂ ਖਿਲਾਫ ਕਾਰਵਾਈ ਕਰਨ ਲਈ ਸਰਕਾਰ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ?
ਜ. ਅਜਿਹੀ ਕੋਈ ਗੱਲ ਨਹੀਂ ਹੈ। ਕਿਸੇ ਪੁਲਸ ਅਧਿਕਾਰੀ ’ਤੇ ਕੋਈ ਦਬਾਅ ਨਹੀਂ ਹੈ। ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਡਰੱਗਜ਼ ਮਾਮਲੇ ਦੀ ਜਾਂਚ ਕਰਨ ਤੋਂ ਰੋਕਿਆ ਨਹੀਂ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰਕੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਮੁਆਫ਼ ਨਹੀਂ ਕੀਤਾ ਜਾ ਸਕਦਾ।
ਸ. ਕੀ ਤੁਹਾਨੂੰ ਲੱਗਦਾ ਹੈ ਕਿ ਚੋਣਾਂ ਤੋਂ ਪਹਿਲਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਨਸ਼ਿਆਂ ਦਾ ਮਾਮਲਾ ਹੱਲ ਕਰ ਲਿਆ ਜਾਵੇਗਾ?
ਜ. ਮੌਜੂਦਾ ਪੰਜਾਬ ਸਰਕਾਰ ਦੀ ਨੀਅਤ ’ਤੇ ਕਿਸੇ ਵੀ ਪੰਜਾਬੀ ਨੂੰ ਸ਼ੱਕ ਨਹੀਂ ਹੈ। ਪਿਛਲੇ ਸਾਢੇ ਚਾਰ ਸਾਲਾਂ ਵਿਚ ਸਾਨੂੰ ਜਾਂਚ ਦੇ ਕੰਮ ਨਾਲ ਜੋੜਿਆ ਹੀ ਨਹੀਂ ਗਿਆ। ਮੀਟਿੰਗਾਂ ਬੰਦ ਕਮਰਿਆਂ ਵਿਚ ਹੁੰਦੀਆਂ ਸਨ। ਅਸੀਂ ਬਾਹਰ ਹੀ ਰਹਿੰਦੇ ਸਾਂ। ਹੁਣ ਜ਼ਿੰਮੇਵਾਰੀ ਮਿਲੀ ਹੈ ਤਾਂ ਉਸ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ।
ਸ. ਜੇਕਰ ਇਹ ਮੁੱਦੇ ਹੱਲ ਨਾ ਹੋਏ ਤਾਂ ਕੀ ਚੋਣਾਂ ਵਿਚ ਕਾਂਗਰਸ ਨੂੰ ਨੁਕਸਾਨ ਹੋਵੇਗਾ?
ਜ. ਮੈਨੂੰ ਨਹੀਂ ਲੱਗਦਾ ਕਿ ਅਜਿਹਾ ਕੁਝ ਹੋਵੇਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਸਰਕਾਰ ’ਤੇ ਪੂਰਾ ਭਰੋਸਾ ਹੈ ਅਤੇ ਅਸੀਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਕੇ ਹੀ ਦਮ ਲਵਾਂਗੇ।
ਸ. ਪੰਜਾਬ ’ਚ ਅਕਾਲੀ ਦਲ ਨੇ ਵੀ ਕਾਂਗਰਸ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਹ ਸੁਖਬੀਰ ਤੇ ਮਜੀਠੀਆ ਖ਼ਿਲਾਫ਼ ਈਰਖਾ ਦੀ ਭਾਵਨਾ ਨਾਲ ਕੇਸ ਦਰਜ ਕਰਵਾਉਣਾ ਚਾਹੁੰਦੀ ਹੈ?
ਜ. ਜੇਕਰ ਉਹ ਬੇਕਸੂਰ ਹਨ ਤਾਂ ਫਿਰ ਉਨ੍ਹਾਂ ਨੂੰ ਡਰਨ ਦੀ ਕੀ ਜ਼ਰੂਰਤ ਹੈ। ਕਾਂਗਰਸ ਸਰਕਾਰ ਕਿਸੇ ਵੀ ਬੇਕਸੂਰ ਵਿਰੁੱਧ ਬਦਲੇ ਦੀ ਭਾਵਨਾ ਨਾਲ ਕਾਰਵਾਈ ਨਹੀਂ ਕਰੇਗੀ ਪਰ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਪੁਲਸ ਮੁਲਾਜ਼ਮ ਤੇ ਪਤਨੀ ਦੀ ਮੌਤ
ਦਿੱਲੀ ’ਚ ਡਰਾਇੰਗ ਰੂਮ ’ਚ ਬੈਠ ਕੇ ਹੋਣ ਵਾਲੇ ਚੋਣ ਸਰਵੇਖਣ ਕਦੇ ਵੀ ਸਹੀ ਨਹੀਂ ਨਿਕਲੇ
ਸੁਖਜਿੰਦਰ ਰੰਧਾਵਾ ਦਾ ਮੰਨਣਾ ਹੈ ਕਿ ਦਿੱਲੀ ’ਚ ਡਰਾਇੰਗ ਰੂਮ ’ਚ ਬੈਠ ਕੇ ਕੀਤੇ ਜਾਣ ਵਾਲੇ ਚੋਣ ਸਰਵੇਖਣ ਕਦੇ ਵੀ ਸਹੀ ਨਹੀਂ ਨਿਕਲੇ ਹਨ। ਉਨ੍ਹਾਂ ਕਿਹਾ ਕਿ ਚੋਣ ਸਰਵੇਖਣਾਂ ’ਚ ਭਾਵੇਂ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਪੇਸ਼ ਕੀਤਾ ਜਾ ਰਿਹਾ ਹੈ ਪਰ ਪਿਛਲੀ ਵਾਰ ਵੀ 2017 ’ਚ ਕਾਂਗਰਸ ਨੂੰ 35 ਤੋਂ 40 ਸੀਟਾਂ ਦਿੱਤੀਆਂ ਜਾ ਰਹੀ ਸਨ। ਚੋਣ ਨਤੀਜੇ ਜਦੋਂ ਆਏ ਤਾਂ ਕਾਂਗਰਸ ਨੂੰ ਜਨਤਾ ਨੇ ਸਪੱਸ਼ਟ ਬਹੁਮਤ ਦਿੱਤਾ। ਉਨ੍ਹਾਂ ਕਿਹਾ ਕਿ ਵੈਸੇ ਵੀ ਜੇਕਰ ਵੇਖਿਆ ਜਾਵੇ ਤਾਂ ਪਿਛਲੇ ਕੁਝ ਸਮੇਂ ਦੌਰਾਨ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਜੋ ਸਰਵੇਖਣ ਕੀਤੇ ਜਾਂਦੇ ਹਨ ਉਨ੍ਹਾਂ ਦੇ ਨਤੀਜੇ ਸਹੀ ਨਹੀਂ ਆਏ ਹਨ।
ਕੇਜਰੀਵਾਲ ’ਤੇ ਪੰਜਾਬੀ ਭਰੋਸਾ ਨਹੀਂ ਕਰਨਗੇ
ਸੁਖਜਿੰਦਰ ਰੰਧਾਵਾ ਦਾ ਮੰਨਣਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਦੇ ਲੋਕ ਭਰੋਸਾ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜੋ ਐਲਾਨ ਪੰਜਾਬ ’ਚ ਕਰ ਰਹੇ ਹਨ, ਪਹਿਲਾਂ ਉਨ੍ਹਾਂ ਨੂੰ ਇਨ੍ਹਾਂ ਨੂੰ ਦਿੱਲੀ ’ਚ ਲਾਗੂ ਕਰਨ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਝਾ ਅਤੇ ਦੋਆਬਾ ਖੇਤਰ ’ਚ ਆਮ ਆਦਮੀ ਪਾਰਟੀ ਦਾ ਕੋਈ ਲੋਕ ਆਧਾਰ ਨਹੀਂ ਹੈ। ਪਠਾਨਕੋਟ ’ਚ ਵੀ ਕੇਜਰੀਵਾਲ ਨੇ ਤਿਰੰਗਾ ਯਾਤਰਾ ਕੱਢੀ ਸੀ ਅਤੇ ਹੁਣ ਕੱਲ ਉਹ ਜਲੰਧਰ ’ਚ ਤਿਰੰਗਾ ਯਾਤਰਾ ਕੱਢਣ ਜਾ ਰਹੇ ਹਨ। ਇਸ ਦਾ ਕੋਈ ਪ੍ਰਭਾਵ ਜਨਤਾ ’ਤੇ ਵਿਖਾਈ ਨਹੀਂ ਦੇ ਰਿਹਾ ਹੈ। ਇਸੇ ਤਰ੍ਹਾਂ ਮਾਲਵਾ ’ਚ ਵੀ ਆਮ ਆਦਮੀ ਪਾਰਟੀ ’ਚ ਮਜ਼ਬੂਤੀ ਵਿਖਾਈ ਨਹੀਂ ਦੇ ਰਹੀ ਹੈ।
ਅਕਾਲੀ ਦਲ ਨਾਲੋਂ ਵੱਡੀਆਂ ਰੈਲੀਆਂ ਕਾਂਗਰਸ ਵੀ ਕਰੇਗੀ
ਅਕਾਲੀ ਦਲ ਵੱਲੋਂ ਅੱਜ ਮੋਗਾ ’ਚ ਕੀਤੀ ਗਈ ਰੈਲੀ ਦੇ ਜਵਾਬ ’ਚ ਉਪ-ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨਾਲੋਂ ਵੱਡੀਆਂ ਰੈਲੀਆਂ ਕਾਂਗਰਸ ਵੀ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਵੀ ਸੂਬੇ ’ਚ 4-5 ਵੱਡੀਆਂ ਰੈਲੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਵੇਖਦੇ ਹੋਏ ਸਾਰੀਆਂ ਪਾਰਟੀਆਂ ਰੈਲੀਆਂ ਕਰਦੀਆਂ ਹਨ ਅਤੇ ਲੋਕਤੰਤਰ ’ਚ ਸਾਰਿਆਂ ਨੂੰ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ।
ਚੋਣਾਂ ਤੋਂ ਬਾਅਦ ਮੁੱਖ ਮੰਤਰੀ ਕੌਣ ਹੋਵੇਗਾ?
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਵਿਧਾਨ ਸਭਾ ਚੋਣਾਂ ’ਚ ਜੇਕਰ ਕਾਂਗਰਸ ਨੂੰ ਬਹੁਮਤ ਮਿਲਦਾ ਹੈ ਤਾਂ ਮੁੱਖ ਮੰਤਰੀ ਕੌਣ ਬਣੇਗਾ। ਇਸ ਦਾ ਜਵਾਬ ਦਿੰਦੇ ਹੋਏ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੀ ਮੁੱਖ ਮੰਤਰੀ ਚੁਣਨ ਦੀ ਆਪਣੀ ਇਕ ਪ੍ਰਥਾ ਹੈ ਅਤੇ ਉਸ ਨੂੰ ਹੀ ਅਪਨਾਇਆ ਜਾਵੇਗਾ। ਇਸ ਸਮੇਂ ਤਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ, ਜੋ ਵਧੀਆ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ’ਚ ਕਾਂਗਰਸ ਸਰਕਾਰ ਨੇ ਕਈ ਵਾਅਦਿਆਂ ਨੂੰ ਪੂਰਾ ਕੀਤਾ ਅਤੇ ਨਾਲ ਹੀ ਜਨਤਾ ਨੂੰ ਕਈ ਤਰ੍ਹਾਂ ਦੀਆਂ ਰਿਆਇਤਾਂ ਵੀ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਬੱਸਾਂ ਰਾਹੀਂ ਹਿਮਾਚਲ ਸਮੇਤ ਹੋਰ ਪਹਾੜੀ ਸੂਬਿਆਂ ਨੂੰ ਜਾਣ ਵਾਲਿਆਂ ਦੀਆਂ ਵਧੀਆਂ ਮੁਸ਼ਕਿਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਸਥਾਨਾ ਦੀ ਲੀਕ ਚਿੱਠੀ 'ਤੇ ਭਖੀ ਸਿਆਸਤ, ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਘੇਰਿਆ
NEXT STORY